ਕੈਨੇਡੀਅਨ ਡਾਕਟਰਾਂ ਦਾ ਕਮਾਲ, 64 ਸਾਲਾ ਵਿਅਕਤੀ ਨੂੰ ਦਿੱਤੀ ਨਵੀਂ ਜ਼ਿੰਦਗੀ

09/13/2018 5:46:52 PM

ਮਾਂਟਰੀਆਲ (ਏਜੰਸੀ)— ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ, ਜੋ ਕਿ ਬੀਮਾਰ ਅਤੇ ਹਾਦਸੇ ਦੇ ਸ਼ਿਕਾਰ ਹੋਏ ਮਰੀਜ਼ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਦਾ ਹੈ। ਕੈਨੇਡੀਅਨ ਡਾਕਟਰਾਂ ਦੀ ਇਕ ਟੀਮ ਨੇ ਇਕ ਅਜਿਹੇ ਹੀ ਆਪਰੇਸ਼ਨ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਹੈ। ਡਾਕਟਰਾਂ ਨੇ ਮਾਂਟਰੀਆਲ ਦੇ ਰਹਿਣ ਵਾਲੇ ਇਕ 64 ਸਾਲਾ ਵਿਅਕਤੀ ਮੌਰਿਸ ਡਿਸਜਾਰਡਸ ਨੂੰ ਨਵੀਂ ਜ਼ਿੰਦਗੀ ਬਖਸ਼ੀ ਹੈ। ਕੈਨੇਡੀਅਨ ਡਾਕਟਰਾਂ ਦੀ ਟੀਮ ਨੇ ਮੌਰਿਸ ਦੇ ਚਿਹਰੇ ਦੀ ਪਲਾਸਟਿਕ ਸਰਜਰੀ ਕੀਤੀ। ਮਾਂਟਰੀਆਲ ਦੇ ਮੈਸੇਨਿਊਵੇਅ-ਰੋਜ਼ਮੋਂਟ ਹਸਪਤਾਲ ਦੇ ਡਾਕਟਰਾਂ ਦੀ ਟੀਮ ਨੇ ਪਹਿਲੀ ਵਾਰ ਚਿਹਰੇ ਦੇ ਟਰਾਂਸਪਲਾਂਟ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ। ਚਿਹਰੇ ਦੀ ਪਲਾਸਟਿਕ ਸਰਜਰੀ ਲਈ ਡਾਕਟਰਾਂ ਦੀ ਟੀਮ ਨੂੰ ਲੀਡ ਕਰ ਰਹੇ ਡਾ. ਡੈਨੀਅਲ ਬੋਰਕੁਸ ਨੇ ਕਿਹਾ ਕਿ ਅਜਿਹੀ ਸਰਜਰੀ ਲਈ ਕੈਨੇਡੀਅਨ ਡਾਕਟਰਾਂ ਵਲੋਂ ਪਹਿਲੀ ਵਾਰ ਕੋਸ਼ਿਸ਼ ਕੀਤੀ ਗਈ।

PunjabKesari

ਡਾਕਟਰ ਨੇ ਦੱਸਿਆ ਕਿ ਸਾਲ 2011 ਵਿਚ ਮੌਰਿਸ ਦਾ ਸ਼ਿਕਾਰ ਦੌਰਾਨ ਚਿਹਰਾ ਬੁਰੀ ਤਰ੍ਹਾਂ ਨਾਲ ਵਿਗੜ ਗਿਆ ਸੀ। ਉਹ ਮਈ 2011 ਤੋਂ ਹੀ ਅਸਹਿ ਦਰਦ ਨੂੰ ਸਹਿਣ ਕਰ ਰਿਹਾ ਸੀ, ਹਾਲਾਂਕਿ ਇਸ ਦੌਰਾਨ ਉਸ ਦੇ ਚਿਹਰੇ ਦੀਆਂ 5 ਸਰਜਰੀਆਂ ਕੀਤੀਆਂ ਗਈਆਂ ਪਰ ਫਿਰ ਵੀ ਉਸ ਦਾ ਚਿਹਰਾ ਸਹੀ ਤਰੀਕੇ ਨਾਲ ਠੀਕ ਨਹੀਂ ਹੋ ਸਕਿਆ ਸੀ। ਡਾਕਟਰ ਡੈਨੀਅਲ ਨੇ ਦੱਸਿਆ ਕਿ ਮੌਰਿਸ ਦਾ ਚਿਹਰਾ ਵਿਗੜ ਚੁੱਕਾ ਸੀ, ਉਹ ਬਿਨਾਂ ਨੱਕ, ਬੁੱਲ੍ਹ, ਜਬਾੜੇ ਅਤੇ ਦੰਦਾਂ ਦੇ ਰਹਿ ਰਿਹਾ ਸੀ। ਅਜਿਹੇ ਵਿਚ ਉਸ ਦੀ ਜ਼ਿੰਦਗੀ ਬਹੁਤ ਮੁਸ਼ਕਲ ਲੰਘ ਰਹੀ ਸੀ। ਮੌਰਿਸ ਦੇ ਚਿਹਰੇ ਦਾ ਟਰਾਂਸਪਲਾਂਟ ਕਰ ਕੇ ਡਾਕਟਰਾਂ ਨੇ ਉਸ ਨੂੰ ਜਿਵੇਂ ਦੂਜੀ ਵਾਰ ਜ਼ਿੰਦਗੀ ਜਿਊਣ ਦਾ ਮੌਕਾ ਦਿੱਤਾ ਹੈ।

 

PunjabKesari

ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੌਰਿਸ ਦੇ ਚਿਹਰੇ ਦੀ ਸਰਜਰੀ ਲਈ ਤਕਰੀਬਨ 30 ਘੰਟੇ ਲੱਗੇ, ਜੋ ਕਿ ਆਪਣੇ-ਆਪ ਵਿਚ ਇਕ ਰਿਕਾਰਡ ਹੈ। ਡਾਕਟਰ ਡੈਨੀਅਲ ਨੇ ਦੱਸਿਆ, ''ਤਕਰੀਬਨ ਸਾਢੇ 7 ਸਾਲ ਮੌਰਿਸ ਆਪਣੇ ਵਿਗੜੇ ਹੋਏ ਚਿਹਰੇ ਨਾਲ ਜ਼ਿੰਦਾ ਰਹਿੰਦਾ ਰਿਹਾ। ਇਕ ਹਫਤਾ ਉਹ ਆਈ. ਸੀ. ਯੂ. 'ਚ ਰਿਹਾ ਅਤੇ 30 ਘੰਟੇ ਚੱਲੀ ਸਰਜਰੀ ਤੋਂ ਬਾਅਦ ਉਸ ਨੂੰ ਨਵਾਂ ਚਿਹਰਾ ਮਿਲਿਆ। ਸਰਜਰੀ ਤੋਂ ਬਾਅਦ ਪਹਿਲੀ ਵਾਰ ਆਪਣੇ ਚਿਹਰੇ ਨੂੰ ਦੇਖ ਕੇ ਮੌਰਿਸ ਹੈਰਾਨ ਰਹਿ ਗਿਆ ਅਤੇ ਉਸ ਨੇ ਮੈਨੂੰ ਬਹੁਤ ਵਧੀਆ ਕਹਿੰਦੇ ਹੋਏ ਗਲ ਨਾਲ ਲਾ ਲਿਆ।''


Related News