ਪੜ੍ਹਾਈ ਲਈ ਅਮਰੀਕਾ, ਕੈਨੇਡਾ ਤੇ ਆਸਟ੍ਰੇਲੀਆ ਭਾਰਤੀਆਂ ਦੀ ਪਹਿਲੀ ਪਸੰਦ, ਯੂ. ਕੇ. ਰਹਿ ਗਿਆ ਪਿੱਛੇ

09/13/2018 5:41:18 PM

ਲੰਡਨ (ਏਜੰਸੀ)— ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀ ਉੱਚ ਸਿੱਖਿਆ ਲਈ ਵਿਦੇਸ਼ਾਂ ਦਾ ਰੁਖ਼ ਕਰਦੇ ਹਨ। ਜ਼ਿਆਦਾਤਰ ਵਿਦਿਆਰਥੀਆਂ ਦਾ ਰੁਝਾਨ ਅਮਰੀਕਾ, ਆਸਟ੍ਰੇਲੀਆ ਅਤੇ ਕੈਨੇਡਾ ਜਾ ਕੇ ਪੜ੍ਹਾਈ ਕਰਨ ਦਾ ਹੈ। ਭਾਰਤ, ਚੀਨ ਅਤੇ ਹੋਰ ਦੇਸ਼ਾਂ ਦੇ ਵਿਦਿਆਰਥੀ ਇਨ੍ਹਾਂ ਦੇਸ਼ਾਂ 'ਚ ਪੜ੍ਹਾਈ ਲਈ ਜਾਂਦੇ ਹਨ। ਜੇਕਰ ਗੱਲ ਇਕੱਲੇ ਭਾਰਤੀ ਵਿਦਿਆਰਥੀਆਂ ਦੀ ਕੀਤੀ ਜਾਵੇ, ਤਾਂ ਇਨ੍ਹਾਂ ਦਾ ਰੁਝਾਨ ਯੂ. ਕੇ. ਦੀਆਂ ਯੂਨੀਵਰਸਿਟੀਆਂ ਵਿਚ ਪੜ੍ਹਨ ਦਾ ਸੀ ਪਰ ਦੁਨੀਆ ਭਰ 'ਚ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਵਧਦੇ ਮੁਕਾਬਲੇ ਕਾਰਨ ਯੂ. ਕੇ. ਦੀਆਂ ਯੂਨੀਵਰਸਿਟੀਆਂ ਵਿਚ ਜਾ ਕੇ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਤੇਜ਼ੀ ਨਾਲ ਗਿਰਾਵਟ ਆਈ ਹੈ।

ਇਹ ਗੱਲ ਇਕ ਰਿਪੋਰਟ ਵਿਚ ਸਾਹਮਣੇ ਆਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹਾਲ ਹੀ ਦੇ ਸਾਲਾਂ ਵਿਚ ਯੂ. ਕੇ. ਵਿਚ ਭਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਘਟ ਗਈ ਹੈ, ਜਦਕਿ ਚੀਨ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਪਹਿਲਾਂ ਜਿੰਨੀ ਹੀ ਹੈ। ਜੇਕਰ ਗੱਲ 2010-11 ਦੇ ਅੰਕੜਿਆਂ ਦੀ ਕੀਤੀ ਜਾਵੇ ਤਾਂ ਯੂ. ਕੇ. ਆਉਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ 24,000 ਸੀ, ਜੋ ਕਿ 2016-17 ਵਿਚ ਘਟ ਕੇ 10,000 ਤੋਂ ਵੀ ਘਟ ਰਹਿ ਗਈ। ਇਹ ਰਿਪੋਰਟ ਯੂ. ਕੇ. ਸਰਕਾਰ ਦੀ ਮਾਈਗ੍ਰੇਸ਼ਨ ਐਡਵਾਈਜ਼ਰੀ ਕਮੇਟੀ (ਐੱਮ. ਏ. ਸੀ.) ਵਲੋਂ ਪੇਸ਼ ਕੀਤੀ ਗਈ ਹੈ, ਜਿਸ ਵਿਚ ਯੂ. ਕੇ. 'ਚ ਆ ਕੇ ਪੜ੍ਹਾਈ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ 'ਤੇ ਅਧਿਐਨ ਕਰਨ ਨੂੰ ਕਿਹਾ ਗਿਆ ਸੀ।

ਇਸ ਰਿਪੋਰਟ ਤੋਂ ਇਹ ਅਨੁਮਾਨ ਲਾਇਆ ਗਿਆ ਕਿ ਸਾਲ 2010 ਤੋਂ ਬਾਅਦ 11 ਫੀਸਦੀ ਅੰਕਾਂ ਨਾਲ ਗਿਣਤੀ ਘਟਦੀ ਗਈ, ਜਦਕਿ ਦੂਜੇ ਪਾਸੇ ਭਾਰਤੀ ਵਿਦਿਆਰਥੀਆਂ ਦਾ ਰੁਖ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵੱਲ ਜ਼ਿਆਦਾ ਹੋ ਗਿਆ। ਸਾਲ 2015-16 ਵਿਚ ਭਾਰਤੀ ਵਿਦਿਆਰਥੀ ਸਭ ਤੋਂ ਵੱਧ ਅਮਰੀਕਾ ਗਏ ਹਨ, ਜਿਨ੍ਹਾਂ ਦੀ ਗਿਣਤੀ 1 ਲੱਖ 13 ਹਜ਼ਾਰ ਹੈ। ਦੂਜੇ ਨੰਬਰ 'ਤੇ ਆਸਟ੍ਰੇਲੀਆ ਆਉਂਦਾ ਹੈ, ਜਿੱਥੇ 46,000 ਵਿਦਿਆਰਥੀ ਪੜ੍ਹਾਈ ਲਈ ਗਏ ਹਨ। ਇਸੇ ਤਰ੍ਹਾਂ ਹੀ ਕੈਨੇਡਾ 'ਚ 20,000 ਅਤੇ ਯੂ. ਕੇ. 'ਚ 18,000 ਭਾਰਤੀ ਵਿਦਿਆਰਥੀ ਪੜ੍ਹਾਈ ਲਈ ਗਏ ਹਨ।


Related News