ਤਲਾਸ਼ੀ ਦੇ ਨਾਂ ’ਤੇ ਨਾਰੀ ਜਾਤੀ ਦਾ ਇਹ ਅਪਮਾਨ ਕਦੋਂ ਤਕ

09/13/2018 7:16:47 AM

ਪ੍ਰਾਚੀਨ ਭਾਰਤ ’ਚ ਨਾਰੀ ਨੂੰ ਬਹੁਤ ਉੱਚਾ ਅਤੇ ਸਨਮਾਨਜਨਕ ਦਰਜਾ ਹਾਸਲ ਸੀ ਅਤੇ ਕਿਹਾ ਜਾਂਦਾ ਸੀ ਕਿ ਜਿਥੇ ਔਰਤਾਂ ਦਾ ਸਨਮਾਨ ਹੁੰਦਾ ਹੈ, ਉਥੇ ਦੇਵਤੇ ਵਾਸ ਕਰਦੇ ਹਨ ਪਰ ਅੱਜ ਔਰਤਾਂ ਦੀ ਲਾਜ ਲਗਾਤਾਰ ਖਤਰੇ ’ਚ ਪੈਂਦੀ ਜਾ ਰਹੀ ਹੈ ਅਤੇ ਸਮੇਂ-ਸਮੇਂ ’ਤੇ ਉਨ੍ਹਾਂ ਨਾਲ ਬੁਰੇ ਸਲੂਕ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ।
ਇਥੇ ਹੀ ਬਸ ਨਹੀਂ, ਇਮਤਿਹਾਨਾਂ ਆਦਿ ’ਚ ਨਕਲ ਰੋਕਣ ਅਤੇ ਸਜ਼ਾ ਦੇਣ ਦੇ ਨਾਂ ’ਤੇ ਅਤੇ ਹੋਰ ਕਾਰਨਾਂ ਕਰਕੇ ਵੀ ਨਾਰੀ ਜਾਤੀ ਨੂੰ ਅਪਮਾਨਜਨਕ ਤਜਰਬਿਆਂ ’ਚੋਂ ਲੰਘਣਾ ਪੈਂਦਾ ਹੈ, ਜਿਸ ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
30 ਨਵੰਬਰ 2017 ਨੂੰ ਅਰੁਣਾਚਲ  ਦੇ ਈਟਾਨਗਰ ’ਚ ਸਾਗਲੀ ਦੇ ਇਕ ਸਕੂਲ ’ਚ 7ਵੀਂ ਅਤੇ 8ਵੀਂ ਜਮਾਤ ’ਚ ਪੜ੍ਹਨ ਵਾਲੀਆਂ 88 ਵਿਦਿਆਰਥਣਾਂ ਨੂੰ ਸਜ਼ਾ ਦੇ ਤੌਰ ’ਤੇ ਪੂਰੇ ਸਕੂਲ ਦੇ ਸਾਹਮਣੇ ਜ਼ਬਰਦਸਤੀ ਉਨ੍ਹਾਂ ਦੇ ਕੱਪੜੇ ਉਤਰਵਾਏ ਗਏ।
11 ਜਨਵਰੀ 2018 ਨੂੰ ਮੱਧ ਪ੍ਰਦੇਸ਼ ਦੇ ਅਲੀ ਰਾਜਪੁਰ ਦੇ ਸਰਕਾਰੀ ਸਕੂਲ ’ਚ ਸ਼ਰਾਰਤ ਕਰਨ ’ਤੇ 2 ਵਿਦਿਆਰਥਣਾਂ ਦੇ ਕੱਪੜੇ ਉਤਾਰ ਕੇ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ।
21 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲੇ ਦੇ ਸਰਕਾਰੀ ਸਕੂਲ ’ਚ 6ਵੀਂ ਕਲਾਸ ਦੀ ਵਿਦਿਆਰਥਣ ਦੀ ਨਵੀਂ ਯੂਨੀਫਾਰਮ ਦਾ ਨਾਪ ਲੈਣ ਦੇ ਬਹਾਨੇ ਕੱਪੜੇ ਉਤਾਰਨ ਦੇ ਦੋਸ਼ ’ਚ ਸਕੂਲ ਦੇ ਪ੍ਰਿੰਸੀਪਲ ਨੂੰ ਗ੍ਰਿਫਤਾਰ ਕੀਤਾ ਗਿਆ।
3 ਮਾਰਚ ਨੂੰ ਮਹਾਰਾਸ਼ਟਰ ’ਚ ਪੁਣੇ ਦੇ ਐੱਮ. ਆਈ. ਟੀ. ਵਿਸ਼ਵ ਸ਼ਾਂਤੀ ਗੁਰੂਕੁਲ ਹਾਇਰ ਸੈਕੰਡਰੀ ਸਕੂਲ ’ਚ ਐੱਚ. ਐੱਸ. ਸੀ. ਦਾ ਇਮਤਿਹਾਨ ਦੇ ਰਹੀਆਂ ਕੁਝ ਵਿਦਿਆਰਥਣਾਂ ਨੇ ਦੋਸ਼ ਲਾਇਆ ਕਿ ਇਮਤਿਹਾਨ ਤੋਂ ਪਹਿਲਾਂ ਚੈਕਿੰਗ ਦੌਰਾਨ ਇਹ ਜਾਣਨ ਲਈ ਉਨ੍ਹਾਂ ਦੇ ਕੱਪੜੇ ਉਤਰਵਾ ਦਿੱਤੇ ਗਏ ਕਿ ਕਿਤੇ ਉਹ ਨਕਲ ਕਰਨ ਲਈ ਪਰਚੀਆਂ ਤਾਂ ਨਹੀਂ ਲਿਜਾ ਰਹੀਆਂ। ਇਥੋਂ ਤਕ ਕਿ ਉਨ੍ਹਾਂ ਨੂੰ ਅੰਡਰ  ਗਾਰਮੈਂਟਸ ਵੀ ਉਤਾਰਨ ਲਈ ਕਿਹਾ ਗਿਆ।
26 ਮਾਰਚ ਨੂੰ ਮੱਧ ਪ੍ਰਦੇਸ਼ ਦੇ ਸਾਗਰ ’ਚ ਸਥਿਤ ਡਾਕਟਰ ਹਰੀ ਸਿੰਘ ਗੌੜ ਯੂਨੀਵਰਸਿਟੀ ’ਚ ਲੜਕੀਆਂ ਦੇ ਹੋਸਟਲ ਦੇ ਬਾਥਰੂਮ ਦੇ ਬਾਹਰ ਇਕ ਇਸਤੇਮਾਲ ਕੀਤਾ ਹੋਇਆ  ਸੈਨੇਟਰੀ ਨੈਪਕਿਨ ਮਿਲਣ ’ਤੇ ਹੋਸਟਲ ਦੀ ਵਾਰਡਨ ਨੇ ਉਥੇ ਰਹਿਣ ਵਾਲੀਆਂ ਵਿਦਿਆਰਥਣਾਂ ਦੇ ਕੱਪੜੇ ਉਤਰਵਾ ਕੇ ਇਹ ਜਾਣਨ ਲਈ ਤਲਾਸ਼ੀ ਲਈ ਕਿ ਉਹ ਨੈਪਕਿਨ ਕਿਸ ਨੇ ਸੁੱਟਿਆ ਹੋਵੇਗਾ।
6 ਮਈ ਨੂੰ ਮੈਡੀਕਲ ਕਾਲਜਾਂ ’ਚ ਦਾਖਲੇ ਲਈ ਹੋਣ ਵਾਲੀ ਸੀ. ਬੀ. ਐੱਸ. ਈ. ਦੀ ਨੈਸ਼ਨਲ ਐਂਟਰੈਂਸ ਕਮ ਐÇਲਿਜੀਬਿਲਟੀ ਟੈਸਟ (ਨੀਟ) ’ਚ ਨਕਲ ਰੋਕਣ ਲਈ ਵਿਦਿਆਰਥਣਾਂ ਨੂੰ ਪ੍ਰੀਖਿਆ ਕੇਂਦਰਾਂ ’ਚ ਦੁਪੱਟਾ ਤਕ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
19 ਜੂਨ ਨੂੰ ਫਿਰੋਜ਼ਾਬਾਦ ’ਚ ਪੁਲਸ ਭਰਤੀ ਪ੍ਰੀਖਿਆ ’ਚ ਹਿੱਸਾ ਲੈਣ ਵਾਲੀਆਂ ਉਮੀਦਵਾਰਾਂ ਦੇ ਪ੍ਰੀਖਿਆ ਦੇਣ ਤੋਂ ਪਹਿਲਾਂ ਉਨ੍ਹਾਂ ਦੇ ਪਹਿਨੇ ਹੋਏ ਮੰਗਲਸੂਤਰ, ਕੁੰਡਲ, ਨੱਕ ’ਚ ਪਾਈ ਹੋਈ ਲੌਂਗ ਅਤੇ ਵਾਲੀਆਂ ਤਕ ਨੂੰ ਉਤਰਵਾ ਲਿਆ ਗਿਆ। ਇਮਤਿਹਾਨ ਦੇਣ ਵਾਲੀਆਂ ਔਰਤਾਂ  ਨੇ ਇਸ ’ਤੇ ਇਤਰਾਜ਼ ਕੀਤਾ, ਜਿਸ ਨੂੰ ਅਧਿਕਾਰੀਆਂ ਨੇ ਨਹੀਂ ਸੁਣਿਆ।
15 ਜੁਲਾਈ ਨੂੰ ਰਾਜਸਥਾਨ ’ਚ ਸਿਪਾਹੀ ਭਰਤੀ ਪ੍ਰੀਖਿਆ ’ਚ ਨਕਲ ਰੋਕਣ ਲਈ ਚੈਕਿੰਗ ਦੌਰਾਨ ਬਹੁਤ ਸੰਵੇਦਨਹੀਣਤਾ ਦਿਖਾਈ ਗਈ ਅਤੇ ਨਕਲ ਰੋਕਣ ਦੇ ਨਾਂ ’ਤੇ ਮਹਿਲਾ ਉਮੀਦਵਾਰਾਂ ਦੀ ਖੁੱਲ੍ਹੇ ’ਚ ਹੀ ਤਲਾਸ਼ੀ ਲਈ ਗਈ। ਕੁੜੀਆਂ ਦੇ ਕੱਪੜੇ ਕੱਟੇ ਅਤੇ ਵਾਲਾਂ ਤਕ ਦੀ ਤਲਾਸ਼ੀ ਲੈ ਕੇ ਉਨ੍ਹਾਂ ਨੂੰ ਬੰਨ੍ਹਵਾਇਆ ਗਿਆ।
ਅਤੇ ਹੁਣ 11 ਸਤੰਬਰ ਨੂੰ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲੇ ਦੇ ਮੁਲਤਾਈ ਕਸਬੇ ’ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੇ ‘ਜਨ ਆਸ਼ੀਰਵਾਦ ਯਾਤਰਾ ਪ੍ਰੋਗਰਾਮ’ ਵਿਚ ਸ਼ਾਮਲ ਹੋਣ ਆਈਆਂ ਕਾਲਜ ਦੀਆਂ ਕੁਝ ਵਿਦਿਆਰਥਣਾਂ ਨੂੰ ਅਪਮਾਨਜਨਕ ਤਜਰਬੇ ’ਚੋਂ ਲੰਘਣਾ ਪਿਆ। ਪੁਲਸ ਨੇ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਜਾਣ ਦੇ ਖਦਸ਼ੇ ਕਾਰਨ ਉਨ੍ਹਾਂ ਦੇ ਕਾਲੇ ਦੁਪੱਟੇ ਉਤਰਵਾ ਕੇ ਆਪਣੇ ਕੋਲ ਰੱਖ ਲਏ।
ਵਿਦਿਆਰਥਣਾਂ ਨੇ ਇਸ ਸਬੰਧ ’ਚ ਦੋਸ਼ ਲਾਉਂਦਿਆਂ ਕਿਹਾ ਕਿ ‘‘ਇਕ ਮਹਿਲਾ ਪੁਲਸ ਅਧਿਕਾਰੀ ਨੇ ਪਹਿਲਾਂ ਸਾਡੇ ਦੁਪੱਟੇ ਉਤਰਵਾ ਕੇ ਸਾਡੇ ਹੀ ਬੈਗ ’ਚ ਰਖਵਾ ਦਿੱਤੇ। ਫਿਰ ਕੁਝ ਦੇਰ ਬਾਅਦ ਮੁੱਖ ਮੰਤਰੀ ਦੇ ਆਉਣ ਤੋਂ ਪਹਿਲਾਂ ਪੁਲਸ ਨੇ ਸਾਡੇ ਦੁਪੱਟੇ ਲੈ ਲਏ ਅਤੇ ਕਿਹਾ ਕਿ ਮੁੱਖ ਮੰਤਰੀ ਦਾ ਪ੍ਰੋਗਰਾਮ ਖਤਮ ਹੋ ਜਾਣ ਤੋਂ ਬਾਅਦ ਵਾਪਸ ਦੇ ਦਿੱਤੇ ਜਾਣਗੇ ਪਰ ਰਾਤ 8.30 ਵਜੇ ਤਕ ਸਾਨੂੰ ਸਾਡੇ ਦੁਪੱਟੇ ਵਾਪਸ ਨਹੀਂ ਮਿਲ ਸਕੇ।’’
ਮੁੱਖ ਮੰਤਰੀ ਕਮਿਊਨਿਟੀ ਲੀਡਰਸ਼ਿਪ ਵਿਕਾਸ ਸਮਰੱਥਾ ਪ੍ਰੋਗਰਾਮ ਦੇ ਤਹਿਤ ਕਰਵਾਏ ਜਾਣ ਵਾਲੇ ਬੈਚੁਲਰ ਆਫ ਸੋਸ਼ਲ ਵਰਕ (ਬੀ. ਐੱਸ. ਡਬਲਯੂ.) ਦੀਆਂ ਵਿਦਿਆਰਥਣਾਂ ਮੁੱਖ ਮੰਤਰੀ ਦੇ ਮੁਲਤਾਈ ਪਹੁੰਚਣ ਦੀ ਖਬਰ ਸੁਣ ਕੇ ਉਨ੍ਹਾਂ ਦੇ ਪ੍ਰੋਗਰਾਮ ’ਚ ਸ਼ਾਮਲ ਹੋਣ ਪਹੁੰਚੀਆਂ ਸਨ, ਜਿਥੇ ਉਨ੍ਹਾਂ ਨੂੰ ਇਸ ਅਪਮਾਨਜਨਕ ਤਜਰਬੇ ’ਚੋਂ ਲੰਘਣਾ ਪਿਆ।
ਨਕਲ ਰੋਕਣ ਅਤੇ ਹੋਰ ਬੇਨਿਯਮੀਆਂ ਤੋਂ ਬਚਣ ਲਈ ਸਖਤੀ ਵਰਤਣਾ ਤਾਂ ਜਾਇਜ਼ ਹੈ ਪਰ ਵਿਦਿਆਰਥਣਾਂ ਨਾਲ ਅਜਿਹਾ ਸਲੂਕ ਕਰਨਾ ਬਹੁਤ ਮੰਦਭਾਗਾ ਅਤੇ ਸ਼ਰਮਨਾਕ ਹੈ, ਜਿਸ ਦੇ ਲਈ ਦੋਸ਼ੀਆਂ ਵਿਰੁੱਧ ਸਖਤ ਸਿੱਖਿਆਦਾਇਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਭਵਿੱਖ ’ਚ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।               –ਵਿਜੇ ਕੁਮਾਰ


Related News