ਲਗਾਤਾਰ ਸਰਵੇਖਣ ਨਾਲ ਝੋਨੇ ਅਤੇ ਬਾਸਮਤੀ ਵਿਚ ਪੱਤਾ ਲਪੇਟ ਸੁੰਡੀ ਤੋਂ ਹੋ ਸਕੇਗਾ ਬਚਾਅ-ਖੇਤੀ ਮਾਹਿਰ

09/12/2018 5:53:00 PM

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਖੇਤੀ ਵਿਗਿਆਨੀ ਅਤੇ ਮਾਹਿਰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਝੋਨੇ ਅਤੇ ਬਾਸਮਤੀ ਦੀ ਫਸਲ ਦੀ ਮੌਜੂਦਾ ਹਾਲਤ ਬਾਰੇ ਨਿਰੰਤਰ ਸਰਵੇਖਣ ਕਰ ਰਹੇ ਹਨ। ਇਸ ਸਰਵੇਖਣ ਅਨੁਸਾਰ ਹਾਨੀਕਾਰਕ ਕੀੜੇ-ਮਕੌੜਿਆਂ ਦੇ ਸਰਵੇਖਣ ਦੌਰਾਨ ਫਸਲ ਉਤੇ ਪੱਤਾ ਲਪੇਟ ਸੁੰਡੀ ਦਾ ਹਮਲਾ ਅਜੇ ਤਕ ਆਮ ਤੌਰ ਤੇ ਘੱਟੋ-ਘੱਟ ਪੱਧਰ (10 ਪ੍ਰਤੀਸ਼ਤ ਪੱਤਾ ਲਪੇਟ ਸੁੰਡੀ ਦੁਆਰਾ ਨੁਕਸਾਨੇ ਪੱਤੇ) ਤੋਂ ਘੱਟ ਪਾਇਆ ਗਿਆ ਹੈ। ਪੀ.ਏ.ਯੂ. ਦੇ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪ੍ਰਵੀਨ ਕੁਮਾਰ ਛੁਨੇਜਾ ਨੇ ਇਸ ਕੀੜੇ ਦੇ ਨੁਕਸਾਨ ਤੋਂ ਬਚਾਅ ਲਈ ਆਪਣੀ ਝੋਨੇ/ਬਾਸਮਤੀ ਦੀ ਫਸਲ ਦਾ ਲਗਾਤਾਰ ਸਰਵੇਖਣ ਕਰਨ ਲਈ ਕਿਸਾਨਾਂ ਨੂੰ ਸੁਚੇਤ ਕੀਤਾ ਹੈ। ਵਿਭਾਗ ਦੇ ਕੀਟ ਵਿਗਿਆਨੀ ਡਾ. ਕੇ ਐੱਸ ਸੂਰੀ ਨੇ ਦੱਸਿਆ ਕਿ ਇਸ ਕੀੜੇ ਦੇ ਸ਼ੁਰੂਆਤੀ ਹਮਲੇ ਦੀ ਸੂਰਤ ਵਿਚ ਇਸਦੀ ਰੋਕਥਾਮ ਲਈ ਫਸਲ ਦੇ ਨਿਸਰਣ ਤੋਂ ਪਹਿਲਾਂ 20-30 ਮੀਟਰ ਲੰਮੀ ਨਾਰੀਅਲ ਜਾਂ  ਮੁੰਜ ਦੀ ਰੱਸੀ ਫਸਲ ਦੇ ਉਪਰਲੇ ਹਿੱਸੇ ਤੇ ਦੋ ਵਾਰੀ ਫੇਰੋ। ਪਹਿਲੀ ਵਾਰ ਕਿਆਰੇ ਦੇ ਇਕ ਸਿਰੇ ਤੋਂ ਦੂਜੇ ਸਿਰੇ ਤੇ ਜਾਓ ਅਤੇ ਫਿਰ     ਉਹਨੀ ਪੈਰੀਂ ਰੱਸੀ ਫੇਰਦੇ ਹੋਏ ਵਾਪਿਸ ਮੁੜੋ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਰੱਸੀ ਫੇਰਨ ਵੇਲੇ ਫਸਲ ਵਿਚ ਪਾਣੀ ਜ਼ਰੂਰ ਖੜ੍ਹਾ ਹੋਵੇ ਤਾਂ ਜੋ ਪੱਤਾ ਲਪੇਟ ਸੁੰਡੀਆਂ ਪਾਣੀ ਵਿਚ ਡਿੱਗ ਕੇ ਮਰ ਜਾਣ।

ਜੇਕਰ ਪੱਤਾ ਲਪੇਟ ਸੁੰਡੀ ਦਾ ਹਮਲਾ ਘੱਟੋ-ਘੱਟ ਪੱਧਰ ਤੋਂ ਵਧ ਹੋਵੇ ਤਾਂ ਇਸਦੀ ਰੋਕਥਾਮ ਲਈ 20 ਮਿਲੀਲਿਟਰ ਫੇਮ 480 ਐੱਸ.ਸੀ (ਫਲੂਬੈਂਡਾਮਾਈਡ) ਜਾਂ 170 ਗ੍ਰਾਮ ਮੋਰਟਰ 75 ਐੱਸ.ਜੀ. (ਕਾਰਟਾਪਹਾਈਡਰੋਕਲੋਰਾਇਡ) ਜਾਂ ਇਕਲਿਟਰਕੋਰੋਬਾਨ/ਡਰਮਟ/ਫੋਰਸ 20 ਈ.ਸੀ. (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਬਾਸਮਤੀ ਵਿਚ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਦਾਣੇਦਾਰ ਕੀਟਨਾਸ਼ਕ ਜਿਵੇਂ ਕਿ 4 ਕਿਲੋ ਫਰਟੇਰਾ 0.4 ਜੀ ਆਰ (ਕਲੋਰਐਂਟਰਾਨੀਲੀਪਰੋਲ) ਜਾਂ 4 ਕਿਲੋ ਵਾਈਬ੍ਰਰੇਂਟ 4 ਜੀਆਰ (ਥਿਓਸਾਈ ਕਲੇਨ ਹਾਈਡ੍ਰੋਜਨ ਆਕਸਾਲੇਟ) ਜਾਂ 10 ਕਿਲੋਪਡਾਨ/ਕੇਲਡਾਨ/ਕਰੀਟਾਪ 4 ਜੀ (ਕਾਰਟਾਪ ਹਾਈਡਰੋ ਕਲੋਰਾਈਡ), ਆਦਿ ਦੀ ਵਰਤੋਂ ਵੀ ਖੜੇ ਪਾਣੀ ਵਿਚ ਛਿੱਟਾ ਦੇ ਕੇ ਕੀਤੀ ਜਾ ਸਕਦੀ ਹੈ। 

ਮਾਹਿਰਾਂ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਇਸ ਕੀੜੇ ਦੀ ਰੋਕਥਾਮ ਲਈ ਕਿਸੇ ਵੀ ਸਿੰਥੈਟਿਕ ਪਰਿਥਰਾਇਡ ਗਰੁੱਪ ਦੇ ਕੀਟਨਾਸ਼ਕ ਦੀ ਵਰਤੋਂ ਨਾ ਕੀਤੀ ਜਾਵੇ ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਝੋਨੇ ਦੇ ਭੂਰੇ ਅਤੇ ਚਿੱਟੀ ਪਿੱਠ ਵਾਲੇ ਟਿੱਡਿਆਂ ਦੇ ਹਮਲੇ ਵਿਚ ਵਾਧਾ ਹੁੰਦਾ ਹੈ। 
 


Related News