ਵੱਧਦੇ ਤਾਪਮਾਨ ਨੂੰ ਸਹਾਰਨ ਲਈ ਕਣਕ ਸੰਬੰਧੀ ਖੋਜ ਪ੍ਰੋਜੈਕਟ ਮਿਲਿਆ ਪੀ.ਏ.ਯੂ. ਦੇ ਵਿਗਿਆਨੀ ਨੂੰ

09/12/2018 5:23:29 PM

ਆਮ ਤੌਰ ਤੇ ਦੇਖਿਆ ਗਿਆ ਹੈ ਕਿ ਕਣਕ ਦੇ ਪੱਕਣ ਸਮੇਂ ਲੋੜ ਤੋਂ ਵਧ ਤਾਪਮਾਨ ਹੋਣ ਕਰਕੇ ਦਾਣੇ ਸੁੰਗੜ ਜਾਂਦੇ ਹਨ ਅਤੇ ਝਾੜ ਘੱਟ ਜਾਂਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਜੰਗਲੀ ਕਣਕਾਂ ਤੋਂ ਤਾਪਮਾਨ ਦੀ ਮਾਰ ਝੱਲਣ ਵਾਲੇ ਚੰਗੇ ਗੁਣ ਲੱਭੇ ਜਾਣਗੇ ਤੇ ਉਹਨਾਂ ਨੂੰ ਕਣਕ ਦੀਆਂ ਕਿਸਮਾਂ ਨਾਲ ਮੇਲਿਆ ਜਾਵੇਗਾ ਤਾਂ ਕਿ ਭਵਿੱਖ ਵਿਚ ਕਣਕ ਨੂੰ ਵਧ ਤਾਪਮਾਨ ਸਹਾਰਣ ਯੋਗ ਬਣਾਇਆ ਜਾਵੇ। ਇਸ ਸੰਬੰਧੀ ਇਕ ਖੋਜ ਪ੍ਰੋਜੈਕਟ ਪੀ.ਏ.ਯੂ. ਦੇ ਸਕੂਲ ਆਫ ਐਗਰੀਕਲਚਰ ਬਾਇਓਟੈਕਨਾਲੋਜੀ ਦੀ ਵਿਗਿਆਨੀ ਡਾ. ਸਤਿੰਦਰ ਕੌਰ ਨੂੰ ਪ੍ਰਾਪਤ ਹੋਇਆ ਹੈ। ਇਹ ਪ੍ਰੋਜੈਕਟ ਕਣਕ ਪੱਕਣ ਸਮੇਂ ਵਧਦੇ ਤਾਪਮਾਨ ਦੇ ਮਾੜੇ ਅਸਰ ਨੂੰ ਸਮਝਣ ਅਤੇ ਤਾਪ ਦੀ ਮਾਰ ਝੱਲਣ ਵਾਲੀਆਂ ਕਿਸਮਾਂ ਵਿਕਸਿਤ ਕਰਨ ਲਈ ਭਾਰਤ ਸਰਕਾਰ ਦੇ ਵਿਭਾਗ ਨੈਸ਼ਨਲ ਐਗਰੀਕਲਚਰਲ ਸਾਇੰਸ ਫੰਡ (ਐਨਏਐਸਐਫ) ਵੱਲੋਂ ਦਿੱਤਾ ਗਿਆ ਹੈ। 

ਇਹ ਪ੍ਰੋਜੈਕਟ ਕੁੱਲ ਮਿਲਾ ਕੇ 133.31 ਲੱਖ ਦਾ ਹੋਵੇਗਾ ਜਿਸ ਵਿਚ ਪੀ.ਏ.ਯੂ. ਲੁਧਿਆਣਾ ਦੇ ਨਾਲ ਇੰਡੀਅਨ ਇੰਨਸਟੀਚਊਟ ਆਫ ਵੀਟ ਐਂਡ ਬਾਰਲੇ ਰਿਸਰਚ, ਕਰਨਾਲ ਅਤੇ ਨੈਸ਼ਨਲ ਰਿਸਰਚ ਸੈਂਟਰ ਆਨ ਪਲਾਂਟ ਬਾਇਓਟੈਕਨਾਲੋਜੀ, ਨਵੀਂ ਦਿੱਲੀ ਮਿਲ ਕੇ ਖੋਜ ਕਰਨਗੀਆਂ। ਇਸ ਵਿਚੋਂ 50 ਲੱਖ ਰੁਪਏ ਦੇ ਕਰੀਬ ਪੀ.ਏ.ਯੂ. ਵਿਚ ਇਸ ਪ੍ਰੋਜੈਕਟ ਤਹਿਤ ਖਰਚੇ ਜਾਣਗੇ ਅਤੇ ਪੀ.ਏ.ਯੂ. ਦੇ ਵਿਗਿਆਨੀ ਡਾ. ਉਤਮ ਕੁਮਾਰ (ਬੀਸਾ), ਡਾ.ਇੰਦਰਜੀਤ ਸਿੰਘ, ਡਾ. ਜੀ ਐੱਸ ਮਾਵੀ ਅਤੇ ਡਾ. ਪੂਜਾ ਸ੍ਰੀਵਾਸਤਵਾ ਦੀ ਟੀਮ ਮਿਲ ਕੇ ਕੰਮ ਕਰੇਗੀ।

ਪੀ.ਏ.ਯੂ. ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਇਸ ਖੋਜ ਲਈ ਸੰਬੰਧਿਤ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਉਹਨਾਂ ਨੂੰ ਸਫ਼ਲਤਾ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। 


Related News