ਵਿਆਹ ਲਈ ਡੈਮੋ

09/12/2018 4:58:13 PM

ਇਕ ਸ਼ਹਿਰ ਵਿਚ ਬਾਬੂ ਕ੍ਰਿਸ਼ਨ ਰਾਮ ਇਕ ਸਰਕਾਰੀ ਨੌਕਰੀ ਕਰਦਾ ਸੀ ਇਸ ਲਈ ਉਸਨੇ ਆਪਣਾ ਘਰ ਉਸੇ ਸ਼ਹਿਰ ਵਿਚ ਬਣਾ ਲਿਆ ਸੀ। ਉਸਦੇ ਹੀ ਦਫਤਰ ਵਿਚ ਉਸਦਾ ਇਕ ਪਿਆਰਾ ਦੋਸਤ ਰਾਮ ਪ੍ਰਕਾਸ਼ ਨੌਕਰੀ ਕਰਦਾ ਸੀ। ਦੋਹਾਂ ਵਿਚ ਚੰਗਾ ਪਿਆਰ ਸੀ ਅਤੇ ਰਾਮ ਪ੍ਰਕਾਸ਼ ਉਮਰ ਵਿਚ ਛੋਟਾ ਅਤੇ ਜੂਨੀਅਰ ਹੋਣ ਕਰਕੇ ਹਰ ਕੰਮ ਵਿਚ ਕ੍ਰਿਸ਼ਨ ਰਾਮ ਦੀ ਸਲਾਹ ਜ਼ਰੂਰ ਲੈਂਦਾ। 

ਇਕ ਦਿਨ ਦਫਤਰੋ ਛੁੱਟੀ ਹੋਣ ਤੇ ਸਰਦੀਆਂ ਦੇ ਦਿਨਾਂ ਵਿਚ ਕ੍ਰਿਸ਼ਨ ਰਾਮ ਆਪਣੇ ਦੋਸਤ ਸ਼ਾਮ ਨੂੰ ਆਪਣੇ ਘਰ ਲਿਆਇਆ ਅਤੇ ਕਿਹਾ ਕਿ ਉਸ ਰਾਤ ਉਹ ਖਾਣਾ ਉਸਦੇ ਘਰ ਹੀ ਖਾਵੇ ਪਰ ਇਸ ਮੰਤਵ ਲਈ ਕ੍ਰਿਸ਼ਨ ਰਾਮ ਨੇ ਆਪਣੇ ਘਰ ਵਾਲੀ ਨੂੰ ਦੱਸਿਆ ਤਕ ਨਾ। ਥੋੜ੍ਹਾ ਹਨੇਰਾ ਹੋਣ ਤੇ ਜਦੋਂ ਦੋਨੋਂ ਦੋਸਤ ਘਰ ਗਏ ਤਾਂ ਕ੍ਰਿਸ਼ਨ ਰਾਮ ਨੇ ਆਪਣੇ ਦੋਸਤ ਬਾਰੇ ਘਰਵਾਲੀ ਨੂੰ ਦੱਸਿਆ ਅਤੇ ਕਿਹਾ, ''ਮੈਡਮ! ਅੱਜ ਰਾਮ ਪ੍ਰਕਾਸ਼ ਰਾਤ ਦਾ ਖਾਣਾ ਇੱਥੇ ਹੀ ਖਾਵੇਗਾ।''ਬਸ ਏਨਾ ਕਹਿਣ ਦੀ ਦੇਰ ਸੀ ਕਿ ਉਸਦੇ ਘਰ ਵਾਲੀ ਨੇ ਮਹਿਮਾਨ ਦੇ ਸਾਹਮਣੇ ਹੀ ਉੱਚੀ-ਉੱਚੀ ਬੋਲਣਾ ਸ਼ੁਰੂ ਕਰ ਦਿੱਤਾ,''ਇਹ ਤੁਸੀਂ ਕੀ ਪਖੰਡ ਬਣਾਇਆ ਏ? ਮੈਨੂੰ ਬਿਨ੍ਹਾਂ ਦੱਸੇ ਆਪਣੇ ਦੋਸਤ ਨੂੰ ਘਰ ਲਏ ਆਏ, ਮੈਂ ਤਾਂ ਆਪਣੇ ਘਰ ਦੇ ਕੱਪੜਿਆਂ ਵਿਚੋ ਹੀ ਹਾਂ, ਮੈਨੂੰ ਘਰ ਸਵਾਰਨ ਦਾ ਮੌਕਾ ਨਹੀਂ ਦਿੱਤਾ, ਨਾ ਹੀ ਮੈਂ ਅੱਜ ਮੇਕਅੱਪ ਕੀਤਾ ਏ, ਘਰ ਵਿਚ ਕੋਈ ਸਬਜ਼ੀ ਵੀ ਨਹੀਂ ਹੈ। ਅੱਜ ਤਾਂ ਮੈਂ ਸਵੇਰ ਦੀ ਥੱਦੀ-ਗਰੀ ਹਾ ਮੇਰਾ ਤਾਂ ਰੋਟੀ ਬਣਾਉਣ ਦਾ ਮਨ ਹੀ ਨਹੀਂ ਏ, ਉਪਰੋਂ ਮਹਿਮਾਨ ਨਿਵਾਜੀ।'' ਰਾਮ ਪ੍ਰਕਾਸ਼ ਸੁਣ ਕੇ ਹੈਰਾਨ ਰਹਿ ਗਿਆ ਅਤੇ ਮਨ ਹੀ ਮਨ ਕੁੱਝ ਸੋਚਣ ਲੱਗਾ। 

ਹੁਣ ਕ੍ਰਿਸ਼ਨ ਰਾਮ ਬੋਲਿਆ,''ਬਸ ਭਾਗਵਾਨੇ ਬਸ, ਹੁਣ ਚੁੱਪ ਕਰ ਜਾਂ, ਫਿਰ ਖਾਣਾ ਖਾਣ ਨਹੀਂ ਆਇਆ, ਇਹ ਤਾਂ ਵਿਆਹ ਕਰਵਾਉਣ ਨੂੰ ਫਿਰਦਾ ਏ ਅਤੇ ਮੈਂ ਹੀ ਇਸ ਨੂੰ ਸਲਾਹ ਦਿੱਤੀ ਸੀ ਕਿ ਪਹਿਲਾਂ ਮੇਰੇ ਨਾਲ ਚੱਲ ਕੇ, ਵਿਆਹ ਦਾ ਡੈਮੋ ਤਾਂ ਦੇਖ ਲੈ। ਬਸ ਹੋ ਗਿਆ ਡੈਮੋ!
ਬਹਾਦਰ ਸਿੰਘ ਗੋਸਲ  


Related News