ਇਮਰਾਨ ਖਾਨ ਨੇ ਟੇਕੇ ਗੋਡੇ ਕੱਟੜਪੰਥੀਅਾਂ ਅੱਗੇ

09/12/2018 6:27:21 AM

18 ਅਗਸਤ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਦੇ ਸਮੇਂ ਇਮਰਾਨ ਖਾਨ ਨੇ ਹੋਰਨਾਂ ਗੱਲਾਂ ਤੋਂ ਇਲਾਵਾ ‘ਨਯਾ ਪਾਕਿਸਤਾਨ’ ਬਣਾਉਣ ਅਤੇ 5 ਸਾਲਾਂ ’ਚ ਦੇਸ਼ ਦੀ ਸ਼ਾਸਨ ਪ੍ਰਣਾਲੀ ’ਚ ਸੁਧਾਰ ਲਿਆਉਣ ਆਦਿ ਦੀਅਾਂ ਗੱਲਾਂ ਕਹੀਅਾਂ ਸਨ ਪਰ ਪਾਕਿਸਤਾਨ ’ਚ ਸਿਆਸੀ ਆਬਜ਼ਰਵਰਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਇਮਰਾਨ ਖਾਨ ਕਿਉਂਕਿ ਫੌਜ ਦੀ ਸਹਾਇਤਾ ਨਾਲ ਚੋਣਾਂ ਜਿੱਤੇ ਹਨ, ਇਸ ਲਈ ਹੋਵੇਗਾ ਉਹੀ, ਜੋ ਉਨ੍ਹਾਂ ਦੇ ਪਿੱਛੇ ਖੜ੍ਹੇ ਲੋਕ (ਕੱਟੜਪੰਥੀ) ਅਤੇ ਪਾਕਿਸਤਾਨ ਦੀ ਫੌਜ ਚਾਹੇਗੀ।
ਇਸ ਦਾ ਸਬੂਤ 7 ਸਤੰਬਰ ਨੂੰ ਮਿਲ ਗਿਆ, ਜਦੋਂ ਇਮਰਾਨ ਸਰਕਾਰ ਨੇ ਕੱਟੜਪੰਥੀਅਾਂ ਵਲੋਂ ਵਿਰੋਧ ਸ਼ੁਰੂ ਹੁੰਦਿਅਾਂ ਹੀ ਅਹਿਮਦੀਅਾ ਭਾਈਚਾਰੇ ਨਾਲ ਸਬੰਧਤ ਅਰਥ ਸ਼ਾਸਤਰੀ ਡਾ. ਆਤਿਫ ਮੀਅਾਂ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਮੈਂਬਰ ਵਜੋਂ ਨਾਮਜ਼ਦਗੀ ਵਾਪਿਸ ਲੈ ਲਈ।
ਇਸ ਤੋਂ ਸਿਰਫ 3 ਦਿਨ ਪਹਿਲਾਂ ਹੀ ਡਾ. ਆਤਿਫ ਮੀਅਾਂ ਦੇ ਕੰਮ ਦੀ ਸ਼ਲਾਘਾ ਕਰਦਿਅਾਂ ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਸੀ ਕਿ ‘‘ਪਾਕਿਸਤਾਨ ਜਿੰਨਾ ਬਹੁਗਿਣਤੀਆਂ ਲਈ ਹੈ, ਓਨਾ ਹੀ ਘੱਟਗਿਣਤੀਅਾਂ ਲਈ ਵੀ ਹੈ।’’
ਪਰ ਬਾਅਦ ’ਚ ਇਸੇ ਫਵਾਦ ਚੌਧਰੀ ਨੇ ਕਹਿ ਦਿੱਤਾ ਕਿ ‘‘ਸਰਕਾਰ ਨੇ ਡਾ. ਆਤਿਫ ਮੀਅਾਂ ਦੀ ਨਿਯੁਕਤੀ ਵਾਪਸ ਲੈਣ ਦਾ ਫੈਸਲਾ ਲਿਆ ਹੈ। ਸਰਕਾਰ ਵਿਦਵਾਨਾਂ ਅਤੇ ਸਾਰੇ ਸਮਾਜਿਕ ਸਮੂਹਾਂ ਨਾਲ ਅੱਗੇ ਵਧਣਾ ਚਾਹੁੰਦੀ ਹੈ।’’
ਪਾਕਿਸਤਾਨ ’ਚ ਅਹਿਮਦੀਆ ਭਾਈਚਾਰੇ ਦੀ ਆਬਾਦੀ 40 ਲੱਖ ਦੇ ਲੱਗਭਗ ਹੈ। ਉਥੋਂ ਦੇ ਸੰਵਿਧਾਨ ’ਚ ਇਸ ਭਾਈਚਾਰੇ ਦਾ ਜ਼ਿਕਰ ਗੈਰ-ਮੁਸਲਿਮ ਵਜੋਂ ਕੀਤਾ ਗਿਆ ਹੈ। ਕੱਟੜਪੰਥੀ ਇਸ ਭਾਈਚਾਰੇ ਦੇ ਲੋਕਾਂ ਨੂੰ ਮੁਸਲਮਾਨ ਨਹੀਂ ਮੰਨਦੇ। ਉਹ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਧਾਰਮਿਕ ਅਸਥਾਨਾਂ ’ਤੇ ਭੰਨ-ਤੋੜ ਵੀ ਕਰਦੇ ਰਹਿੰਦੇ ਹਨ। ਉਨ੍ਹਾਂ ਦੀਅਾਂ ਮਾਨਤਾਵਾਂ ਨੂੰ ਕਈ ਇਸਲਾਮਿਕ ਸਕੂਲਾਂ ’ਚ ‘ਈਸ਼ਨਿੰਦਾ’ ਮੰਨਿਆ ਜਾਂਦਾ ਹੈ। 
ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਸਿੱਖਿਆ ਪ੍ਰਾਪਤ 43 ਸਾਲਾ ਡਾ. ਆਤਿਫ ਮੀਅਾਂ ਅਮਰੀਕਾ ਦੀ ਪ੍ਰਸਿੱਧ ਪ੍ਰਿੰਸਟਨ ਯੂਨੀਵਰਿਸਟੀ ’ਚ ਪ੍ਰੋਫੈਸਰ ਹਨ। ਉਹ ਇਕੋ-ਇਕ ਪਾਕਿਸਤਾਨੀ ਹਨ, ਜਿਨ੍ਹਾਂ ਦਾ ਨਾਂ ਕੌਮਾਂਤਰੀ ਮੁਦਰਾ ਫੰਡ ਦੇ ਚੋਟੀ ਦੇ 25 ਪ੍ਰਤਿਭਾਸ਼ਾਲੀ ਨੌਜਵਾਨ ਅਰਥ ਸ਼ਾਸਤਰੀਅਾਂ ਦੀ ਸੂਚੀ ’ਚ ਸ਼ਾਮਿਲ ਹੈ। 
ਫਿਲਹਾਲ ਇਮਰਾਨ ਸਰਕਾਰ ਵਲੋਂ ਸਲਾਹਕਾਰ ਪ੍ਰੀਸ਼ਦ (ਈ. ਏ. ਸੀ.) ’ਚ ਡਾ. ਆਤਿਫ ਮੀਅਾਂ ਦੀ ਨਾਮਜ਼ਦਗੀ ਤੋਂ ਕੁਝ ਦਿਨਾਂ ਬਾਅਦ ਹੀ ਬਰਖ਼ਾਸਤਗੀ ਨੂੰ ਲੈ ਕੇ ਪਾਕਿਸਤਾਨ ’ਚ ਹੰਗਾਮਾ ਮਚ ਗਿਆ ਹੈ ਅਤੇ ਉਨ੍ਹਾਂ ਨੂੰ ਹਟਾਉਣ ਦੇ ਵਿਰੋਧ ’ਚ ਹੁਣ ਤਕ ਪਾਕਿਸਤਾਨ ਦੇ 2 ਪ੍ਰਸਿੱਧ ਅਰਥ ਸ਼ਾਸਤਰੀਅਾਂ ਨੇ ਸਲਾਹਕਾਰ ਪ੍ਰੀਸ਼ਦ (ਈ. ਏ. ਸੀ.) ਨਾਲੋਂ ਨਾਤਾ ਤੋੜ ਲਿਆ ਹੈ। 
 ਸਭ ਤੋਂ ਪਹਿਲਾਂ ਅਮਰੀਕਾ ਦੇ ਹਾਰਵਰਡ ਕੈਨੇਡੀ ਸਕੂਲ ’ਚ ਇੰਟਰਨੈਸ਼ਨਲ ਫਾਇਨਾਂਸ ਦੇ ਪ੍ਰੋਫੈਸਰ ਡਾ. ਅਸੀਮ ਇਜਾਜ਼ ਖਵਾਜਾ ਨੇ ਈ. ਏ. ਸੀ. ਤੋਂ ਅਸਤੀਫਾ ਦਿੱਤਾ। ਉਸ ਤੋਂ ਬਾਅਦ ਯੂਨੀਵਰਸਿਟੀ ਕਾਲਜ, ਲੰਡਨ ’ਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਡਾ. ਇਮਰਾਨ ਰਸੂਲ ਨੇ ਵੀ ਈ. ਏ. ਸੀ. ਦੀ ਮੈਂਬਰਸ਼ਿਪ ਛੱਡ ਦਿੱਤੀ। ਉਨ੍ਹਾਂ ਕਿਹਾ ਕਿ ‘‘ਮੈਂ ਭਾਰੀ ਮਨ ਨਾਲ ਈ. ਏ. ਸੀ. ਤੋਂ ਅਸਤੀਫਾ ਦੇ ਰਿਹਾ ਹਾਂ। ਡਾ. ਆਤਿਫ ਮੀਅਾਂ ਨੂੰ ਜਿਸ ਤਰ੍ਹਾਂ ਅਸਤੀਫਾ ਦੇਣ ਲਈ ਕਿਹਾ ਗਿਆ, ਉਸ ਨਾਲ ਮੈਂ ਬਿਲਕੁਲ ਅਸਹਿਮਤ ਹਾਂ।’’
ਇਸ ਫੈਸਲੇ ਤੋਂ ਇਮਰਾਨ ਖਾਨ ਦੀ ਸਾਬਕਾ ਪਤਨੀ ਜੇਮਿਮਾ ਗੋਲਡਸਮਿਥ ਵੀ  ਬੇਹੱਦ ਨਾਰਾਜ਼ ਹੈ, ਜੋ ਇਨ੍ਹੀਂ ਦਿਨੀਂ ਲੰਡਨ ’ਚ ਰਹਿ ਰਹੀ ਹੈ। ਉਸ ਨੇ ਇਮਰਾਨ ਖਾਨ ਦੀ ਸਖਤ ਆਲੋਚਨਾ ਕਰਦਿਅਾਂ ਇਸ ਨੂੰ ‘ਅਨਿਅਾਂਪੂਰਨ ਤੇ ਬੇਹੱਦ ਨਿਰਾਸ਼ਾਜਨਕ’ ਦੱਸਿਆ ਹੈ। ਜੇਮਿਮਾ ਨੇ ਪਾਕਿਸਤਾਨੀ ਕੱਟੜਪੰਥੀਅਾਂ ਅੱਗੇ ਗੋਡੇ ਟੇਕਣ ਵਾਲੇ ਇਸ ਫੈਸਲੇ ’ਤੇ ਕਿਹਾ ਕਿ ਇਹ ਕਿਸੇ ਵੀ ਸੂਰਤ ’ਚ ਬਚਾਅਯੋਗ ਨਹੀਂ ਹੈ। 
ਉਸ ਨੇ ਯਾਦ ਦਿਵਾਇਆ ਕਿ ਪਾਕਿਸਤਾਨ ਦੇ ਕਾਇਦੇ-ਆਜ਼ਮ ਮੁਹੰਮਦ ਅਲੀ ਜਿੱਨਾਹ  ਨੇ ਇਕ ਅਹਿਮਦੀ ਮੁਸਲਮਾਨ ਨੂੰ ਦੇਸ਼ ਦਾ ਵਿਦੇਸ਼ ਮੰਤਰੀ ਨਿਯੁਕਤ ਕੀਤਾ ਸੀ, ਜਦਕਿ ਨਵੀਂ ਸਰਕਾਰ ਨੇ ਡਾ. ਆਤਿਫ ਮੀਅਾਂ ਦਾ ਨਾਂ ਸਿਰਫ ਇਸ ਲਈ ਵਾਪਸ ਲੈ ਲਿਆ ਕਿਉਂਕਿ ਪਾਕਿਸਤਾਨ ਦੇ ਕੱਟੜਪੰਥੀ ਅਨਸਰ ਅਹਿਮਦੀਆ ਮੁਸਲਮਾਨਾਂ ਦੇ ਵਿਰੁੱਧ ਹਨ ਅਤੇ ਉਨ੍ਹਾਂ ਦਾ ਦਬਾਅ ਸੀ ਕਿ ਆਤਿਫ ਨੂੰ ਹਟਾਇਆ ਜਾਵੇ।
ਡਾ. ਆਤਿਫ ਮੀਅਾਂ ਦੀ ਨਿਯੁਕਤੀ ਵਿਰੁੱਧ ਕੱਟੜਪੰਥੀ ਇਸਲਾਮਿਕ ਪਾਰਟੀ ਤਹਿਰੀਕ-ਏ-ਲਬੈਕ ਸਮੇਤ ਕਈ ਕੱਟੜਪੰਥੀ ਧਾਰਮਿਕ ਸਮੂਹ ਹਮਲਾਵਰ ਮੁਹਿੰਮ ਚਲਾ ਰਹੇ ਸਨ ਤੇ ਉਨ੍ਹਾਂ ਨੇ ਇਸ ਵਿਰੁੱਧ ਮੁਜ਼ਾਹਰੇ ਕਰਨ ਤਕ ਦੀ ਧਮਕੀ ਦੇ ਦਿੱਤੀ ਸੀ। 
ਫਿਜ਼ਿਕਸ ਦਾ ਨੋਬਲ ਪੁਰਸਕਾਰ ਜਿੱਤਣ ਵਾਲੇ ਅਹਿਮਦੀਆ ਭਾਈਚਾਰੇ ਦੇ ਵਿਗਿਆਨੀ ਡਾ. ਅਬਦੁਸ ਸਲਾਮ ਨੇ ਕਿਹਾ ਹੈ ਕਿ ਆਪਣੇ ਹੀ ਦੇਸ਼ ’ਚ ਪ੍ਰਤਿਭਾਸ਼ਾਲੀ ਲੋਕਾਂ ਦੀ ਅਣਦੇਖੀ ਦਾ ਸਿਲਸਿਲਾ ਰੁਕਿਆ ਨਹੀਂ ਹੈ। 
ਇਕ ਪਾਸੇ ਪਾਕਿਸਤਾਨ ’ਚ ਇਮਰਾਨ ਖਾਨ ’ਤੇ ਕੱਟੜਪੰਥੀ ਸਮੂਹਾਂ ਦਾ ਦਬਾਅ ਹੈ, ਤਾਂ ਦੂਜੇ ਪਾਸੇ ਇਮਰਾਨ ਦੇ ਇਸ ਫੈਸਲੇ ਦੀ ਉਨ੍ਹਾਂ ਦੇ ਆਪਣੇ ਹੀ ਦੇਸ਼ ’ਚ ਆਲੋਚਨਾ ਹੋਣ ਲੱਗੀ ਹੈ। 
ਡਾ. ਆਤਿਫ ਮੀਅਾਂ ਦਾ ਪੱਤਾ ਕੱਟ ਹੋਣ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਇਮਰਾਨ ’ਤੇ ਕੱਟੜਪੰਥੀਅਾਂ ਤੋਂ ਇਲਾਵਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਅਤੇ ਫੌਜ ਦਾ ਵੀ ਦਬਾਅ ਹੈ, ਜਿਸ ਅੱਗੇ ਉਨ੍ਹਾਂ ਨੇ ਝੁਕਣਾ ਸ਼ੁਰੂ ਕਰ ਦਿੱਤਾ ਹੈ। 
ਇਬਤਦਾਏ ਇਸ਼ਕ ਹੈ ਰੋਤਾ ਹੈ ਕਿਆ, ਆਗੇ-ਆਗੇ ਦੇਖੀਏ ਹੋਤਾ ਹੈ ਕਿਆ!
    –ਵਿਜੇ ਕੁਮਾਰ


Related News