ਐਡੀਲੇਡ : ਪਬਲਿਕ ਸਰਵਿਸ ਐਸੋਸੀਏਸ਼ਨ ਦੇ ਸੈਂਕੜੇ ਮੈਂਬਰਾਂ ਨੇ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ

09/11/2018 6:24:47 PM

ਐਡੀਲੇਡ (ਏਜੰਸੀ)— ਦੱਖਣੀ ਆਸਟ੍ਰੇਲੀਆ ਦੀ ਪਬਲਿਕ ਸਰਵਿਸ ਐਸੋਸੀਏਸ਼ਨ ਯੂਨੀਅਨ ਦੇ ਸੈਂਕੜੇ ਮੈਂਬਰਾਂ ਨੇ ਰਾਜਧਾਨੀ ਐਡੀਲੇਡ ਵਿਖੇ ਸੂਬਾ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਸੂਬਾ ਸਰਕਾਰ ਵਲੋਂ ਰਾਜ ਦੀ ਵਿੱਤੀ ਹਾਲਤ ਨੂੰ ਸੁਧਾਰਨ ਲਈ ਜੇਲਾਂ ਅਤੇ ਸਿਹਤ ਅਦਾਰਿਆਂ ਦੇ ਨਿੱਜੀਕਰਨ ਸਬੰਧੀ ਉਲੀਕੀ ਗਈ ਯੋਜਨਾ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਗਿਆ ਅਤੇ ਸੰਸਦ ਦੇ ਬਾਹਰ ਸੂਬਾਈ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। 

ਪ੍ਰਦਰਸ਼ਨਕਾਰੀਆਂ ਨੇ ਸੰਸਦ ਹਾਊਸ ਤਕ ਪੈਦਲ ਮਾਰਚ ਵੀ ਕੀਤਾ। ਸੰਸਦ ਹਾਊਸ ਦੇ ਬਾਹਰ ਬੁਲਾਰਿਆਂ ਨੇ ਸੂਬੇ ਦੀ ਲਿਬਰਲ ਸਰਕਾਰ ਦੀ ਨਿੱਜੀਕਰਨ ਯੋਜਨਾ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਪਬਲਿਕ ਸਰਵਿਸ ਐਸੋਸੀਏਸ਼ਨ ਦੇ ਸਕੱਤਰ ਨੇਵੇਲ ਕਿਚਿਨ ਨੇ ਕਿਹਾ ਕਿ ਸਰਕਾਰ ਨੇ ਯੂਨੀਅਨ ਜਾਂ ਇਸ ਦੇ ਮੈਂਬਰਾਂ ਨਾਲ ਇਸ ਐਲਾਨ ਤੋਂ ਪਹਿਲਾਂ ਸਲਾਹ ਨਹੀਂਂ ਕੀਤੀ। ਨੇਵੇਲ ਨੇ ਕਿਹਾ ਕਿ ਦੱਖਣੀ ਆਸਟ੍ਰੇਲੀਆ ਵਿਚ ਪਹਿਲਾਂ ਹੀ ਨੌਕਰੀਆਂ ਲੱਭਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। 

ਪ੍ਰਦਰਸ਼ਨ ਕਰਨ ਵਾਲਿਆਂ ਨੇ ਹੱਥਾਂ ਵਿਚ ਸਰਕਾਰ ਦੀ ਨਿੱਜੀਕਰਨ ਯੋਜਨਾ ਦੇ ਵਿਰੋਧ ਅਤੇ ਸਰਕਾਰੀ ਅਦਾਰਿਆਂ ਨੂੰ ਨਿੱਜੀਕਰਨ ਦੀ ਮਾਰ ਤੋਂ ਬਚਾਉਣ ਲਈ ਲਿਖੀਆਂ ਟਿੱਪਣੀਆਂ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ। ਦੱਸਣਯੋਗ ਹੈ ਕਿ ਪ੍ਰਦਰਸ਼ਨਕਾਰੀਆਂ ਕਾਰਨ ਸਰਕਾਰੀ ਅਦਾਰਿਆਂ ਸਮੇਤ ਜੇਲਾਂ ਵਿਚ ਸਟਾਫ ਘਟਣ ਕਾਰਨ ਵਧੇਰੇ ਕੈਦੀ ਤਾਲਾਬੰਦੀ ਵਿਚ ਕੈਦ ਰਹੇ, ਜਿਸ ਦੀ ਵੀਡੀਓ ਬਣਾ ਕੇ ਅਦਾਲਤ ਦੇ ਧਿਆਨ ਵਿਚ ਇਹ ਸਾਰਾ ਮਾਮਲਾ ਲਿਆਂਦਾ ਗਿਆ।


Related News