ਇਟਲੀ ''ਚ ਸ੍ਰੀ ਗੁਰੂ ਰਵਿਦਾਸ ਟੈਂਪਲ ਵਿਖੇ ਕਰਵਾਇਆ ਗਿਆ ਵਿਸ਼ੇਸ਼ ਸੰਤ ਸਮਾਗਮ

09/11/2018 5:24:34 PM

ਰੋਮ (ਕੈਂਥ)— ਇਟਲੀ ਦੇ ਸ਼ਹਿਰ ਵਿਚੈਂਸਾ ਵਿਚ ਪੈਂਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਰਵਿਦਾਸ ਟੈਂਪਲ ਵਿਖੇ ਰਵਿਦਾਸੀਆਂ ਧਰਮ ਨੂੰ ਸਮਰਪਿਤ ਵਿਸ਼ੇਸ਼ ਸੰਤ ਸਮਾਗਮ ਕਰਵਾਇਆ ਗਿਆ। ਇਸ ਸਮਾਗਮ 'ਚ ਰਵਿਦਾਸੀਆਂ ਧਰਮ ਦੇ ਮਹਾਨ ਪ੍ਰਚਾਰਕ 108 ਸੰਤ ਬੀਬੀ ਕ੍ਰਿਸ਼ਨਾ ਜੀ ਬੋਪਾਰਾਏ ਕਲਾਂ ਵਾਲੇ ਭਾਰਤ ਤੋਂ ਉਚੇਚੇ ਤੌਰ 'ਤੇ ਪਹੁੰਚੇ। ਸੰਤ ਬੀਬੀ ਕ੍ਰਿਸ਼ਨਾ ਜੀ ਨੇ ਇਸ ਵਿਸ਼ੇਸ਼ ਸੰਤ ਸਮਾਗਮ ਮੌਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਮਾਜ ਪ੍ਰਤੀ ਕੀਤੀ ਘਾਲਣਾ, ਜੀਵਨ ਬਿਰਤਾਂਤ ਨੂੰ ਬਹੁਤ ਹੀ ਵਿਸਥਾਰਪੂਰਵਕ ਸੰਗਤਾਂ ਨੂੰ ਸਰਵਣ ਕਰਵਾਇਆ। ਉਨ੍ਹਾਂ ਸੰਤ ਸਮਾਜ ਦੇ ਅਮਰ ਸ਼ਹੀਦ 108 ਸੰਤ ਰਾਮਾਨੰਦ ਜੀ ਦੀ ਸ਼ਹਾਦਤ ਤੋਂ ਬਆਦ ਜੋ ਸਮਾਜ ਨੂੰ ਅੰਮ੍ਰਿਤਬਾਣੀ ਗ੍ਰੰਥ ਦੀ ਬਖਸ਼ਿਸ਼ ਹੋਈ, ਉਸ ਤੋਂ ਸੇਧ ਲੈ ਕੇ ਜੀਵਨ ਸਫ਼ਲ ਬਣਾਉਣ ਲਈ ਉਪਦੇਸ਼ ਦਿੱਤਾ।

PunjabKesari


ਸੰਤ ਬੀਬੀ ਕ੍ਰਿਸ਼ਨਾ ਜੀ ਨੇ ਸਤਿਗੁਰੂ ਰਵਿਦਾਸ ਮਹਾਰਾਜ ਦੀ ਰਚਨਾ ਤੋਂ ਉਚਾਰਿਆ ਸ਼ਬਦ 'ਸਤਿ ਸੰਗਤ ਮਿਲ ਰਹੀਏ ਮਾਧੋ ਜੈਸੇ ਮਧੂਪ ਮਖੀਰਾ' ਨੂੰ ਅਮਲ ਵਿਚ ਲਿਆ ਕੇ ਏਕਾ ਬਣਾਈ ਰੱਖਣ 'ਤੇ ਜ਼ੋਰ ਦਿੱਤਾ। ਇਸ ਵਿਸ਼ੇਸ਼ ਸੰਤ ਸਮਾਗਮ ਵਿਚ ਬੁਲੰਦ ਅਤੇ ਦਮਦਾਰ ਆਵਾਜ਼ ਦੇ ਮਾਲਕ ਮਲਕੀਤ ਬਬੇਲੀ ਨੇ ਆਪਣੇ ਧਾਰਮਿਕ ਇਨਕਲਾਬੀ ਗੀਤਾਂ ਨਾਲ ਸੰਗਤਾਂ ਅੰਦਰ ਮਿਸ਼ਨ ਪ੍ਰਤੀ ਇਕ ਨਵਾਂ ਜੋਸ਼ ਭਰਿਆ, ਜਿਸ ਨੂੰ ਦਰਬਾਰ ਵਿਚ ਹਾਜ਼ਰ ਸੰਗਤਾਂ ਨੇ ਸੁਣਿਆ। ਇਸ ਵਿਸ਼ੇਸ਼ ਸੰਤ ਸਮਾਗਮ ਨੂੰ ਸੰਬੋਧਿਤ ਕਰਦਿਆਂ ਜਸਬੀਰ ਬੱਬੂ ਪ੍ਰਧਾਨ ਸ੍ਰੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਨੇ ਸਭ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਘਰ-ਘਰ ਪਹੁੰਚਾਉਣ ਲਈ ਲਾਮਬੰਦ ਹੋਣਾ ਚਾਹੀਦਾ ਹੈ, ਤਾਂ ਹੀ ਸਾਡੇ ਸਮਾਜ ਦੇ ਲੋਕ ਮਿਸ਼ਨ ਪ੍ਰਤੀ ਜਾਗਰੂਕ ਹੋ ਕੇ ਗੁਰੂ ਸਾਹਿਬ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਬਸਰ ਕਰਨਗੇ। ਇਸ ਮੌਕੇ ਉਨ੍ਹਾਂ ਸੰਤ ਬੀਬੀ ਕ੍ਰਿਸ਼ਨਾ ਜੀ ਅਤੇ ਗਾਇਕ ਮਲਕੀਤ ਬਬੇਲੀ ਦਾ ਸਮਾਗਮ ਵਿਚ ਸ਼ਿਰਕਤ ਕਰਨ ਲਈ ਕਮੇਟੀ ਵੱਲੋਂ ਤਹਿ ਦਿਲੋਂ ਧੰਨਵਾਦ ਵੀ ਕੀਤਾ। ਸਮਾਗਮ ਵਿਚ ਸਟੇਜ ਦੀ ਸੇਵਾ ਕੁਲਜਿੰਦਰ ਬੱਬਲੂ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਨਿਭਾਈ ਗਈ। ਸਭ ਸੰਗਤ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ।


Related News