ਪੈਟਰੋਲ ਡੀਜ਼ਲ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਨੇ ਲੋਕਾਂ ਦਾ ਕੀਤਾ ਜਿਉਂਣਾ ਮੁਹਾਲ !

09/11/2018 4:20:12 PM

“ਮਹਿੰਗਾਈ ਦੀ ਵਿਆਪਕ ਮਾਰ ਨੇ ਅੱਜ ਗਰੀਬਾਂ ਦੇ ਨਾਲ-ਨਾਲ ਮਾਧਿਅਮ ਵਰਗ ਦੇ ਲੋਕਾਂ ਦੀ ਵੀ ਕਮਰ ਤੋੜ ਕੇ ਰੱਖ ਦਿੱਤੀ ਹੈ ਅਤੇ ਹਾਲਾਤ ਇਸ ਕਦਰ ਗੰਭੀਰ ਹਨ ਕਿ ਹਰ ਆਦਮੀ ਨੂੰ ਅਪਣੀ ਜ਼ਿੰਦਗੀ ਦਾ ਇਕ ਇਕ ਦਿਨ ਗੁਜ਼ਾਰਨਾ ਮੁਹਾਲ ਹੋਇਆ ਪਿਆ ਹੈ। ਇਹਨਾਂ ਹਾਲਾਤ ਦੇ ਵਿਚਕਾਰ ਆਏ ਦਿਨ ਪੈਟਰੋਲ ਡੀਜ਼ਲ ਦੀਆਂ ਆਸਮਾਨ ਛੂਹੰਦੀਆਂ ਕੀਮਤਾਂ ਨੇ ਦੇਸ਼ ਦੇ ਆਮ ਲੋਕਾਂ ਨੂੰ ਹੋਰ ਵਧੇਰੇ ਮੁਸ਼ਕਿਲਾਂ ਚ ਲਿਆ ਕੇ ਖੜ੍ਹਾ ਕੀਤਾ ਹੈ ।ਅਰਥਾਤ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ 'ਚ ਹੋ ਰਿਹਾ ਵਾਧਾ, ਇਸ ਸਮੇਂ ਵਧਦੀ ਮਹਿੰਗਾਈ 'ਚ ਬਲਦੀ ਅੱਗ 'ਚ ਘਿਉ ਵਾਲਾ ਕੰਮ ਕਰ ਰਿਹਾ ਹੈ ਜਿਸ ਦੇ ਚਲਦਿਆਂ ਬਾਜ਼ਾਰ ਵਿਚ ਹਰ ਚੀਜ਼ ਮਹਿੰਗੀ ਹੋਈ ਜਾ ਰਹੀ ਹੈ। ਅਰਥਾਤ ਹੁਣ ਗਰੀਬ ਲੋਕਾਂ ਨੂੰ ਆਪਣੇ ਰੋਜ਼ਾਨਾ ਜੀਵਨ ਦੀਆਂ ਮੁੱਢਲੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੀ ਇਕ ਵੱਡਾ ਸੰਘਰਸ਼ ਕਰਨਾ ਪੈ ਰਿਹਾ ਹੈ । ਜ਼ਿਕਰਯੋਗ ਹੈ ਕਿ ਅਗਸਤ ਦੇ ਅੱਧ ਤੋਂ ਲੈ ਕੇ ਹੁਣ ਤਕ 3.42 ਪੈਸੇ ਤੇ ਡੀਜ਼ਲ 3.84 ਪੈਸੇ ਤਕ ਮਹਿੰਗਾ ਹੋ ਚੁਕਾ ਹੈ।

ਦੇਸ਼ ਦੇ ਦੂਜੇ ਮਹਾਂ ਨਗਰਾਂ ਜਿਵੇਂ ਕਿ ਮੁੰਬਈ ਵਿਚ 88.12 ਪ੍ਰਤੀ ਲੀਟਰ, ਹੈਦਰਾਬਾਦ 85.60 ਪ੍ਰਤੀ ਲੀਟਰ, ਪਟਨਾ 87.25 ਪ੍ਰਤੀ ਲੀਟਰ, ਅਮਰਾਵਤੀ 88.06, ਔਰੰਗਾਬਾਦ 86.48 ਪ੍ਰਤੀ ਲੀਟਰ ਅਤੇ ਜਲਗਾਓਂ 87.78 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਵਿਕ ਰਿਹਾ ਹੈ।ਜੇ ਇਸੇ ਤਰ੍ਹਾਂ ਉਕਤ ਕੀਮਤਾਂ ਵਿਚ ਵਾਧਾ ਹੁੰਦਾ ਰਿਹਾ ਤਾਂ ਹੋ ਸਕਦਾ ਹੈ ਪੈਟਰੋਲ ਸੌ ਦਾ ਅੰਕੜਾ ਪਾਰ ਕਰਦਿਆਂ ਇਕ ਨਵਾਂ ਕੀਰਤੀਮਾਨ ਸਥਾਪਤ ਕਰਨ ਵਿਚ ਕਾਮਯਾਬ ਹੋ ਜਾਵੇ। ਜਦੋਂ ਕਿ ਡੀਜ਼ਲ ਦਿੱਲੀ ਵਿਚ 72.83 ਰੁਪਏ ਪ੍ਰਤੀ ਲੀਟਰ,77.32 ਪ੍ਰਤੀ ਲੀਟਰ ,ਚੇਨਈ 76.98 ਅਤੇ ਕਲਕੱਤੇ ਵਿਚ 75.68 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਜਿਥੋਂ ਤਕ ਸਾਡੇ ਗੁਆਂਢੀ ਦੇਸ਼ਾਂ ਜਾਂ ਦੁਨੀਆਂ ਦੇ ਦੂਜੇ ਮੁਲਕਾਂ ਦੀ ਗੱਲ ਕਰੀਏ ਤਾਂ ਉਹਨਾਂ ਵਿਚ ਪੈਟਰੋਲ ਦੀਆਂ ਕੀਮਤਾਂ ਸਾਡੇ ਦੇਸ਼ ਦੀ ਤੁਲਨਾ ਘੱਟ ਹਨ ਜਿਵੇਂ ਕਿ ਅਮਰੀਕਾ ਵਿਚ ਇਸ ਸਮੇਂ 53.88 ਰੁਪਏ, ਪਾਕਿਸਤਾਨ ਵਿਚ 62.20 ਰੁਪਏ ਜਦੋਂਕਿ ਨੇਪਾਲ ਵਿਚ 71.25 ਰੁਪਏ ਅਤੇ ਚੀਨ ਵਿਚ 78.95 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਵਿਕ ਰਿਹਾ ਹੈ। ਇਸ ਸਮੇਂ ਦੇਸ਼ ਦੇ ਆਰਥਿਕ ਮਾਹਰਾਂ ਨੂੰ ਇਕੱਲੇ ਪੈਟਰੋਲੀਅਮ ਪਦਾਰਥਾਂ ਦੀਆਂ ਵਧਦੀਆਂ ਕੀਮਤਾਂ ਦੀ ਹੀ ਚਿੰਤਾ ਨਹੀਂ ਹੈ ਸਗੋਂ ਕੁਝ ਸਮੇਂ ਤੋਂ ਡਾਲਰ ਦੇ ਮੁਕਾਬਲੇ ਜਿਸ ਤਰ੍ਹਾਂ ਰੁਪਿਆ ਲਗਾਤਾਰ ਗੋਤਾ ਖਾ ਰਿਹਾ ਹੈ ਅਤੇ ਪ੍ਰਤੀ ਡਾਲਰ ਦੇ ਮੁਕਾਬਲੇ ਰੁਪਿਆ 71.57 ਦੇ ਹੇਠਲੇ ਰਿਕਾਰਡ ਪੱਧਰ ਤਕ ਪੁੱਜ ਚੁੱਕਾ ਹੈ ਉਹ ਵੀ ਡਾਢੀ ਚਿੰਤਾ ਦਾ ਵਿਸ਼ਾ ਹੈ। ਅੱਜ ਤੋਂ ਲਗਭਗ ਸਾਢੇ ਚਾਰ ਸਾਲ ਪਹਿਲਾਂ ਜਦ ਸਰਕਾਰ ਵਜੂਦ 'ਚ ਆਈ ਸੀ ਤਾਂ ਉਸ ਸਮੇਂ ਦੇਸ਼ ਦੇ ਲੋਕਾਂ ਨੂੰ ਸਰਕਾਰ ਤੋਂ ਢੇਰਾਂ ਉਮੀਦਾਂ ਸਨ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ ਲੋਕਾਂ ਦੀਆਂ ਤਮਾਮ ਉਮੀਦਾਂ ਇਕ-ਇਕ ਕਰ ਕੇ ਢਹਿ ਢੇਰੀ ਹੁੰਦੀਆਂ ਜਾ ਰਹੀਆਂ ਹਨ। ਸਚਾਈ ਤਾਂ ਇਹ ਹੈ ਕਿ ਅੱਜ ਲੋਕੀ ਜੱਦ ਮੌਜੂਦਾ ਸਰਕਾਰ ਦੀਆਂ ਕਾਰਗੁਜ਼ਾਰੀਆਂ ਦਾ ਲੇਖਾ-ਜੋਖਾ ਕਰਨ ਲਈ ਬੈਠਦੇ ਹਨ ਬਿਨਾਂ ਸ਼ੱਕ ਦੇਸ਼ ਦੇ ਲੋਕ ਆਪਣੇ ਆਪ ਨੂੰ ਠਗਿਆ-ਠਗਿਆ ਅਨੁਭਵ ਕਰ ਰਹੇ ਹਨ ਅਤੇ ਅਕਸਰ ਲੋਕ ਇਕ ਪੁਰਾਣੇ ਗੀਤ ਦੇ ਇਹੋ ਬੋਲ ਗੁਣਗਣਾ ਰਹੇ ਹਨ ਕਿ “ਕੋਈ ਲੋਟਾ ਦੇ ਮੇਰੇ ਬੀਤੇ ਹੂਏ ਦਿਨ....!'' ਅਸਲ ਵਿਚ ਮੌਜੂਦਾ ਸਮੇਂ ਪੈਟਰੋਲ ਡੀਜ਼ਲ ਦੀਆਂ ਵਧੀਆਂ ਕੀਮਤਾਂ ਨੇ ਜਿਸ ਤਰ੍ਹਾਂ ਦੇਸ਼ ਦੀ ਜਨਤਾ ਦੀ ਤਰਸਯੋਗ ਹਾਲਤ ਬਣਾ ਕੇ ਰੱਖ ਦਿੱਤੀ ਹੈ ਉਸ ਦੀ ਇਤਿਹਾਸ ਉਦਾਹਰਣ ਨਹੀਂ ਮਿਲਦੀ। ਦੇਸ਼ 'ਚ 2008 ਦੋਰਾਨ ਕੱਚੇ ਤੇਲ ਦੇ ਭਾਅ ਪ੍ਰਤੀ ਬੈਰਲ 142 ਡਾਲਰ ਸਨ ਇਸ ਦੇ ਬਾਵਜੂਦ ਉਸ ਸਮੇਂ ਪੈਟਰੋਲ ਅਤੇ ਡੀਜ਼ਲ ਦੇ ਭਾਅ ਕ੍ਰਮਵਾਰ 50.52 ਰੁਪਏ ਅਤੇ ਡੀਜ਼ਲ 34.86 ਰੁਪਏ ਪ੍ਰਤੀ ਲੀਟਰ ਸਨ।

ਉਥੇ ਹੀ ਮਈ 2014 'ਚ ਕੌਮਾਂਤਰੀ ਮੰਡੀ ਵਿਚ ਤੇਲ ਦੀ ਕੀਮਤ 106. 86 ਡਾਲਰ ਪ੍ਰਤੀ ਬੈਰਲ ਸੀ । ਭਾਵ ਜਦ ਸਰਕਾਰ ਨੇ ਮਈ 2014 ਨੂੰ ਦੇਸ਼ ਦੀ ਵਾਗਡੋਰ ਸੰਭਾਲੀ ਤਦ ਡੀਜ਼ਲ ਦੀ ਕੀਮਤ ਪ੍ਰਤੀ ਲੀਟਰ 57.28 ਸੀ ਅਤੇ ਪੈਟਰੋਲ 70 ਰੁਪਏ ਪ੍ਰਤੀ ਲੀਟਰ ਸੀ ਅੱਜ ਭਾਵੇਂ 2008 ਦੇ ਮੁਕਾਬਲੇ ਕੱਚੇ ਤੇਲ ਦੀਆਂ ਕੀਮਤਾਂ ਦੇ ਭਾਅ ਲਗਭਗ ਅੱਧੇ ਹਨ ਪਰ ਇਸ ਦੇ ਬਾਵਜੂਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਉਸ ਸਮੇਂ ਦੇ ਮੁਕਾਬਲੇ ਦੁਗਣੇ ਦੇ ਕਰੀਬ ਹਨ। ਇਸ ਸਮੇਂ ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਤੋਂ ਟੈਕਸ ਦੇ ਰੂਪ ਵਿਚ ਲੋਕਾਂ ਤੋਂ ਭਾਰੀ ਭਰਕਮ ਰਕਮ ਵਸੂਲੀ ਜਾ ਰਹੀ ਹੈ ਉਥੇ ਹੀ ਸੂਬਾਈ ਸਰਕਾਰਾਂ ਵਲੋਂ ਵੀ ਵੈਟ ਦੇ ਰੂਪ ਵਿਚ ਅਲਗ ਤੋਰ ਤੇ ਟੈਕਸਾਂ ਦੀ ਵਸੂਲੀ ਕੀਤੀ ਜਾ ਰਹੀ ਹੈ। ਅਰਥਾਤ ਮਜਮੂਈ ਰੂਪ ਵਿਚ ਜਨਤਾ ਦਾ ਦੋਵਾਂ ਦੁਆਰਾ ਕਚੂੰਮਰ ਕੱਢਿਆ ਜਾ ਰਿਹਾ ਹੈ ਯਾਨੀ ਅਵਾਮ ਵਿਚਾਰੇ ਉਹ ਦਾਣੇ ਹਨ ਜੋ ਉੱਕਤ ਚੱਕੀ ਦੇ ਦੋਵੇਂ ਪਾਟਾਂ ਵਿਚਕਾਰ ਪਿਸ ਰਹੇ ਹਨ । ਉਹ ਚੀਖ ਰਹੇ ਹਨ ਤੇ ਅਕਿਹ ਦਰਦ ਨਾਲ ਤੜਪ ਰਹੇ ਹਨ ਪਰ ਉਨ੍ਹਾਂ ਦੀ ਆਵਾਜ਼ ਸ਼ਾਇਦ ਕਿਸੇ ਨੂੰ ਵੀ ਸੁਣਾਈ ਨਹੀਂ ਦੇ ਰਹੀ । ਸਗੋਂ ਇਸ ਦੇ ਉਲਟ ਦੇਸ਼ ਦੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਜਦੋਂ 8,10,15 ਲੱਖਾਂ ਰੁਪਏ ਦੀ ਕਾਰ ਖਰੀਦੀ ਜਾ ਸਕਦੀ ਹੈ ਤਾਂ 80-85 ਰੁਪਏ ਪ੍ਰਤੀ ਲੀਟਰ ਪੈਟਰੋਲ ਲੈਣ 'ਚ ਕੀ ਦਿਕੱਤ ਹੈ। ਇਹ ਤਾਂ ਉਹੋ ਗੱਲ ਹੋਈ ਕਿ ਨਾਚ ਨਾ ਜਾਣੇ ਆਂਗਣ ਟੇਢਾ ਜਾਂ ਉਲ਼ਟਾ---ਕੋਤਵਾਲ ਕੋ ਡਾਂਟੇ..!  ਮਾਹਿਰਾਂ ਅਨੁਸਾਰ ਅਜਿਹੇ ਬੇ-ਤੁਕੇ ਬਿਆਨ ਲੋਕਾਂ ਦੇ ਜ਼ਖ਼ਮਾਂ ਤੇ ਲੂਣ ਛਿੜਕਣ ਦੇ ਬਰਾਬਰ ਹਨ। ਇਹੋ ਹਾਲ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦਾ ਹੈ। ਜਿਸ ਦੇ ਚਲਦਿਆਂ ਟ੍ਰਾਂਸਪੋਰਟ ਨਾਲ ਜੁੜੇ ਹੋਏ ਲੋਕੀ ਵੀ ਅੰਦਰੋਂ ਅੰਦਰੀ ਧਾਹਾਂ ਮਾਰ ਰੋ ਰਹੇ ਹਨ ਅਤੇ ਉਨ੍ਹਾਂ ਨੂੰ ਵੀ ਡਾਢੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਅਫਸੋਸ ਉਨ੍ਹਾਂ ਦਾ ਦਰਦ ਸਮਝਣ ਵਾਲਾ ਵੀ ਕੋਈ ਨਜ਼ਰ ਨਹੀਂ ਆ ਰਿਹਾ । ਇਥੇ ਇਹ ਵੀ ਦੁਖਾਂਤ ਹੈ ਕਿ ਲੋਕਾਂ ਦੀ ਇਸ ਮੁਸ਼ਕਿਲ ਦੀ ਘੜੀ ਵਿਚ ਹਾਕਮ ਧਿਰ ਦੇ ਨਾਲ-ਨਾਲ ਵਿਰੋਧੀ ਧਿਰ ਵੀ ਖਾਮੋਸ਼-ਤਮਾਸ਼ਾਈ ਬਣੀ ਵਿਖਾਈ ਦੇ ਰਹੀ ਹੈ ਇਸ ਸੰਦਰਭ ਵਿਚ ਸਾਬਕਾ ਵਿੱਤ ਮੰਤਰੀ ਯਸ਼ਵੰਤ ਸਿਨ੍ਹਾ ਨੇ ਟਵੀਟ ਕਰਕੇ ਕਿਹਾ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਮਸਲੇ ਨੂੰ ਲੈ ਕੇ ਆਖਿਰ ਵਿਰੋਧੀ ਧਿਰ ਦੀਆਂ ਪਾਰਟੀਆਂ ਵਿਰੋਧ ਵਿਚ ਸੜਕਾਂ 'ਤੇ ਕਿਉਂ ਨਹੀਂ ਉਤਰਦੀਆਂ। ਉਧਰ ਜਨਤਾ ਦਲ ਯੂ ਦੇ ਜਨਰਲ ਸਕੱਤਰ ਕੇ ਸੀ ਤਿਆਗੀ ਨੇ ਪੈਟਰੋਲ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਰੋਕ ਲਾਉਣ ਦੇ ਸੰਦਰਭ ਵਿਚ ਸਰਕਾਰ ਪਾਸੋਂ ਦਖ਼ਲ ਦੇਣ ਦੀ ਮੰਗ ਕੀਤੀ ਹੈ। ਕਿਯਾ ਖੂਬ ਕਿਹਾ ਇਕ ਕਵੀ ਨੇ : ਦਰਦ ਏ ਦਿਲ ਦਰਦ ਆਸ਼ਨਾ ਜਾਣੇ । ਔਰ ਬੇ-ਦਰਦ ਕੋਈ ਕਿਯਾ ਜਾਣੇ।

ਪਿਛਲੇ ਸਾਲ ਜਦ ਦੇਸ਼ ਚ ਜੀ. ਐਸ. ਟੀ. ਲਾਗੂ ਹੋਇਆ ਸੀ ਤਾਂ ਚਾਹੀਦਾ ਤਾਂ ਇਹ ਸੀ ਕਿ ਪੈਟਰੋਲੀਅਮ ਪਦਾਰਥਾਂ ਨੂੰ ਵੀ ਇਸ  ਦੇ ਘੇਰੇ ਵਿਚ ਲਿਆਉਂਦਾ ਜਾਂਦਾ ਪਰ ਅਜਿਹਾ ਨਹੀਂ ਕੀਤਾ ਗਿਆ ਕਿਉਂਕਿ ਇਸ ਨਾਲ ਜੋ ਭਾਰੀ ਭਰਕਮ ਟੈਕਸ ਜਾਂ ਸੈਸ ਦੇ ਰੂਪ ਵਿਚ ਵੱਖ-2 ਰਾਜਾਂ ਅਤੇ ਕੇਂਦਰ ਸਰਕਾਰ ਦੁਆਰਾ ਪੈਟਰੋਲ ਤੇ ਡੀਜ਼ਲ ਦੇ ਖਪਤਕਾਰਾਂ ਪਾਸੋਂ ਜੋ ਮੋਟੀ ਰਕਮ ਵਸੂਲੀ ਜਾ ਰਹੀ ਹੈ    ਉਸ ਵਿਚ ਭਾਰੀ ਕਮੀ ਹੋ ਜਾਣੀ ਸੀ । ਇਸ ਸੰਦਰਭ ਵਿਚ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਨੇ ਪੈਟਰੋਲ ਤੇ ਡੀਜ਼ਲ ਨੂੰ ਜੀ ਐਸ ਟੀ ਅਧੀਨ ਲਿਆਉਣ ਦੀ ਵਕਾਲਤ ਕੀਤੀ ਹੈ। ਤਾਂ ਜੋ ਖਪਤਕਾਰਾਂ ਨੂੰ ਵਧਦੀਆਂ ਕੀਮਤਾਂ ਤੋਂ ਰਾਹਤ ਦਿਵਾਈ ਜਾ ਸਕੇ। ਹਾਲਾਂਕਿ ਉਕਤ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੇ ਮੁਲਕ ਦੇ ਅਵਾਮ ਦਾ ਜਿਊਣਾ ਮੁਹਾਲ ਕੀਤਾ ਪਿਆ ਹੈ ਪਰ ਇਸ ਦੇ ਬਾਵਜੂਦ ਇਲੈਕਟ੍ਰਾਨਿਕ ਮੀਡੀਆ ਦੇ ਕੁੱਝ ਇਕ ਨਿਊਜ਼ ਚੈਨਲਾਂ ਨੂੰ ਛੱਡ ਕੇ ਬਾਕੀ ਸਭ ਚੈਨਲਾਂ ਤੋਂ ਲੋਕ ਹਿੱਤਾਂ ਨਾਲ ਜੁੜੇ ਗੰਭੀਰ ਮੁੱਦੇ ਗਾਇਬ ਹਨ । ਭਾਵ ਜਿਵੇਂ ਵਧ ਰਹੀਆਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ, ਮਹਿੰਗਾਈ ਅਤੇ ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਜਿਹੇ ਮੁੱਦੇ ਬਰੈਕਿੰਗ ਨਿਊਜ ਜਾਂ ਬਹਿਸ-ਮੁਬਾਹਸੇ 'ਚੋਂ ਅਕਸਰ ਗਾਇਬ ਹੁੰਦੇ ਹਨ ।ਇਸ ਦੀ ਥਾਂ ਵਧੇਰੇ ਚੈਨਲ ਵੱਖ-ਵੱਖ ਪ੍ਰੋਗਰਾਮਾਂ ਅਧੀਨ ਧਾਰਮਿਕ ਮਾਮਲਿਆਂ ਤੇ ਬਹਿਸ ਕਰਵਾ ਕੇ ਅਲਗ-2 ਫਿਰਕਿਆਂ 'ਚ ਨਫਰਤ ਫੈਲਾਉਣ ਵਾਲੇ ਅਖੌਤੀ ਆਗੂਆਂ ਦੇ ਮਨਘੜਤ ਬਿਆਨਾਂ ਨੂੰ ਡਿਬੇਟ ਦਾ ਵਿਸ਼ਾ ਬਣਾ ਕੇ ਜਨਤਾ ਦਾ ਅਸਲ ਮੁਦਿਆਂ ਤੋਂ ਧਿਆਨ ਹਟਾਉਂਦੇ ਨਜ਼ਰ ਆ ਰਹੇ ਹਨ । ਇਹੋ ਕਾਰਨ ਹੈ ਕਿ ਵਧੇਰੇ ਮੇਨ ਸਟਰੀਮ ਵਾਲੇ ਮੀਡੀਆ ਦੇ ਨਿਊਜ਼ ਚੈਨਲਾਂ ਤੇ ਪੈਟਰੋਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨੂੰ ਲੈ ਕੇ ਇਕ ਸੋਚੇ ਸਮਝੇ ਮਨਸੂਬੇ ਵਾਂਗ ਕਬਰਾਂ ਵਰਗੀ ਖਾਮੋਸ਼ੀ ਛਾਈ ਪਈ ਜਾਪਦੀ ਹੈ। ਅੱਜਕਲ ਦੇਸ਼ ਦੇ ਲੋਕਾਂ ਨੂੰ ਉਹ ਬਾਬਾ ਵੀ ਨਜ਼ਰ ਨਹੀਂ ਆਉਂਦਾ ਜੋ ਪੰਜ ਸਾਲ ਪਹਿਲਾਂ ਆਪਣੀਆਂ ਵੱਖ-ਵੱਖ ਸੱਭਾਵਾਂ ਤੇ ਮੀਡੀਆ ਦੇ ਚੈਨਲਾਂ ਤੇ 35 ਰੁਪਏ ਪ੍ਰਤੀ ਲੀਟਰ ਪੈਟਰੋਲ ਵੇਚਣ ਦੇ ਦਾਅਵੇ ਕਰਦਾ ਨਹੀਂ ਸੀ ਥੱਕਦਾ। ਲੋਕਾਂ ਦੇ ਹਕੀਕੀ ਮਸਲਿਆਂ ਨੂੰ ਭਾਵੇਂ ਅੱਜ ਮੀਡੀਆ ਵਿਚ ਉਹ ਥਾਂ ਨਹੀਂ ਮਿਲ ਰਹੀ ਜੋ ਮਿਲਣੀ ਚਾਹੀਦੀ ਹੈ ਪਰ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨੂੰ ਲੈ ਕੇ ਲੋਕਾਂ ਚ ਜੋ ਭਾਰੀ

ਰੋਸ ਪਾਇਆ ਜਾ ਰਿਹਾ ਹੈ ਇਸ ਦੀ ਵਧੇਰੇ ਕਰਕੇ ਤਰੁਜਮਾਨੀ ਸੋਸ਼ਲ ਮੀਡੀਆ ਦੇ ਵੱਖ-ਵੱਖ ਸੰਸਾਧਨਾਂ ਤੇ ਵੇਖਣ ਨੂੰ ਮਿਲਦੀ ਹੈ । ਸੋਸ਼ਲ ਮੀਡੀਆ ਤੇ ਕਾਰਟੂਨਾਂ ਰਾਹੀਂ ਜਾਂ ਵਿਅੰਗਮਈ ਜੁਮਲਿਆਂ ਰਾਹੀਂ ਜਾਂ ਵਾਇਰਲ ਵੀਡੀਓ ਰਾਹੀਂ ਲੋਕਾਂ ਦੇ ਅੰਦਰਲਾ ਦਰਦ  ਫੁੱਟ-ਫੁੱਟ ਬਾਹਰ ਆ ਰਿਹਾ ਹੈ। ਹੁਣ ਜਦੋਂ ਕਿ ਪਾਣੀ ਸਿਰੋਂ ਉਪਰ ਲੰਘ ਗਿਆ ਹੈ ਤਾਂ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਤੇਲ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਤੇ ਵਧਦੀ ਮਹਿੰਗਾਈ ਦੇ ਵਿਰੋਧ ਵਿਚ ਦੇਸ਼ ਅੰਦਰ ਬੰਧ ਦਾ ਐਲਾਨ ਕੀਤਾ ਹੈ ਅਸੀਂ ਸਮਝਦੇ ਹਾਂ ਕਿ ਵਿਰੋਧੀ ਧਿਰ ਨੇ ਅਜਿਹਾ ਫੈਸਲਾ ਬਹੁਤ ਦੇਰ ਲਗਾਈ ਹੈ ਪਰ ਫਿਰ ਵੀ ਇਹੋ ਕਿਹਾ ਜਾ ਸਕਦਾ ਹੈ ਕਿ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਲੋਕਾਂ ਨੂੰ ਲਾਮ ਬੰਦ ਕਰਨ ਲਈ ਦੇਰ ਬਾਅਦ ਲਿਆ ਗਿਆ ਇਕ ਸਹੀ ਫੈਸਲਾ ਹੈ। ਇਥੇ ਹਕੂਮਤ ਦਾ ਵੀ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਤੇ ਹੁਣ ਜਦੋਂ ਕਿ ਲੋਕ ਸਭਾ ਚੋਣਾਂ ਵਿਚ ਬਹੁਤ ਹੀ ਘੱਟ ਸਮਾਂ ਰਹਿ ਗਿਆ ਹੈ ਤਾਂ ਉਸ ਨੂੰ ਪਿਛਲੇ ਇਲੈਕਸ਼ਨ ਦੋਰਾਨ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਲੋਕਤੰਤਰ ਵਿਚ ਆਖ਼ਰ ਤਾਕਤ ਲੋਕਾਂ ਕੋਲ ਹੁੰਦੀ ਹੈ ਜਦੋਂ ਲੋਕ ਕਿਸੇ ਪਾਰਟੀ ਜਾਂ ਲੀਡਰ ਨੂੰ ਅਪਣੇ ਸਿਰ ਤੇ ਬਿਠਾ ਸਕਦੇ ਹਨ ਤਾਂ ਇਹੀ ਪਬਲਿਕ ਸੱਤਾ ਤੇ ਕਾਬਜ਼ ਪਾਰਟੀ ਜਾਂ ਲੀਡਰ ਨੂੰ ਸੱਤਾ ਤੋਂ ਲਾਂਭੇ ਕਰ ਅਰਸ਼ ਤੋਂ ਫਰਸ਼ ਤੇ ਵੀ ਲਿਆ ਸਕਦੀ ਹੈ।
ਮੁਹੰਮਦ ਅੱਬਾਸ ਧਾਲੀਵਾਲ 
ਮਲੇਰਕੋਟਲਾ, 9855259650


Related News