ਆਸਟ੍ਰੇਲੀਆ : ਪਰਥ 'ਚ ਕੈਨੇਡਾ ਦੀ ਫਰਮ ਨੂੰ ਖੋਦਾਈ ਦੌਰਾਨ ਮਿਲੇ 'ਸੋਨੇ ਦੇ ਪੱਥਰ'

09/10/2018 6:06:09 PM

ਪਰਥ (ਏਜੰਸੀ)— ਕੈਨੇਡਾ ਦੀ ਇਕ ਮਾਈਨਿੰਗ ਫਰਮ ਨੂੰ ਆਸਟ੍ਰੇਲੀਆ ਦੀ ਇਕ ਖਾਨ 'ਚ ਖੋਦਾਈ ਦੌਰਾਨ 108 ਕਰੋੜ ਰੁਪਏ (15 ਮਿਲੀਅਨ ਡਾਲਰ) ਦੀ ਕੀਮਤ ਦਾ ਸੋਨਾ ਮਿਲਿਆ ਹੈ। ਇਸ ਦੇਸ਼ 'ਚ ਛਿਪੇ ਹੋਏ ਸੋਨੇ ਦੇ ਭੰਡਾਰ 'ਚ ਇਹ ਸ਼ਾਇਦ ਮਿਲਣ ਵਾਲਾ ਹੁਣ ਤਕ ਦਾ ਸਭ ਤੋਂ ਵੱਡਾ ਭੰਡਾਰ ਹੈ। ਪੱਛਮੀ ਆਸਟ੍ਰੇਲੀਆ ਦੇ ਇਕ ਜ਼ਿਲੇ 'ਚ ਟੋਰਾਂਟੋ ਦੀ ਇਕ ਫਰਮ ਨੂੰ ਖੋਦਾਈ ਦੌਰਾਨ ਸੋਨੇ ਦੇ ਦੋ ਵੱਡੇ ਪੱਥਰ ਮਿਲੇ। 

ਮੀਡੀਆ ਰਿਪੋਰਟਾਂ ਮੁਤਾਬਕ, ''ਜ਼ਮੀਨ ਤੋਂ 500 ਮੀਟਰ ਅੰਦਰ ਦੀ ਖੋਦਾਈ ਦੌਰਾਨ ਮਜ਼ਦੂਰਾਂ ਨੇ 190 ਕਿਲੋਗ੍ਰਾਮ ਦਾ ਇਕ ਭਾਰੀ ਪੱਥਰ ਦੇਖਿਆ। ਪੱਥਰ 'ਚ ਮੁੱਖ ਰੂਪ 'ਚ ਦੋ ਹਿੱਸੇ ਮਿਲੇ। ਸਭ ਤੋਂ ਪਹਿਲਾਂ 95 ਕਿਲੋ ਦਾ ਪੱਥਰ ਵੱਖ ਕੀਤਾ ਗਿਆ, ਜਿਸ ਵਿਚ ਲੱਗਭਗ 69 ਕਿਲੋਗ੍ਰਾਮ ਸੋਨੇ ਦੇ ਤੱਤ ਮੌਜੂਦ ਸਨ, ਜਿਸ ਦੀ ਅਨੁਮਾਨਤ ਕੀਮਤ 236 ਲੱਖ ਦੱਸੀ ਜਾ ਰਹੀ ਹੈ। ਦੂਜੇ 63 ਕਿਲੋਗ੍ਰਾਮ ਦੇ ਪੱਥਰ ਵਿਚ 45.9 ਕਿਲੋਗ੍ਰਾਮ ਸੋਨਾ ਹੈ, ਜਿਸ ਦੀ ਕੀਮਤ ਲੱਗਭਗ 197 ਲੱਖ ਹੈ।

ਪਰਥ ਤੋਂ ਲੱਗਭਗ 600 ਕਿਲੋਮੀਟਰ ਦੀ ਦੂਰੀ 'ਤੇ 'ਬੇਟਾ ਹੰਟ ਮਾਈਨ' ਮੁਹਿੰਮ ਤਹਿਤ ਇਹ ਸੋਨੇ ਦਾ ਖਜ਼ਾਨਾ ਹੱਥ ਲੱਗਾ ਹੈ। ਮਾਈਨਿੰਗ ਕਰਨ ਵਾਲੀ ਫਰਮ ਆਰ. ਐੱਨ. ਸੀ. ਮਿਨਰਲਸ ਦੇ ਸੀ. ਈ. ਓ. ਮਾਰਕ ਸੇਲਬੇ ਨੇ ਕਿਹਾ, ''ਇਹ ਹੁਣ ਤਕ ਦੀ ਸ਼ਾਇਦ ਸਭ ਤੋਂ ਵੱਡੀ ਸੋਨੇ ਦੀ ਖੋਦਾਈ ਮੁਹਿੰਮ ਹੈ।'' ਖੋਦਾਈ ਤੋਂ ਕੱਢੇ ਗਏ ਸੋਨੇ ਨੂੰ ਤੁਰੰਤ ਪਰਥ ਸਥਿਤ ਲੈਬ ਵਿਚ ਭੇਜਿਆ ਗਿਆ, ਤਾਂ ਕਿ ਵਿਗਿਆਨਕ ਪ੍ਰਕਿਰਿਆਵਾਂ ਤੋਂ ਲੰਘਣ ਮਗਰੋਂ ਉਸ ਨੂੰ ਵੇਚਣ ਲਈ ਤਿਆਰ ਕੀਤਾ ਜਾ ਸਕੇ।


Related News