ਲਿੰਚਿੰਗ, ਭਾਰਤ ਦੀ ਨਵੀਂ ਪਛਾਣ

09/10/2018 5:47:23 PM

ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਇਹ ਸਮਾਂ ਤਕਨੀਕ ਦਾ ਯੁੱਗ ਕਹਾਉਂਦਾ ਹੈ ਜਿਸ ਵਿਚ ਕੋਈ ਸ਼ੱਕ ਵਾਲੀ ਗੱਲ ਵੀ ਨਹੀਂ। ਅੱਜ ਦੀ ਦੁਨੀਆ, ਦੁਨੀਆ ਦੇ ਇਤਿਹਾਸ ਵਿਚ ਅੱਜ ਤੱਕ ਦੀ ਸਭ ਤੋਂ ਤਕਨੀਕੀ ਦੁਨੀਆ ਹੈ, ਸਾਇੰਸ ਨੇ ਏਨੀ ਤਰੱਕੀ ਕਰ ਲਈ ਹੈ ਕਿ ਪਿਛਲੇ ਕੁਝ ਕੁ ਦਹਾਕਿਆਂ ਵਿਚ ਦੁਨੀਆ ਦੀ ਰੂਪ-ਰੇਖਾ ਪੂਰੀ ਤਰ੍ਹਾਂ ਬਦਲ ਗਈ ਹੈ। ਤਕਨੀਕ ਅਤੇ ਸੂਚਨਾ ਤਕਨੀਕ ਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਹੈਰਾਨੀ ਜਨਕ ਸਫਰ ਤੈਅ ਕਰਕੇ ਦੁਨੀਆ ਦੇ ਕੰਮ ਕਰਨ ਦਾ ਤਰੀਕਾ ਹੀ ਬਦਲ ਕੇ ਰੱਖ ਦਿੱਤਾ ਹੈ। ਵੇਖਦੇ-ਵੇਖਦੇ ਹੀ ਕੰਪਿਊਟਰ ਦੀ ਵਰਤੋਂ ਹਰ ਨਿੱਕੇ-ਵੱਡੇ ਕੰਮ ਲਈ ਹੋਣ ਲੱਗ ਪਈ, ਫਿਰ ਮੋਬਾਇਲ ਜਿਸਨੇ ਕਿ ਦੁਨੀਆ ਦੇ ਕੰਮ ਕਰਨ ਦੇ ਤਰੀਕੇ, ਗੱਲਬਾਤ ਅਤੇ ਸੰਚਾਰ ਦਾ ਤਰੀਕਾ ਅਤੇ ਫਿਰ ਇੰਟਰਨੈੱਟ ਇਕ ਤੋਂ ਬਾਅਦ ਇਕ ਹੁੰਦੀਆਂ ਇਸ ਤਰ੍ਹਾਂ ਦੀਆਂ ਕਾਢਾਂ ਨੇ ਸਾਨੂੰ ਪੂਰੀ ਤਰ੍ਹਾ ਬਦਲ ਕੇ ਰੱਖ ਦਿੱਤਾ। ਇਹ ਬਦਲਾਅ ਏਨੀ ਤੇਜ਼ੀ ਨਾਲ ਹੋਏ ਕਿ ਸਾਨੂੰ ਕੁਝ ਸੋਚਣ-ਸਮਝਣ ਦਾ ਮੌਕਾ ਹੀ ਨਹੀਂ ਮਿਲਿਆ ਅਤੇ ਅਸੀਂ ਆਪਣੇ-ਆਪ ਇਸ ਬਦਲਾਅ ਨੂੰ ਅਪਣਾ ਲਿਆ ਜਾਂ ਇੰਝ ਕਿਹਾ ਜਾ ਸਕਦਾ ਕਿ ਇਸ ਬਦਲਾਅ ਦਾ ਆਕਰਸ਼ਣ ਏਨਾ ਤਾਕਤਵਰ ਸੀ ਕਿ ਅਸੀਂ ਆਪ ਹੀ ਖਿਚੇ ਤੁਰੇ ਗਏ। ਹੁਣ ਆਲਮ ਇਹ ਹੈ ਕਿ ਕਿਸੇ ਸਮੇਂ ਜਿਸ ਤਕਨੀਕ ਨੂੰ ਮਨੁੱਖ ਚਲਾਉਂਦਾ ਸੀ ਅਤੇ ਕਾਬੂ ਕਰਦਾ ਸੀ ਅੱਜ ਉਹ ਤਕਨੀਕ ਮਨੁੱਖ ਨੂੰ ਚਲਾ ਰਹੀ ਹੈ ਅਤੇ ਪੂਰੀ ਤਰਾਂ ਸਾਡੀਆਂ ਜ਼ਿੰਦਗੀਆਂ ਨੂੰ ਕਾਬੂ ਕਰੀ ਬੈਠੀ ਹੈ ਪਰ ਹਰ ਚੀਜ਼ ਦੇ ਸਕਾਰਾਤਮਕ ਅਤੇ ਨਾਕਾਰਾਤਮਕ ਪਹਿਲੂ ਦੋਵੇਂ ਹੁੰਦੇ ਹਨ, ਜੇ ਕੋਈ ਚੀਜ਼ ਸਾਡੇ ਲਈ ਫਾਇਦਾ ਕਰਦੀ ਹੈ ਤਾਂ ਕਿਤੇ ਨਾ ਕਿਤੇ ਉਸਦਾ ਕੋਈ ਨੁਕਸਾਨ ਵੀ ਜ਼ਰੂਰ ਹੁੰਦਾ ਹੈ ਜਿਸਨੂੰ ਅਸੀਂ ਉਸਦੇ ਫਾਇਦਾ ਕਰਨ ਦੀ ਕੀਮਤ ਕਹਿ ਸਕਦੇ ਹਾਂ। ਇਸੇ ਤਰਾਂ ਤਕਨੀਕ ਜਿਸਨੇ ਦੁਨੀਆ ਨੂੰ ਇਕ ਨਵੀਂ ਦਿਸ਼ਾ ਦਿੱਤੀ ਹੈ ਕੰਮ ਕਰਨ ਦੇ ਨਵੇਂ ਅਤੇ ਤੇਜ਼ ਤਰੀਕੇ ਹੋਂਦ ਵਿਚ ਆਏ ਹਨ ਦੂਜੇ ਪਾਸੇ ਕੁਝ ਅਜਿਹੇ ਮਾੜੇ ਪ੍ਰਭਾਵ ਵੀ ਛੱਡ ਰਹੀ ਹੈ ਜਿਸਦੀ ਖ਼ਬਰ ਕੁਝ ਹਦ ਤਕ ਸਾਨੂੰ ਹੈ ਵੀ ਅਤੇ ਨਹੀਂ ਵੀ। ਬੁਰੇ ਪ੍ਰਭਾਵਾਂ ਦੇ ਪਤਾ ਹੋਣ ਦੇ ਬਾਵਜੂਦ ਅਸੀਂ ਏਨਾ

ਜ਼ਿਆਦਾ ਇਸਦੇ ਆਦੀ ਹੋ ਚੁੱਕੇ ਹਾਂ ਜਾਂ ਇਸਤੇ ਨਿਰਭਰ ਹੋ ਚੁੱਕੇ ਹਾਂ ਕਿ ਇਸਤੋਂ ਦੂਰ ਹੋਣਾ ਨਾਮੁਮਕਿਨ ਹੈ। ਅੱਜਕਲ ਅਸੀਂ ਜਦੋਂ ਵੀ ਘਰੋਂ ਕੰਮ ਲਈ ਨਿਕਲਦੇ ਹਾਂ ਜਾਂ ਕਿਤੇ ਵੀ ਜਾਣ ਲਈ ਨਿਕਲਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੇ ਮੋਬਾਇਲ ਨੂੰ ਚੈੱਕ ਕਰਦੇ ਹਾਂ, ਮੋਬਾਇਲ ਹਮੇਸ਼ਾਂ ਆਪਣੇ ਨਾਲ ਰੱਖਣਾ ਏਨਾ ਜ਼ਿਆਦਾ ਜਰੂਰੀ ਹੋ ਗਿਆ ਹੈ ਕਿ ਇਸਤੋਂ ਬਿਨ੍ਹਾਂ ਸਾਨੂੰ ਇੰਝ ਮਹਿਸੂਸ ਹੁੰਦਾ ਜਿਵੇਂ ਸਰੀਰ ਦਾ ਕੋਈ ਅੰਗ ਘੱਟ ਹੋ ਗਿਆ ਹੋਵੇ। ਚਲੋ ਮੰਨਦੇ ਹਾਂ ਕਿ ਅੱਜਕਲ ਕੰਮ-ਕਾਰ, ਕਾਰੋਬਾਰ ਆਦਿ ਇਸਤੇ ਹੀ ਨਿਰਭਰ ਕਰਦਾ ਹੈ ਇਸ ਲਈ ਇਸਦੀ ਦੂਰੀ ਬਰਦਾਸ਼ਤ ਨਾ ਕਰਨਾ ਇਕ ਮਜ਼ਬੂਰੀ ਵੀ ਹੈ। ਸੂਚਨਾ ਤਕਨੀਕ ਦੇ ਕਿੱਤੇ ਵਿਚ ਹੋਣ ਕਰਕੇ ਮੇਰਾ ਤਕਨੀਕ ਨਾਲ ਕੁਝ ਜ਼ਿਆਦਾ ਕਰੀਬੀ ਰਿਸ਼ਤਾ ਹੈ, ਸੋਸ਼ਲ ਨੈੱਟਵਰਕ, ਮੋਬਾਇਲ ਐਪਲੀਕੇਸ਼ਨ, ਇੰਟਰਨੈੱਟ ਮੈਂ ਇਹਨਾਂ ਸਭ ਚੀਜ਼ਾਂ ਨਾਲ ਕਿਸੇ ਆਮ ਵਿਅਕਤੀ ਨਾਲੋਂ ਜ਼ਿਆਦਾ ਜੁੜਿਆ ਹੋਇਆ ਹਾਂ। ਇੰਜ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਮੈਂ ਇਹਨਾਂ ਚੀਜ਼ਾਂ ਦੀ ਵਜ੍ਹਾ ਨਾਲ ਹੀ ਰੋਜ਼ੀ-ਰੋਟੀ ਕਮਾ ਰਿਹਾ ਹਾਂ। ਮੈਂ ਆਪਣੇ 15 ਸਾਲਾਂ ਦੇ ਤਜ਼ਰਬੇ ਵਿਚ ਤਕਨੀਕ ਨੂੰ ਬੀਜ ਤੋਂ ਇਕ ਸੰਘਣਾ ਰੁੱਖ ਬਣਦੇ ਵੇਖਿਆ ਹੈ, ਮੈਂ ਹਰ ਉਸ ਬਦਲਾਅ ਦਾ ਗਵਾਹ ਹਾਂ ਜੋ ਏਨੇ ਸਾਲਾਂ ਵਿਚ ਵਾਪਰੇ ਹਨ। ਇਸ ਲੇਖ ਨੂੰ ਲਿਖਣ ਦਾ ਮੁਖ ਕਾਰਨ ਤਕਨੀਕ ਦੀ ਹੁੰਦੀ ਗ਼ਲਤ ਵਰਤੋਂ ਅਤੇ ਇਸਦੇ ਮਾੜੇ ਪ੍ਰਭਾਵਾਂ ਨੂੰ ਸਾਂਝੇ ਕਰਨਾ ਹੈ। ਚੰਗੇ ਪੱਖ ਮੈਂ ਸੋਚਦਾ ਹਾਂ ਕਿ ਜ਼ਿਆਦਾਤਰ ਲੋਕ ਜਾਣਦੇ ਹਨ ਇਸੇ ਕਰਕੇ ਤਕਨੀਕ ਦਾ ਪ੍ਰਸਾਰ ਹਰ ਦਿਨ ਵਧ ਰਿਹਾ ਹੈ। ਇਕ ਆਮ ਵਿਅਕਤੀ ਪੜ੍ਹਿਆ-ਲਿਖਿਆ ਜਾਂ ਅਨਪੜ ਜਾਂ ਕੋਈ ਵੀ ਅਜਿਹਾ ਸ਼ਖਸ ਜੋ ਇਸ ਇੰਟਰਨੈੱਟ ਅਤੇ ਸੋਸ਼ਲ ਨੈੱਟਵਰਕ ਦੀ ਦੁਨੀਆ ਵਿਚ ਸਿਰਫ ਵਰਤੋਂ ਤਕ ਸੀਮਤ ਹੈ ਉਹ ਇਸਦੀ ਬਣਤਰ ਅਤੇ ਇਸਦੇ ਕੰਮ ਕਰਨ ਦੇ ਤਰੀਕੇ ਤੋਂ ਅਣਜਾਣ ਹੈ, ਉਸਨੂੰ ਨਹੀਂ ਪਤਾ ਕਿ ਸਮੇਂ ਦੀ ਬਰਬਾਦੀ, ਇਕ ਬੁਰੀ ਲਤ, ਲੋਕਾਂ ਨਾਲ ਸੋਸ਼ਲ ਨੈੱਟਵਰਕ ਤੇ ਧੋਖਾ ਧੜੀ ਜਾਂ ਇੰਝ ਦੇ ਆਮ ਨੁਕਸਾਨਾਂ ਤੋਂ ਇਲਾਵਾ ਸਾਡੇ ਕੋਲੋਂ ਜਾਣੇ-ਅਣਜਾਣੇ ਇਹ ਕੰਪਨੀਆਂ ਕਿੰਨੀਆਂ ਜਾਣਕਾਰੀਆਂ ਲੈ ਲੈਂਦੀਆਂ ਹਨ ਅਤੇ ਕਿੰਨੀ ਤਰਾਂ ਦੇ ਹੋਰ ਨੁਕਸਾਨ ਹਨ। ਜੇਕਰ ਇਹਨਾਂ ਦੀ ਇਕ ਸੂਚੀ ਤਿਆਰ ਕੀਤੀ ਜਾਵੇ ਤਾਂ ਇਕੱਲੇ-ਇਕੱਲੇ ਨੁਕਸਾਨ ਉੱਤੇ ਲੇਖ ਲਿਖਿਆ ਜਾ ਸਕਦਾ ਹੈ ਪਰ ਮੈਂ ਜਿਸ ਵਿਸ਼ੇ ਨੂੰ ਸਾਂਝਾ ਕਰਨਾ ਚਾਉਂਦਾ ਹਾਂ ਉਹ ਸੋਸ਼ਲ ਨੈੱਟਵਰਕ ਦਾ ਬਹੁਤ ਹੀ ਬੁਰਾ ਪ੍ਰਭਾਵ ਹੈ ਜਿਸ ਨੇ ਜ਼ਿਆਦਾਤਰ ਲੋਕਾਂ ਨੂੰ ਆਪਣੀ ਲਪੇਟ ਵਿਚ ਲਿਆ ਹੈ ਜਿਸ ਕਰਕੇ ਕਈਆਂ ਨੂੰ ਆਪਣੀ ਜਾਨ ਵੀ ਗਵਾਉਣੀ ਪੈ ਗਈ ਹੈ। ਹਰ ਕੋਈ ਵਟਸਐਪ ਅਤੇ ਫੇਸਬੁੱਕ ਵਰਤਣ ਵਾਲਾ ਵਿਅਕਤੀ ਜਾਣੇ-ਅਣਜਾਣੇ ਇਸਦੇ ਪ੍ਰਭਾਵ ਅਧੀਨ ਹੈ। ਉਹ ਵਿਸ਼ਾ ਹੈ ਝੂਠੀਆਂ ਖ਼ਬਰਾਂ ਜਾਂ ਅਫਵਾਵਾਂ ਦਾ ਅਦਾਨ-ਪ੍ਰਦਾਨ। ਹਰ ਕੋਈ ਵਿਅਕਤੀ ਜੋ ਵਟਸਐਪ ਦੀ ਵਰਤੋਂ ਕਰਦਾ ਹੈ ਉਹ ਵਟਸਐਪ ਤੇ ਬਣਾਏ ਹੋਏ ਗਰੁੱਪਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਹਰ ਰੋਜ਼ ਅਸੀਂ ਵਟਸਐਪ ਦੇ ਅਲੱਗ-ਅਲੱਗ ਗਰੁੱਪਾਂ ਤੋਂ ਅਣਗਿਣਤ ਮੈਸਜ ਪ੍ਰਾਪਤ ਕਰਦੇ ਹਾਂ, ਦੁਨੀਆ ਦੇ ਕਿਸੇ ਵੀ ਕੋਨੇ ਵਿਚ ਕੁਝ ਵੀ ਵਾਪਰਿਆ ਹੋਵੇ ਅਸੀਂ ਮਿੰਟਾਂ-ਸਕਿੰਟਾਂ ਵਿਚ ਸਭ ਘਟਨਾਵਾਂ ਤੋਂ ਜਾਣੂ ਹੋ ਜਾਂਦੇ ਹਾਂ। ਭਾਰਤ ਵਿਚ ਦੁਨੀਆਂ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਵਟਸਐਪ ਦੇ ਮੈਸਜ ਭੇਜੇ ਜਾਂਦੇ ਹਨ, ਜਿਨ੍ਹਾਂ ਵਿਚ ਸਭ ਤੋਂ ਵੱਡੀ ਗਿਣਤੀ ਗੁੱਡ ਮੋਰਨਿੰਗ ਮੈਸਜਾਂ ਦੀ ਹੈ, ਇਕ ਸਰਵੇ ਦੇ ਅਧਾਰ ਤੇ ਇਹ ਕਿਹਾ ਗਿਆ ਹੈ ਕਿ ਭਾਰਤ ਵਿਚ ਤਕਨੀਕ ਦੀ ਦੁਰਵਰਤੋਂ ਸਭ ਤੋਂ ਜ਼ਿਆਦਾ ਹੁੰਦੀ ਹੈ। ਇਹਨਾਂ ਗੁੱਡ ਮੋਰਨਿੰਗ ਮੈਸਜ ਤੋਂ ਇਲਾਵਾ ਧਾਰਮਿਕ ਮੈਸਜ, ਲੜੀਵਾਰ ਮੈਸਜ ਜਿਵੇਂ ਕਿਸੇ ਮੈਸਜ ਦੇ ਥੱਲੇ ਲਿਖਿਆ ਹੁੰਦਾ 10 ਲੋਕਾਂ ਨੂੰ ਭੇਜੋ ਨਹੀਂ ਤਾਂ ਬੁਰਾ ਹੋਊਗਾ ਅਤੇ ਸਭ ਤੋਂ ਵੱਡੀ ਦੁਰਵਰਤੋਂ ਜੋ ਕਿ ਹੈ ਝੂਠੀਆਂ ਅਫਵਾਵਾਂ ਵਾਲੇ ਮੈਸਜ। ਇਹਨਾਂ ਝੂਠੇ ਸੰਦੇਸ਼ਾਂ ਨੇ ਸਮਾਜ ਵਿਚ ਇਕ ਨਵੀਂ ਰੀਤ ਨੂੰ ਜਨਮ ਦੇ ਦਿੱਤਾ ਹੈ ਜਿਸਨੂੰ ਲਿੰਚਿੰਗ (ਲੋਕਾਂ ਦੁਆਰਾ ਕਿਸੇ ਨੂੰ ਬਿਨ੍ਹਾਂ ਵਜ੍ਹਾ ਕੁੱਟ-ਕੁੱਟ ਕੇ ਮਾਰਨਾ) ਕਿਹਾ ਜਾਂਦਾ ਹਾਂ। ਇਹ ਦਿਨੋਂ ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ, ਇਸ ਵਿਚ ਕੋਈ ਵੀ ਫੋਟੋ ਜਾਂ ਵੀਡੀਓ ਲੋਕ ਸੋਸ਼ਲ ਮੀਡੀਆ ਉੱਤੇ ਇਕ ਦੂਜੇ ਨੂੰ ਭੇਜਦੇ ਹਨ ਜਿਸ ਵਿਚ ਕੋਈ ਕਿਸੇ ਬਚੇ ਨੂੰ ਅਗਵਾਹ ਕਰਦਾ ਦਿਖਾਇਆ ਗਿਆ ਹੁੰਦਾ ਹੈ ਜਾਂ ਕੁਝ ਹੋਰ ਇੰਜ ਦੀ ਘਟਨਾ, ਜਿਸਨੂੰ ਲੋਕ ਬਿਨ੍ਹਾਂ ਸੋਚੇ-ਸਮਝੇ ਅਤੇ ਬਿਨ੍ਹਾਂ ਉਸਦਾ ਸੱਚ ਜਾਣੇ ਸ਼ੇਅਰ ਕਰਨਾ ਸ਼ੁਰੂ ਕਰ ਦੇਂਦੇ ਹਨ ਅਤੇ ਜਦੋਂ ਕਿਤੇ ਉਹ ਵਿਅਕਤੀ ਲੋਕਾਂ ਦੇ ਹੱਥ ਆਉਂਦਾ ਹੈ ਉਹ ਉਸਨੂੰ ਕੁੱਟ-ਕੁੱਟ ਕੇ ਹੀ ਮਾਰ ਦੇਂਦੇ ਹਨ। ਮਈ 2018 ਤਕ 25 ਦੇ ਕਰੀਬ ਲੋਕ ਲਿੰਚਿੰਗ ਦਾ ਸ਼ਿਕਾਰ ਹੋ ਚੁਕੇ ਹਨ, ਜਿੰਨ੍ਹਾਂ ਨੂੰ ਵਟਸਐਪ ਤੇ ਝੂਠੀਆਂ ਅਫ਼ਵਾਹਾਂ ਕਾਰਨ ਆਪਣੀ ਜਾਨ ਤੋਂ ਹੱਥ ਧੋਣੇ ਪਏ। ਜੁਲਾਈ ਵਿੱਚ ਕਰਨਾਟਕਾ ਵਿਚ ਇਕ 32 ਸਾਲਾ ਇੰਜੀਨਿਯਰ ਅਤੇ 3 ਹੋਰਾਂ ਉੱਤੇ ਭੀੜ ਵਲੋਂ ਹਮਲਾ ਕੀਤਾ ਗਿਆ ਕਿਉਂਕਿ ਉਸਦੀ ਇਕ ਵੀਡੀਓ ਵਟਸਐਪ ਤੇ ਵਾਇਰਲ ਹੋਈ ਸੀ ਜਿਸ ਵਿਚ ਉਹ ਬੱਚਿਆਂ ਨੂੰ ਚਾਕਲੇਟ ਵੰਡ ਰਹੇ ਸੀ ਪਰ ਉਸਨੂੰ ਰੂਪ-ਰੇਖਾ ਇਹ ਦੇ ਦਿੱਤੀ ਗਈ ਕਿ ਉਹ ਬੱਚੇ ਅਗਵਾਹ ਕਰਨ ਵਾਲੇ ਹਨ। ਇਸੇ ਤਰਾਂ ਮਹਾਂਰਾਸ਼ਟਰ ਵਿਚ 5 ਆਦਮੀਆਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਕਿਉਂਕਿ ਇਕ ਵੀਡੀਓ ਵਿਚ ਉਹਨਾਂ ਨੂੰ ਮਨੁੱਖੀ ਅੰਗਾਂ ਦਾ ਤਸਕਰ ਦਿਖਾਇਆ ਗਿਆ ਸੀ, ਭੀੜ ਨੇ ਬਿਨ੍ਹਾਂ ਕੁਝ ਸੋਚੇ ਉਹਨਾਂ ਨੂੰ ਮੌਤ ਦੀ ਸਜ਼ਾ ਦੇ ਦਿੱਤੀ। ਇਸੇ ਤਰਾਂ ਜੁਲਾਈ ਵਿਚ ਭੀੜ ਨੇ ਅਸਾਮ ਵਿਚ ਹਮਲਾ ਕੀਤਾ ਪਰ

ਫੌਜ ਦੇ ਸਹੀ ਸਮੇਂ ਤੇ ਪਹੁੰਚ ਜਾਣ ਕਰਕੇ ਉਸ ਇਨਸਾਨ ਦੀ ਜਾਨ ਬਚਾ ਲਈ ਗਈ, ਫਿਰ ਜੂਨ ਵਿਚ 3 ਵਿਅਕਤੀ ਭੀੜ ਦੀ ਵਹਿਸ਼ਤ ਦਾ ਸ਼ਿਕਾਰ ਹੋਏ ਅਤੇ ਇਹ ਸਿਲਸਿਲਾ ਇਸੇ ਤਰ੍ਹਾਂ ਚੱਲੀ ਜਾ ਰਿਹਾ ਹੈ। ਇਹ ਸਭ ਘਟਨਾਵਾਂ ਦੀ ਜਦੋਂ ਜਾਂਚ ਕੀਤੀ ਗਈ ਤਾਂ ਇਕ ਵੀ ਅਫਵਾਹ ਸਹੀ ਨਹੀਂ ਸੀ ਅਤੇ ਗਲਤ ਖ਼ਬਰਾਂ ਦੇ ਅਦਾਨ-ਪ੍ਰਦਾਨ ਨੇ ਕਿੰਨ੍ਹੇ ਲੋਕਾਂ ਦੀ ਜਾਨ ਲੈ ਲਈ। ਧਿਆਨਯੋਗ ਹੈ ਕਿ ਜਿਆਦਾਤਰ ਘਟਨਾਵਾਂ ਪੇਂਡੂ ਇਲਾਕਿਆਂ ਦੀਆਂ ਹਨ ਅਤੇ ਤਕਨੀਕੀ ਮਾਹਰਾਂ ਦਾ ਮੰਨਣਾ ਹੈ ਕਿ ਅਨਪੜ੍ਹਤਾ ਅਤੇ ਅੰਧਵਿਸ਼ਵਾਸ ਇਨ੍ਹਾਂ ਘਟਨਾਵਾਂ ਦਾ ਮੁੱਖ ਕਾਰਨ ਹਨ ਕਿਉਂਕਿ ਲੋਕ ਸਹੀ ਗ਼ਲਤ ਦੀ ਪਹਿਚਾਨ ਕਰਨ ਦੇ ਯੋਗ ਨਹੀਂ ਹਨ। ਤਕਨੀਕ ਉਹਨਾਂ ਲਈ ਨਵੀਂ ਹੈ ਅਤੇ ਉਹ ਇਸ ਗੱਲ ਤੋਂ ਅਣਜਾਣ ਹਨ ਕਿ ਤਕਨੀਕ ਦੀ ਗਲਤ ਵਰਤੋਂ ਹੋ ਰਹੀ ਹੈ ਪਰ ਜੋ ਵੀ ਹੈ ਕਿਸੇ ਦੀ ਜਾਨ ਤਾਂ ਚਲੀ ਗਈ ਭਾਵੇਂ ਗ਼ਲਤਫ਼ਹਿਮੀ ਕਾਰਨ ਭਾਵੇਂ ਅੰਜਾਨਪੁਣੇ ਵਿਚ। ਇਹ ਮਸਲਾ ਏਨਾ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਕਿ ਸੂਚਨਾ ਤਕਨੀਕ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵਟਸਐਪ ਦੇ ਮਾਲਕਾਂ ਨੂੰ ਕਿਹਾ ਹੈ ਕਿ ਭਾਰਤ ਵਿਚ 200 ਮਿਲੀਅਨ ਤੋਂ ਜ਼ਿਆਦਾ ਵਟਸਐਪ ਯੂਜ਼ਰ ਹਨ ਜੋ ਕਿ ਦੁਨੀਆਂ ਦਾ ਸਭ ਤੋਂ ਵੱਡਾ ਬਜ਼ਾਰ ਹੈ ਇਸ ਲਈ ਉਹਨਾਂ ਨੂੰ ਸੁਰੱਖਿਆ ਦਾ ਖਾਸ ਧਿਆਨ
ਦੇਣਾ ਚਾਹੀਦਾ ਹੈ ਅਤੇ ਕੁਝ ਅਜਿਹੀ ਤਕਨੀਕ ਬਣਾਉਣ ਜਿਸ ਨਾਲ ਝੂਠੀਆਂ ਖ਼ਬਰਾਂ ਤੇ ਪਾਬੰਦੀ ਲਗਾਉਣ ਦਾ ਕੋਈ ਤਰੀਕਾ ਲੱਭਿਆ ਜਾ ਸਕੇ ਅਤੇ ਇਹ ਵੀ ਪਤਾ ਲਗਾਇਆ ਜਾ ਸਕੇ ਕਿ ਇਸਦੀ ਸ਼ੁਰੂਵਤ ਕੌਣ ਕਰਦਾ ਹੈ। ਵਟਸਐਪ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਕਿਹਾ ਕਿ ਉਹ ਤਕਨੀਕ ਦੁਆਰਾ ਇਸਦਾ ਹੱਲ ਲੱਭ ਰਹੇ ਹਨ ਪਰ ਉਹਨਾਂ ਕਿਹਾ ਕਿ ਪਹਿਲਾ ਕਦਮ ਲੋਕਾਂ ਨੂੰ ਜਾਗਰੂਕ ਕਰਨਾ ਹੈ ਇਸ ਲਈ ਉਹਨਾਂ ਨੇ ਭਾਰਤ ਦੇ ਲਗਭਗ ਹਰ ਅਖ਼ਬਾਰ ਵਿਚ ਵੱਡੇ-ਵੱਡੇ ਇਸ਼ਤਿਹਾਰ ਦਿੱਤੇ ਹਨ ਜਿਸ ਵਿਚ ਉਹਨਾਂ ਨੇ ਲੋਕਾਂ ਨੂੰ ਝੂਠੀਆਂ ਅਫਵਾਵਾਂ ਤੋਂ ਬਚਣ ਲਈ ਤਰੀਕੇ ਦੱਸੇ ਹਨ। ਫਿਲਹਾਲ ਤਕਨੀਕੀ ਤੌਰ ਤੇ ਝੂਠੀਆਂ-ਸੱਚੀਆਂ ਖਬਰਾਂ ਦਾ ਪਤਾ ਲਗਾਉਣਾ ਸੰਭਵ ਨਹੀਂ ਹੈ ਕਿਉਂਕਿ ਵਟਸਐਪ ਦੇ ਸਾਰੇ ਮੈਸਜਾਂ ਦੀ ਇੰਕ੍ਰਿਪਸ਼ਨ ਕਰ ਦਿੱਤੀ ਜਾਂਦੀ ਹੈ ਜਿਸ ਕਰਕੇ ਸਿਰਫ਼ ਭੇਜਣ ਅਤੇ ਪ੍ਰਾਪਤ ਕਰਨ ਵਾਲਾ ਵਿਅਕਤੀ ਹੀ ਉਹ ਮੈਸਜ ਪੜ੍ਹ ਸਕਦਾ ਹੈ ਪਰ ਉਮੀਦ ਹੈ ਕਿ ਜਲਦੀ ਹੀ ਇਸਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭ ਲਿਆ ਜਾਵੇਗਾ। ਅੱਜਕਲ੍ਹ ਵਟਸਐਪ ਤੇ ਅੱਗੇ ਭੇਜੇ ਜਾਣ ਵਾਲੇ ਹਰ ਮੈਸਜ

ਉੱਤੇ 'ਫਾਰਵਰਡਡ' ਲਿਖਿਆ ਆਉਂਦਾ ਹੈ ਤਾਂ ਜੋ ਮੈਸਜ ਪ੍ਰਾਪਤ ਹੋਣ ਤੇ ਇਹ ਪਤਾ ਲੱਗ ਸਕੇ ਕਿ ਇਹ ਕਿਸੇ ਦੁਆਰਾ ਅੱਗੇ ਭੇਜਿਆ ਗਿਆ ਹੈ ਭੇਜਣ ਵਾਲਾ ਇਸਦਾ ਅਸਲੀ ਰਚਨਹਾਰ ਨਹੀਂ ਹੈ ਅਤੇ ਇਸਤੋਂ ਇਲਾਵਾ ਇਕ ਸਮੇਂ ਹੁਣ ਅਸੀਂ 5 ਤੋਂ ਜਿਆਦਾ ਲੋਕਾਂ ਨੂੰ ਮੈਸਜ ਫਾਰਵਰਡ ਨਹੀਂ ਕਰ ਸਕਦੇ। ਇਹ ਛੋਟੇ-ਛੋਟੇ ਕਦਮ ਉਠਾ ਕੇ ਸੁਰੱਖਿਆ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿੰਨ੍ਹਾਂ ਹੋ ਸਕੇ ਲੋਕਾਂ ਦੀ ਸੁਰੱਖਿਆ ਨਿਸ਼ਚਿਤ ਬਣਾਈ ਜਾਵੇ। ਪਿਛਲੇ ਵਰ੍ਹੇ ਭਾਰਤ ਵਿਚ 134 ਮਿਲੀਅਨ ਮੋਬਾਇਲ ਫ਼ੋਨ ਵਿਕੇ ਜੋ ਕਿ ਚੀਨ ਤੋਂ ਬਾਅਦ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਮਾਰਕਿਟ ਹੈ। ਏਨੀ ਵੱਡੀ ਗਿਣਤੀ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹਰ ਵਿਅਕਤੀ ਤਕਨੀਕ ਨਾਲ ਜੁੜ ਰਿਹਾ ਹੈ। 4ਜੀ ਦੇ ਪ੍ਰਸਾਰ ਤੋਂ ਬਾਅਦ ਟੈਲੀਕਾਮ ਕੰਪਨੀਆਂ ਵਿਚ ਇਕ ਜੰਗ ਛਿੜ ਗਈ ਹੈ ਹਰ ਕੋਈ ਇਕ ਤੋਂ ਇਕ ਆਫਰ ਆਪਣੇ ਉਪਭੋਗਤਾ ਨੂੰ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨਾਲ ਜੇ ਇਕ ਪਾਸੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋਇਆ ਹੈ ਦੂਜੇ ਪਾਸੇ ਨਵੀਆਂ ਮੁਸ਼ਕਲਾਂ ਨੇ ਸਿਰ ਚੁੱਕਿਆ ਹੈ। ਕਿਉਂਕਿ ਜਿਸ ਦੇਸ਼ ਵਿਚ ਜ਼ਿਆਦਾ ਅਬਾਦੀ ਅਨਪੜ ਅਤੇ ਅੰਧਵਿਸ਼ਵਾਸੀ ਹੋਵੇ ਉਥੇ ਤਕਨੀਕ ਦਾ ਪ੍ਰਯੋਗ ਅੱਗੇ ਵਧਣ ਨਾਲੋਂ ਜਿਆਦਾ ਬੇਫ਼ਜ਼ੂਲ ਦੀਆਂ ਚੀਜ਼ਾਂ ਵਿਚ ਹੁੰਦਾ ਹੈ, ਸਾਡੇ ਲੋਕ ਏਨੇ ਵਿਹਲੇ ਹਨ ਕਿ ਸਵੇਰੇ ਉੱਠ ਕੇ ਗੁੱਡ ਮੋਰਨਿੰਗ ਦਾ ਮੈਸਜ ਭੇਜਣਾ ਆਪਣਾ ਫ਼ਰਜ਼ ਸਮਝਦੇ ਹਨ, ਕੋਈ ਵੀ ਵੀਡੀਓ ਜਾਂ ਮੈਸਜ ਹੋਵੇ ਉਸਨੂੰ ਅੱਗੇ ਫਾਰਵਰਡ ਕਰਨਾ ਉਹਨਾਂ ਦੀ ਡਿਊਟੀ ਬਣ ਚੁੱਕਾ ਹੈ, ਭਾਵੇਂ ਅਗਲੇ ਬੰਦੇ ਨੂੰ ਉਹ ਚਾਹੀਦਾ ਹੈ ਜਾਂ ਨਹੀਂ ਪਰ ਫਿਰ ਵੀ ਭੇਜਿਆ ਜਾਂਦਾ ਹੈ। ਜਦੋਂ ਦੁਨੀਆ ਦੇ ਦੂਜੇ ਕਾਮਯਾਬ ਦੇਸ਼ ਅੱਗੇ ਨਵੀਆਂ ਕਾਢਾਂ ਕੱਢਣ ਵਿਚ ਲੱਗੇ ਹੋਏ ਹਨ ਉਥੇ ਸਾਡੇ ਦੇਸ਼ਵਾਸੀ ਅਫਵਾਵਾਂ ਫੈਲਾਉਣ ਵਿੱਚ ਸਮਾਂ ਗਵਾ ਰਹੇ ਹਨ।
ਸਨਦੀਪ ਸਿੰਘ ਸਿੱਧੂ
9463661542


Related News