ਆਸਟ੍ਰੇਲੀਆ ''ਚ ਚੱਲ ਰਿਹੈ ਜਲ ਸੈਨਾ ਯੁੱਧ ਅਭਿਆਸ, ਚੀਨ-ਭਾਰਤ ਸਮੇਤ ਇਹ ਦੇਸ਼ ਲੈ ਰਹੇ ਨੇ ਹਿੱਸਾ

09/10/2018 4:51:56 PM

ਡਾਰਵਿਨ (ਏਜੰਸੀ)— ਆਸਟ੍ਰੇਲੀਆ ਦੇ ਸ਼ਹਿਰ ਡਾਰਵਿਨ 'ਚ ਸਭ ਤੋਂ ਵੱਡਾ ਜਲ ਸੈਨਾ ਯੁੱਧ ਅਭਿਆਸ ਚੱਲ ਰਿਹਾ ਹੈ। ਇਸ ਯੁੱਧ ਅਭਿਆਸ ਦੀ ਖਾਸੀਅਤ ਇਹ ਹੈ ਕਿ ਇਸ 'ਚ ਚੀਨ ਅਤੇ ਭਾਰਤ ਦੋਵੇਂ ਹੀ ਸ਼ਾਮਲ ਹਨ। ਚੀਨ ਪਹਿਲੀ ਵਾਰ ਇਸ ਅਭਿਆਸ ਦਾ ਹਿੱਸਾ ਬਣਨ ਜਾ ਰਿਹਾ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਰਣਨੀਤਕ ਤੌਰ 'ਤੇ ਅਹਿਮੀਅਤ ਰੱਖਣ ਵਾਲੇ ਯੁੱਧ ਅਭਿਆਸ ਵਿਚ ਚੀਨ ਅਤੇ ਭਾਰਤ ਦੋਵੇਂ ਹੀ ਹਿੱਸਾ ਲੈ ਰਹੇ ਹਨ। ਇਸ ਯੁੱਧ ਅਭਿਆਸ ਵਿਚ 27 ਦੇਸ਼ਾਂ ਦੇ 3,000 ਜਲ ਸੈਨਿਕ ਹਿੱਸਾ ਲੈ ਰਹੇ ਹਨ। ਇਸ ਅਭਿਆਸ ਵਿਚ ਚੀਨ, ਜਾਪਾਨ, ਦੱਖਣੀ ਕੋਰੀਆ, ਥਾਈਲੈਂਡ, ਇੰਡੋਨੇਸ਼ੀਆ, ਬੰਗਲਾਦੇਸ਼, ਬਰੂਨੇਈ, ਕੰਬੋਡੀਆ, ਕੈਨੇਡਾ, ਚਿਲੀ, ਕੁੱਕ ਆਈਲੈਂਡ, ਫਿਜੀ, ਫਰਾਂਸ, ਭਾਰਤ, ਮਲੇਸ਼ੀਆ, ਨਿਊਜ਼ੀਲੈਂਡ, ਪਾਕਿਸਤਾਨ, ਪਾਪੂਆ ਨਿਊ ਗਿਨੀ, ਫਿਲਪੀਨਜ਼, ਸਿੰਗਾਪੁਰ, ਸ਼੍ਰੀਲੰਕਾ, ਈਸਟ ਤਿਮੋਰ, ਟੋਂਗਾ, ਯੂ. ਏ. ਈ, ਅਮਰੀਕਾ, ਆਸਟ੍ਰੇਲੀਆ ਅਤੇ ਵੀਅਤਨਾਮ ਵਰਗੇ ਦੇਸ਼ ਹਿੱਸਾ ਲੈ ਰਹੇ ਹਨ। 

ਡਾਰਵਿਨ, ਆਸਟ੍ਰੇਲੀਆ ਦਾ ਉਹ ਸ਼ਹਿਰ ਹੈ ਜੋ ਰਣਨੀਤਕ ਤੌਰ 'ਤੇ ਕਾਫੀ ਅਹਿਮੀਅਤ ਰੱਖਦਾ ਹੈ। ਇਹ ਸ਼ਹਿਰ ਏਸ਼ੀਆ ਦਾ ਦੁਆਰ ਹੈ ਅਤੇ ਨਾਲ ਹੀ ਸਾਲ 2011 ਤੋਂ ਅਮਰੀਕਾ ਨੇਵੀ ਦਾ ਬੇਸ ਹੈ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇਵੀ ਨੂੰ ਇੱਥੇ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਦੀ ਫੌਜ ਨਾਲ ਸ਼ਾਮਲ ਕੀਤਾ ਗਿਆ ਹੈ। ਚੀਨ ਲਈ ਇਹ ਇਕ ਮੌਕਾ ਹੋ ਸਕਦਾ ਹੈ ਕਿ ਉਹ ਇਨ੍ਹਾਂ ਦੇਸ਼ਾਂ ਨਾਲ ਆਪਣੇ ਰਿਸ਼ਤਿਆਂ ਨੂੰ ਸੁਧਾਰ ਸਕਦਾ ਹੈ, ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਦੇਸ਼ਾਂ ਦੇ ਸਬੰਧ ਕਾਫੀ ਤਣਾਅਪੂਰਨ ਹੋ ਗਏ ਹਨ। 

ਅਭਿਆਸ ਕਾਕਾਡੂ ਦਾ ਆਯੋਜਨ ਇਸ ਸਮੇਂ ਡਾਰਵਿਨ ਦੇ ਉੱਤਰੀ ਹਿੱਸੇ ਵਿਚ ਹੋ ਰਿਹਾ ਹੈ। ਇਸ ਅਭਿਆਸ 'ਚ ਇੰਡੋ-ਪੈਸੇਫਿਕ ਖੇਤਰ ਤੋਂ 23 ਜਹਾਜ਼ ਅਤੇ ਪਣਡੁੱਬੀਆਂ ਹਿੱਸਾ ਲੈ ਰਹੀਆਂ ਹਨ। ਅਭਿਆਸ ਵਿਚ ਰਾਇਲ ਆਸਟ੍ਰੇਲੀਅਨ ਏਅਰਫੋਰਸ ਦੇ 21 ਏਅਰਕ੍ਰਾਫਟ ਵੀ ਸ਼ਾਮਲ ਹਨ। ਅਭਿਆਸ ਦੇ ਜ਼ਰੀਏ ਜਹਾਜ਼ ਅਤੇ ਪਣਡੁੱਬੀਆਂ ਇਸ ਹਿੱਸੇ ਤੋਂ ਜਾਣੂ ਹੋ ਸਕਣਗੀਆਂ ਅਤੇ ਇਸ ਨਾਲ ਕਿਸੇ ਵੀ ਆਫਤ ਦੇ ਸਮੇਂ ਆਪਸੀ ਟਕਰਾਅ ਦੀ ਸੰਭਾਵਨਾ ਖਤਮ ਹੋ ਸਕੇਗੀ। ਇਸ ਅਭਿਆਸ ਦੀ ਸ਼ੁਰੂਆਤ ਸਾਲ 1993 ਵਿਚ ਹੋਈ ਸੀ। ਇਸ ਨੂੰ ਰਾਇਲ ਆਸਟ੍ਰੇਲੀਅਨ ਨੇਵੀ ਵਲੋਂ ਆਯੋਜਿਤ ਕੀਤਾ ਜਾਂਦਾ ਹੈ ਅਤੇ ਰਾਇਲ ਆਸਟ੍ਰੇਲੀਅਨ ਏਅਰਫੋਰਸ ਵਲੋਂ ਇਸ ਨੂੰ ਮਦਦ ਮਿਲਦੀ ਹੈ। ਆਸਟ੍ਰੇਲੀਆ ਦੇ ਉੱਤਰੀ ਹਿੱਸੇ ਵਿਚ ਕਾਕਾਡੂ ਨੈਸ਼ਨਲ ਪਾਰਕ ਹੈ ਅਤੇ ਇਸ ਅਭਿਆਸ ਦਾ ਨਾਂ ਇਸ ਦੇ ਆਧਾਰ 'ਤੇ ਹੀ ਰੱਖਿਆ ਗਿਆ ਹੈ। ਕਾਕਾਡੂ ਅਭਿਆਸ ਦਾ ਇਹ 14ਵਾਂ ਆਡੀਸ਼ਨ ਹੈ।


Related News