ਇਟਲੀ ''ਚ ਫੈਲਿਆ ਨਿਮੋਨੀਆ, ਸਿਹਤ ਵਿਭਾਗ ਕਰ ਰਿਹੈ ਜਾਂਚ

09/10/2018 2:30:40 PM

ਰੋਮ (ਕੈਂਥ)— ਇਟਲੀ ਵਿਚ ਪਹਿਲਾਂ ਗਰਮੀ ਨੇ ਲੋਕਾਂ ਨੂੰ ਹਾਲੋਂ-ਬੇਹਾਲ ਕਰ ਰੱਖਿਆ ਤੇ ਫਿਰ ਕੁਝ ਇਲਾਕਿਆਂ ਵਿੱਚ ਮੀਂਹ ਨੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਅਤੇ ਹੁਣ ਪੀਣ ਵਾਲੇ ਪਾਣੀ ਵਿਚ ਆਏ ਵਾਇਰਸ ਨੇ ਇਟਲੀ ਦੇ ਸਿਹਤ ਵਿਭਾਗ ਨੂੰ ਭਾਜੜਾਂ ਪੁਆ ਦਿੱਤੀਆਂ ਹਨ। ਉੱਤਰੀ ਇਟਲੀ ਵਿੱਚ 150 ਅਜਿਹੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਤੋਂ ੁਤਾ ਲੱਗਾ ਹੈ ਕਿ ਵੱਡੀ ਗਿਣਤੀ 'ਚ ਲੋਕ ਨਿਮੋਨੀਆ ਕਾਰਨ ਪੀੜਤ ਹਨ। ਉੱਤਰੀ ਇਟਲੀ ਦੇ ਕਈ ਸ਼ਹਿਰਾਂ ਵਿੱਚ ਪਾਣੀ ਦੀ ਸਪਲਾਈ ਵਿੱਚ ਨਿਮੋਨੀਏ ਦੇ ਕੀਟਾਣੂ ਹੋਣ ਦਾ ਸ਼ੱਕ ਹੈ ਜਿਸ ਲਈ ਸਥਾਨਕ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਪਾਣੀ ਦੀ ਜਾਂਚ ਲਈ ਡਿਸਟ੍ਰੀਬਿਊਸ਼ਨ ਨੈੱਟਵਰਕ ਤੋਂ ਸੈਂਪਲ ਲਏ ਹਨ। ਇਸ ਦੀ ਰਿਪੋਰਟ ਕੁਝ ਹੀ ਦਿਨਾਂ ਵਿੱਚ ਸਾਹਮਣੇ ਆਉਣ ਦੀ ਆਸ ਹੈ। 

ਸਥਾਨਕ ਮੀਡੀਆ ਦੀ ਰਿਪੋਰਟ ਅਨੁਸਾਰ ਬੀਤੇ ਦਿਨੀਂ ਉੱਤਰੀ ਇਟਲੀ ਵਿੱਚ ਇੱਕ 69 ਸਾਲ ਦੀ ਔਰਤ ਅਤੇ ਇੱਕ 85 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਸਿਹਤ ਵਿਭਾਗ ਵਲੋਂ ਇਸ ਹਫਤੇ ਹੋਈਆਂ ਮੌਤਾਂ ਦਾ ਕਾਰਨ ਲੱਭਣ ਲਈ ਪੋਸਟਮਾਰਟਮ ਕੀਤੇ ਜਾਣੇ ਹਨ। ਜੇਕਰ ਕਿਸੇ ਨੂੰ ਨਿਮੋਨੀਆ ਹੋਵੇ ਤਾਂ ਉਸ ਦੇ ਕੀਟਾਣੂ ਰੋਗੀ ਦੇ ਫੇਫੜਿਆਂ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰਦੇ ਹਨ । ਕਈ ਵਾਰ ਨਿਮੋਨੀਆ ਕਾਰਨ ਮੌਤ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ। ਲੰਬਾਰਦੀਆ ਸੂਬੇ ਦੇ ਸਿਹਤ ਵਿਭਾਗ ਨੇ ਇਲਾਕਾ ਨਿਵਾਸੀਆਂ ਨੂੰ ਨਿਮੋਨੀਏ ਤੋਂ ਬਚਣ ਲਈ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਰਸੋਈ ਅਤੇ ਬਾਥਰੂਮ ਨੂੰ ਪੂਰੀ ਤਰ੍ਹਾਂ ਕੀਟਾਣੂ ਰਹਿਤ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ।ਦੱਖਣੀ ਅਤੇ ਪੂਰਬੀ ਇਟਲੀ ਵਿੱਚ ਕਈ ਨਗਰਪਾਲਿਕਾਵਾਂ ਦੇ ਹਸਪਤਾਲਾਂ ਦੇ ਰਿਕਾਰਡ ਅਨੁਸਾਰ ਨਿਮੋਨੀਏ ਦੇ 121 ਕੇਸਾਂ ਦੀ ਪਛਾਣ ਕੀਤੀ ਹੈ ਜਦੋਂ ਕਿ ਲੰਬਾਰਦੀਆ ਖੇਤਰ ਵਿੱਚ ਸਿਹਤ ਅਧਿਕਾਰੀ ਜੂਲੀਆ ਗਲੇਰਾ ਨੇ ਪ੍ਰੈੱਸ ਨੂੰ ਦੱਸਿਆ ਕਿ ਸਰਵੇਖਣ ਵਿੱਚ ਘੱਟੋ-ਘੱਟ 30 ਹੋਰ ਲੋਕ ਪ੍ਰਭਾਵਿਤ ਹਨ।


Related News