ਆਸਟਰੇਲੀਆ 'ਚ ਰਹਿੰਦੇ ਭਾਰਤੀ ਬੇਸਹਾਰਿਆਂ ਲਈ ਬਣੇ ਸਹਾਰਾ, ਵਧਾਇਆ ਦੇਸ਼ ਦਾ ਮਾਣ

09/10/2018 2:24:40 PM

ਵਿਕਟੋਰੀਆ— ਆਸਟਰੇਲੀਆ ਦੇ ਸ਼ਹਿਰ ਵਿਕਟੋਰੀਆ 'ਚ ਰਹਿੰਦੇ ਕੁਝ ਭਾਰਤੀ ਮਿਲ ਕੇ ਬੇਘਰੇ ਅਤੇ ਭੁੱਖ ਦੀ ਮਾਰ ਝੱਲ ਰਹੇ ਲੋਕਾਂ ਲਈ ਆਸਰਾ ਬਣੇ ਹੋਏ ਹਨ। ਆਸਟਰੇਲੀਆ ਦੇ ਕਰੇਗਈਬਰਨ 'ਚ ਰਹਿਣ ਵਾਲੇ ਵਿਸ਼ਾਲ ਵੋਹਰਾ ਅਤੇ ਮੀਤੂ ਅਰੋੜਾ ਨੇ ਰਨਵੀਰ ਸਿੰਘ ਨਾਲ ਮਿਲ ਕੇ ਇਹ ਕੰਮ ਸ਼ੁਰੂ ਕੀਤਾ ਹੈ। ਇਕ ਰਿਪੋਰਟ ਮੁਤਾਬਕ ਵਿਕਟੋਰੀਆ 'ਚ 22,000 ਲੋਕ ਬੇਘਰੇ ਹਨ ਅਤੇ ਇਨ੍ਹਾਂ 'ਚ ਵਿਦੇਸ਼ੀਆਂ ਦੀ ਗਿਣਤੀ ਵਧੇਰੇ ਹੈ। ਲੋਕਾਂ ਨੂੰ ਸਿਰ ਢਕਣ ਲਈ ਛੱਤ ਚਾਹੀਦੀ ਹੈ, ਉਨ੍ਹਾਂ ਨੂੰ ਖਾਣਾ, ਪਾਣੀ ਅਤੇ ਹੋਰ ਜ਼ਰੂਰੀ ਚੀਜ਼ਾਂ ਵੀ ਚਾਹੀਦੀਆਂ ਹਨ ਪਰ ਇਹ ਸਭ ਕੁਝ ਮਿਲਣਾ ਬਹੁਤ ਮੁਸ਼ਕਲ ਹੈ। 
ਦਸੰਬਰ 2016 ਤੋਂ ਵਿਸ਼ਾਲ ਅਤੇ ਉਸ ਦੀ ਟੀਮ ਹਰ ਬੇਘਰੇ ਵਿਅਕਤੀ ਨੂੰ ਖਾਣਾ ਦੇ ਰਹੀ ਹੈ। ਉਨ੍ਹਾਂ ਦੀ ਫੂਡ ਸ਼ਾਪ 'ਕਰੇਗਈਬਰਨ ਫਿਸ਼ ਐਂਡ ਚਿਪਸ' 'ਤੇ ਹਫਤੇ ਦੇ ਆਖਰੀ ਦਿਨ ਵਧੇਰੇ ਭੀੜ ਲੱਗਦੀ ਹੈ। ਦੁਕਾਨ ਦੇ ਬਾਹਰ ਲਿਖ ਕੇ ਲਗਾਇਆ ਗਿਆ ਹੈ,''ਬੇਘਰਾਂ ਲਈ ਭੋਜਨ ਉਪਲੱਬਧ ਹੈ।'' 
ਵਿਸ਼ਾਲ ਨੇ ਦੱਸਿਆ ਕਿ ਉਸ ਅੰਦਰ ਇਹ ਪ੍ਰੇਰਨਾ ਉਦੋਂ ਆਈ ਜਦ ਉਸ ਨੇ ਇਕ ਵਿਅਕਤੀ ਨੂੰ ਬਹੁਤ ਬੁਰੀ ਹਾਲਤ 'ਚ ਦੇਖਿਆ ਸੀ। ਉਸ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਗਰਮ-ਗਰਮ ਭੋਜਨ ਖਾਣਾ ਪਸੰਦ ਕਰੇਗਾ ਤਾਂ ਉਸ ਵਿਅਕਤੀ ਨੇ ਉਮੀਦ ਭਰੀਆਂ ਅੱਖਾਂ ਨਾਲ ਦੇਖਦਿਆਂ ਹਾਂ ਕਿਹਾ। ਵਿਸ਼ਾਲ ਨੇ ਦੱਸਿਆ ਕਿ ਉਸ ਵਿਅਕਤੀ ਨੂੰ ਖਾਣਾ ਖੁਆ ਕੇ ਉਹ ਬਹੁਤ ਖੁਸ਼ ਹੋਇਆ ਕਿਉਂਕਿ ਉਸ ਭੁੱਖੇ ਵਿਅਕਤੀ ਨੇ ਕਾਫੀ ਸਮੇਂ ਬਾਅਦ ਅਜਿਹਾ ਸੁਆਦਲਾ ਖਾਣਾ ਖਾਧਾ ਸੀ। ਇਹ ਪਲ ਵਿਸ਼ਾਲ ਲਈ ਬਹੁਤ ਖਾਸ ਸੀ। ਇਸ ਘਟਨਾ ਦੇ ਕਾਫੀ ਸਮੇਂ ਬਾਅਦ ਉਹ ਵਿਅਕਤੀ ਮੁੜ ਵਿਸ਼ਾਲ ਨੂੰ ਮਿਲਿਆ ਅਤੇ ਉਸ ਨੇ ਉਸ ਨੂੰ ਖੁਸ਼ੀ ਨਾਲ 50 ਡਾਲਰ ਦਿੱਤੇ ਅਤੇ ਉਸ ਦਾ ਦਿਲੋਂ ਧੰਨਵਾਦ ਕੀਤਾ।  ਵਿਸ਼ਾਲ ਨੇ ਕਿਹਾ ਕਿ ਉਹ ਉਸਦੇ ਇਸ ਮਾਣ ਇੱਜ਼ਤ ਲਈ ਹਮੇਸ਼ਾ ਧੰਨਵਾਦੀ ਰਹੇਗਾ। ਇਸ ਮਗਰੋਂ ਵਿਸ਼ਾਲ ਨੇ ਭੁੱਖੇ ਲੋਕਾਂ ਨੂੰ ਖਾਣਾ ਖੁਆਉਣ ਦਾ ਬੀੜਾ ਚੁੱਕਣ ਦਾ ਮਨ ਬਣਾ ਲਿਆ।  
ਸਾਬਕਾ ਐੱਮ. ਪੀ. ਰਾਸ ਸਪੈਂਸ ਨੇ ਵਿਸ਼ਾਲ ਅਤੇ ਉਸ ਦੀ ਟੀਮ ਨੂੰ  ਸੇਵਾ ਵਾਲੇ ਇਸ ਕੰਮ ਲਈ ਵਧਾਈਆਂ ਦਿੱਤੀਆਂ ਸਨ। ਟੀਮ ਨੂੰ ਬਹੁਤ ਸਾਰੇ ਲੋਕਾਂ ਵਲੋਂ ਧੰਨਵਾਦੀ ਨੋਟ ਮਿਲਦੇ ਰਹਿੰਦੇ ਹਨ, ਜੋ ਉਨ੍ਹਾਂ ਲਈ ਹੌਸਲੇ ਦਾ ਕੰਮ ਕਰਦੇ ਹਨ।


Related News