ਬ੍ਰਿਸਬੇਨ : ''ਇੰਡੋਜ਼ ਪੰਜਾਬੀ ਸਾਹਿਤ ਸਭਾ'' ਵੱਲੋਂ ਕਰਵਾਇਆ ਗਿਆ ਪਹਿਲਾ ਭਾਰਤੀ ਸਾਹਿਤ ਉਤਸਵ

09/10/2018 12:58:18 PM

ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)— ਆਸਟ੍ਰੇਲੀਆ ਦੀ ਲਗਾਤਾਰ ਸਰਗਰਮ ਸਾਹਿਤਕ ਸੰਸਥਾ 'ਇੰਡੋਜ਼ ਪੰਜਾਬੀ ਸਾਹਿਤ ਸਭਾ ਬ੍ਰਿਸਬੇਨ' ਵੱਲੋਂ ਪਹਿਲਕਦਮੀ ਕਰਦਿਆਂ ਅਮਰੀਕਨ ਕਾਲਜ ਬ੍ਰਿਸਬੇਨ ਵਿਖੇ ਪਹਿਲਾ ਭਾਰਤੀ ਸਾਹਿਤ ਉਤਸਵ ਆਯੋਜਿਤ ਕਰਵਾਇਆ ਗਿਆ। ਇਸ ਉਤਸਵ 'ਚ ਹਿੰਦੀ, ਪੰਜਾਬੀ ਅਤੇ ਉਰਦੂ ਦੇ ਸ਼ਾਇਰਾਂ ਨੇ ਹਿੱਸਾ ਲਿਆ। ਸਮਾਗਮ ਵਿਚ ਉਰਦੂ ਅਦਬ ਦੇ ਮਸ਼ਹੂਰ ਸ਼ਾਇਰ ਖੁਸ਼ਬੀਰ ਸਿੰਘ ਸ਼ਾਦ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਸਮਾਗਮ ਦੀ ਸ਼ੁਰੂਆਤ ਇੰਡੋਜ਼ ਹੋਲਡਿੰਗਜ਼ ਦੇ ਜਨਰਲ ਸੈਕਟਰੀ ਅਤੇ ਮੋਡੋਰਾਸ ਗਰੁੱਪ ਦੇ ਚੇਅਰਮੈਨ ਪਰਮਜੀਤ ਸਿੰੰਘ ਸਰਾਏ ਦੇ ਸਵਾਗਤੀ ਭਾਸ਼ਣ ਨਾਲ ਹੋਈ। ਪ੍ਰਧਾਨਗੀ ਮੰਡਲ ਵੱਲੋਂ ਸ਼ਮਾਂ ਰੋਸ਼ਨ ਕਰਨ ਤੋਂ ਬਾਅਦ ਗਾਇਕ-ਗੀਤਕਾਰ ਪਾਲ ਰਾਊਕੇ ਨੇ ਬਾਬੇ ਬੁੱਲ੍ਹੇ ਸ਼ਾਹ ਦੀ ਕਾਫ਼ੀ 'ਮੈਂ ਤੇਰੇ ਕੁਰਬਾਨ' ਖੂਬਸੂਰਤ ਅੰਦਾਜ਼ ਵਿਚ ਬੋਲ ਕੇ ਸਮਾਗਮ 'ਚ ਰੰਗ ਭਰ ਦਿੱਤਾ । 

ਇਹ ਸਮਾਗਮ ਅੰਤਰ-ਭਾਸ਼ਾਈ ਹੀ ਨਹੀਂ, ਸਰਹੱਦਾਂ ਦੇ ਦੋਵੇਂ ਪਾਸੇ ਵੱਸਦੇ ਪੰਜਾਬ ਦੀ ਮਹਿਕ ਨਾਲ ਲਬਰੇਜ਼ ਪੂਰੀ ਤਰ੍ਹਾਂ ਭਾਰਤੀ ਰੰਗ 'ਚ ਰੰਗਿਆ ਹੋਇਆ ਸੀ। ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ ਪਿਛੋਕੜ ਰੱਖਣ ਵਾਲੇ ਸ਼ਾਇਰਾਂ ਨੇ ਆਪੋ-ਆਪਣੀਆਂ ਰਚਨਾਵਾਂ ਨਾਲ ਭਾਰਤੀਅਤਾ ਦੀ ਇਕਸੁਰਤਾ ਪੇਸ਼ ਕੀਤੀ । ਸਾਹਿਤਕ ਸੰਮੇਲਨ ਦੇ ਪਹਿਲੇ ਦੌਰ ਵਿਚ ਉਰਦੂ ਦੇ ਸ਼ਬਾਨ ਅਲੀ, ਫ਼ੈਜ਼ਲ ਸਈਅਦ, ਰਹੀਮ ਜੁਲਾਹ ਖਾਨ ਅਤੇ ਡਾ. ਜ਼ੈਦੀ ਨੇ ਹਾਜ਼ਰੀ ਭਰੀ । ਹਿੰਦੀ ਕਾਵਿ ਦੀ ਪੇਸ਼ਕਾਰੀ ਕਵੀ ਨੇਤਰਪਾਲ ਸਿੰਘ, ਨੀਤੂ ਸਿੰੰਘ ਮਲਿਕ, ਮੰਜੂ ਜੇਹੂ, ਸਰਿਤਾ ਦੇਸ਼ ਪਾਂਡੇ ਅਤੇ ਸ਼ਬਨਮ ਸੋਂਧੀ ਵੱਲੋਂ ਕੀਤੀ ਗਈ। ਪੰਜਾਬੀ ਕਵੀਆਂ 'ਚੋਂ ਸਰਬਜੀਤ ਸੋਹੀ, ਜਸਵੰਤ ਵਾਗਲਾ, ਦਲਵੀਰ ਹਲਵਾਰਵੀਂ, ਰੁਪਿੰਦਰ ਸੋਜ਼, ਆਤਮਾ ਹੇਅਰ ਅਤੇ ਕਵਿੱਤਰੀ ਹਰਜੀਤ ਸੰਧੂ ਨੇ ਭਰਵੀਂ ਹਾਜ਼ਰੀ ਲਵਾਈ । ਸਮਾਗਮ ਦਾ ਦੂਸਰਾ ਦੌਰ ਉਰਦੂ ਦੇ ਪ੍ਰਸਿੱਧ ਗ਼ਜ਼ਲਗੋ ਖੁਸ਼ਬੀਰ ਸਿੰਘ ਸ਼ਾਦ ਦੇ ਨਾਮ ਰਿਹਾ। ਖੁਸ਼ਬੀਰ ਸਿੰਘ ਸ਼ਾਦ ਨੇ ਆਪਣੀਆਂ ਗ਼ਜ਼ਲਾਂ ਨਾਲ ਦਰਸ਼ਕਾਂ ਨੂੰ ਗ਼ਜ਼ਲੀਅਤ ਦੇ ਰੰਗ ਵਿਚ ਰੰਗ ਦਿੱਤਾ । 

ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਪ੍ਰਸਿੱਧ ਭਾਰਤੀ ਵਿਦਵਾਨ ਅਤੇ ਇਤਿਹਾਸਕਾਰ ਪ੍ਰੋ: ਸਰਵ ਦਮਨ ਸਿੰਘ ਦਾ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨ ਕੀਤਾ ਗਿਆ । ਅਕੁੰਸ਼ ਕਟਾਰੀਆ ਦੇ ਸਹਿਯੋਗ ਨਾਲ ਡਾ. ਬੀ. ਆਰ. ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਪ੍ਰਗਤੀਵਾਦ ਸਾਹਿਤ ਅਤੇ ਅੰਬੇਡਕਰ ਵਲੋਂ ਲਿਖਤ ਪੁਸਤਕਾਂ ਦਾ ਸਟਾਲ ਵਿਸ਼ੇਸ਼ ਖਿੱਚ ਦਾ ਕੇਂਦਰ ਸੀ । ਪ੍ਰਧਾਨਗੀ ਮੰਡਲ ਵਿਚ ਮੁੱਖ ਮਹਿਮਾਨ ਦੇ ਨਾਲ ਅਰਚਨਾ ਸਿੰਘ ਕੌਂਸਲੇਟ ਭਾਰਤੀ ਹਾਈ ਕਮਿਸ਼ਨ, ਕੰਵਲਜੀਤ ਕੌਰ ਸ਼ਾਦ, ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਮਾਹਲ ਅਤੇ ਅਮਰੀਕਨ ਕਾਲਜ ਦੇ ਮਾਲਕ ਬਰਨਾਰਡ ਮਲਿਕ, ਪ੍ਰੋ ਜਗਦੀਸ਼ ਔਜ਼ਲਾ, ਰਘਬੀਰ ਸਿੰਘ ਸਰਾਏ, ਹਰਿੰਦਰ ਸਿੰਘ ਗਿੱਲ ਆਦਿ ਬਿਰਾਜਮਾਨ ਸਨ । 

ਇਸ ਸਾਹਿਤ ਉਤਸਵ ਵਿੱਚ ਇੰਡੋਜ਼ ਪੰਜਾਬੀ ਸਾਹਿਤ ਸਭਾ ਦੇ ਉੱਦਮ ਸਦਕਾ ਸਰਬਜੀਤ ਸੋਹੀ ਵਲੋਂ ਸੰਪਾਦਤ ਚੌਥੀ ਸਾਂਝੀ ਪੁਸਤਕ “ਜਗਦੇ ਹਰਫ਼ਾਂ ਦੀ ਡਾਰ” ਲੋਕ ਅਰਪਣ ਕੀਤੀ ਗਈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਰਛਪਾਲ ਸਿੰਘ ਹੇਅਰ, ਇਕਬਾਲ ਸਿੰਘ ਧਾਮੀ, ਰਾਣਾ ਸਾਬ, ਅਤਰ ਸ਼ਾਹ, ਹੈਪੀ ਧਾਮੀ, ਜਗਦੀਪ ਸਿੰਘ, ਬਲਵਿੰਦਰ ਸਿੰਘ ਮੋਰੋਂ ਆਦਿ ਨਾਮਵਰ ਸਖਸ਼ੀਅਤਾ ਤੋਂ ਇਲਾਵਾ ਮੀਡੀਆ ਕਰਮੀ ਸੁਰਜੀਤ ਸੰਧੂ, ਨਰਿੰਦਰ ਧਾਲੀਵਾਲ, ਵਰਿੰਦਰ ਅਲੀਸ਼ੇਰ, ਹਰਦੀਪ ਵਾਗਲਾ, ਮਹਿੰਦਰਪਾਲ ਕਾਹਲੋਂ, ਹਰਮਨਦੀਪ ਗਿੱਲ, ਜਗਦੀਪ ਸਿੰਘ ਗਿੱਲ ਆਦਿ ਪੱਤਰਕਾਰ ਵੀ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਕਵਿਤਾ ਖੁੱਲਰ ਅਤੇ ਡਾ. ਕਿਰਨ ਸਿੱਧੂ ਨੇ ਸਾਂਝੇ ਰੂਪ 'ਚ ਬਾਖੂਬੀ ਨਿਭਾਈ।


Related News