ਦੇਸ਼ ''ਚ ਲਗਾਤਾਰ ਹੋ ਰਹੇ ਪੁਲ ਹਾਦਸਿਆਂ ਨਾਲ ਵਧ ਰਹੀਆਂ ਮੌਤਾਂ

09/06/2018 6:42:41 AM

ਲਗਭਗ ਹਰ ਸਾਲ ਦੇਸ਼ 'ਚ ਪੁਰਾਣੇ ਅਤੇ ਜਰਜਰ ਪੁਲਾਂ ਦੇ ਨਾਲ-ਨਾਲ ਨਿਰਮਾਣ ਅਧੀਨ ਪੁਲਾਂ ਆਦਿ ਦੇ ਹਾਦਸਾਗ੍ਰਸਤ ਹੋਣ ਨਾਲ ਵੱਡੀ ਗਿਣਤੀ 'ਚ ਲੋਕ ਮਾਰੇ ਜਾਂਦੇ ਹਨ। ਕੁਝ ਸਾਲਾਂ ਤੋਂ ਇਹ ਸਿਲਸਿਲਾ ਲਗਾਤਾਰ ਵੱਧਦਾ ਚਲਿਆ ਜਾ ਰਿਹਾ ਹੈ ਅਤੇ ਇਸ ਦੌਰਾਨ ਹੋਣ ਵਾਲੇ ਵੱਡੇ ਪੁਲ ਹਾਦਸੇ ਹੇਠਾਂ ਦਰਜ ਹਨ:
* 21 ਜੁਲਾਈ, 2001 ਨੂੰ ਕੇਰਲ ਦੇ ਕੋਝੀਕੋਡ ਜ਼ਿਲੇ 'ਚ ਕਾਦਾਲੰਦੀ ਨਦੀ 'ਤੇ ਬਣੇ ਰੇਲ ਪੁਲਸ ਦੇ ਡਿੱਗਣ ਨਾਲ 53 ਲੋਕਾਂ ਦੀ ਮੌਤ ਹੋ ਗਈ।
* 10  ਸਤੰਬਰ, 2002 ਨੂੰ ਬਿਹਾਰ ਦੇ ਔਰੰਗਾਬਾਦ ਜ਼ਿਲੇ 'ਚ ਰਫੀਗੰਜ ਦਾ ਰੇਲ ਪੁਲ ਟੁੱਟਣ ਦੇ ਸਿੱਟੇ ਵਜੋਂ 130 ਲੋਕ ਮਾਰੇ ਗਏ।
* 29 ਅਕਤੂਬਰ, 2005 ਨੂੰ ਆਂਧਰਾ ਪ੍ਰਦੇਸ਼ ਦੇ ਬੇਲੀਗੋੜਾ 'ਚ ਰੇਲਵੇ ਪੁਲ ਡਿੱਗਣ ਦੇ ਸਿੱਟੇ ਵਜੋਂ 114 ਲੋਕਾਂ ਨੂੰ ਜਾਨ ਗੁਆਉਣੀ ਪਈ।
* 10 ਦਸੰਬਰ, 2006 ਬਿਹਾਰ ਦੇ ਭਾਗਲਪੁਰ ਜ਼ਿਲੇ 'ਚ ਪੈਦਲ ਪੁਲ ਡਿੱਗਣ ਨਾਲ 30 ਲੋਕਾਂ ਦੀ ਮੌਤ ਹੋ ਗਈ।
* 09 ਸਤੰਬਰ 2007 ਨੂੰ ਆਂਧਰਾ ਪ੍ਰਦੇਸ਼ ਦੇ ਹੈਦਰਾਬਾਦ ਜ਼ਿਲੇ ਦੇ ਪੁੰਜਾਗੁੱਟਾ 'ਚ ਫਲਾਈ ਓਵਰ ਡਿੱਗਣ ਦੇ ਸਿੱਟੇ ਵਜੋਂ 20 ਲੋਕ ਮਾਰੇ ਗਏ।
* 01 ਅਕਤੂਬਰ 2008 ਨੂੰ ਉੱਤਰ ਪ੍ਰਦੇਸ਼ ਦੇ ਲਖਨਊ 'ਚ ਉਸਾਰੀ ਅਧੀਨ ਪੁਲ ਡਿੱਗਣ ਨਾਲ ਉਸ ਦੇ ਮਲਬੇ 'ਚ ਦੱਬੇ ਜਾਣ ਨਾਲ 6 ਲੋਕਾਂ ਨੂੰ ਜਾਨ ਗੁਆਉਣੀ ਪਈ।
* 25 ਦਸੰਬਰ, 2009 ਨੂੰ ਰਾਜਸਥਾਨ  ਦੇ ਕੋਟਾ 'ਚ ਚੰਬਲ ਨਦੀ ਦਾ ਪੁਲ ਡਿੱਗਣ ਨਾਲ 9 ਲੋਕਾਂ ਦੀ ਮੌਤ ਅਤੇ 45 ਲਾਪਤਾ ਹੋ ਗਏ।
* 25 ਮਈ, 2012 ਨੂੰ  ਉੱਤਰਾਖੰਡ ਦੇ ਪੌੜੀ ਗੜਵਾਲ 'ਚ ਉਸਾਰੀ ਅਧੀਨ ਪੁਲ ਡਿੱਗਣ ਦੇ ਸਿੱਟੇ ਵਜੋਂ 6 ਲੋਕ ਮਾਰੇ ਗਏ।
* 10 ਜੂਨ, 2014 ਨੂੰ ਗੁਜਰਾਤ ਦੇ ਸੂਰਤ 'ਚ ਫਲਾਈ ਓਵਰ ਡਿੱਗਣ ਨਾਲ 3 ਲੋਕਾਂ ਦੀ ਮੌਤ ਹੋ ਗਈ।
* 25 ਅਗਸਤ 2015 ਨੂੰ ਬਿਹਾਰ ਦੇ ਨਵਾਦਾ 'ਚ ਫਲਾਈ ਓਵਰ ਡਿੱਗਣ ਨਾਲ 4 ਲੋਕਾਂ ਨੂੰ ਜਾਨ ਗੁਆਉਣੀ ਪਈ।
* 31 ਮਾਰਚ, 2016 ਨੂੰ ਕੋਲਕਤਾ ਦੇ ਬੜਾ ਬਾਜ਼ਾਰ 'ਚ ਉਸਾਰੀ ਅਧੀਨ ਵਿਵੇਕਾਨੰਦ ਫਲਾਈ ਓਵਰ ਹਾਦਸੇ 'ਚ 27 ਲੋਕਾਂ ਦੀ ਮੌਤ ਅਤੇ 80 ਤੋਂ ਵਧ ਲੋਕ ਜ਼ਖਮੀ ਹੋ ਗਏ।
* 02 ਅਗਸਤ 2016 ਨੂੰ ਮਹਾਰਾਸ਼ਟਰ ਦੀ ਸਾਵਿਤਰੀ ਨਦੀ 'ਤੇ ਬਣੇ ਪੁਲ ਦੇ ਟੁੱਟਣ ਨਾਲ 28 ਲੋਕਾਂ ਦੀ ਮੌਤ ਹੋ ਗਈ।
* 18 ਮਈ, 2017 ਨੂੰ ਗੋਵਾ 'ਚ ਸੰਵੋਰਦਮ ਨਦੀ ਦਾ ਪੁਲ ਡਿੱਗਣ ਨਾਲ 2 ਲੋਕਾਂ ਦੀ ਮੌਤ ਅਤੇ 20 ਲਾਪਤਾ ਹੋ ਗਏ।
* 16 ਮਈ 2018 ਨੂੰ ਵਾਰਾਣਸੀ 'ਚ ਉਸਾਰੀ ਅਧੀਨ ਫਲਾਈ ਓਵਰ ਡਿੱਗਣ ਦੇ ਸਿੱਟੇ ਵਜੋਂ 18 ਲੋਕਾਂ ਦੀ ਮੌਤ ਅਤੇ ਕਈ ਜ਼ਖਮੀ ਹੋ ਗਏ।
ਅਤੇ ਹੁਣ 4 ਸਤੰਬਰ ਨੂੰ ਮੌਹਲੇਧਾਰ ਮੀਂਹ ਤੋਂ ਬਾਅਦ  ਕੋਲਕਾਤਾ ਦੇ ਭੀੜ-ਭੜੱਕੇ ਵਾਲੇ ਇਲਾਕੇ ਅਲੀਪੁਰ ਦੇ ਤਾਰਾਤੱਲਾ 'ਚ 40 ਸਾਲ ਪੁਰਾਣੇ ਪੁਲ ਦਾ ਲਗਭਗ 200 ਤੋਂ 250 ਫੁੱਟ ਦਾ ਹਿੱਸਾ ਡਿੱਗ ਜਾਣ ਨਾਲ  ਓਵਰਬ੍ਰਿਜ ਤੋਂ ਲੰਘ ਰਹੀ ਹਾਈਕੋਰਟ ਦੇ ਜੱਜ ਦੀ ਕਾਰ ਸਮੇਤ ਕਈ ਵਾਹਨ ਉਸ ਦੇ ਹੇਠਾਂ ਦੱਬੇ ਗਏ।
ਇਸ ਦੇ ਸਿੱਟੇ ਵਜੋਂ ਘੱਟ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਹੈ। ਇਹ ਸੰਪਾਦਕੀ ਲਿਖੇ ਜਾਣ ਤਕ ਕਈ ਲੋਕ ਪੁਲ ਦੇ ਟੁੱਟੇ ਹਿੱਸੇ ਦੇ ਹੇਠਾ ਦੱਬੇ ਹੋਏ ਸਨ। ਪੁਲ ਟੁੱਟਣ ਨਾਲ ਬਜ-ਬਜ-ਸਿਆਲਦਾ  ਰੇਲ ਲਾਈਨ ਨੂੰ ਵੀ ਕੁਝ ਨੁਕਸਾਨ ਪਹੁੰਚਿਆ ਅਤੇ ਰੇਲ ਸੇਵਾਵਾਂ ਰੋਕਣੀਆਂ ਪਈਆਂ।
ਜ਼ਿਕਰਯੋਗ ਹੈ ਕਿ ਕੁਝ ਸਮੇਂ ਪਹਿਲਾਂ ਤਕ ਸਾਡੇ ਜਨਪ੍ਰਤੀਨਿਧੀ ਰੇਲ ਅਤੇ ਸੜਕ ਰਾਹੀਂ ਵੀ ਯਾਤਰਾ ਕਰ ਲੈਂਦੇ ਸਨ ਜਿਸ ਨਾਲ ਉਨ੍ਹਾਂ ਨੂੰ ਰੇਲ ਸੇਵਾਵਾਂ ਅਤੇ ਸੜਕੀ ਆਵਾਜਾਈ ਦੀਆਂ ਖਾਮੀਆਂ ਦਾ ਪਤਾ ਲੱਗਦਾ ਰਹਿੰਦਾ ਸੀ ਪਰ ਇਨ੍ਹੀਂ ਦਿਨੀਂ ਉਨ੍ਹਾਂ ਕੋਲ ਰੇਲਾਂ ਅਤੇ ਬੱਸਾਂ 'ਚ ਯਾਤਰਾ ਕਰਨ ਦਾ ਸਮਾਂ ਨਾ ਹੋਣ ਕਾਰਨ ਇਨ੍ਹਾਂ ਸੇਵਾਵਾਂ 'ਚ ਘਰ ਕਰ ਗਈਆਂ ਕਮਜ਼ੋਰੀਆਂ ਦਾ ਪਤਾ ਹੀ ਨਹੀਂ ਚਲਦਾ।
ਇਸੇ ਤਰ੍ਹਾਂ ਅੰਗਰੇਜ਼ਾਂ ਵਲੋਂ ਬਣਾਏ ਗਏ ਪੁਲਾਂ ਆਦਿ 'ਤੇ ਉਨ੍ਹਾਂ ਦੀ ਉਮਰ ਲਿਖੀ ਜਾਂਦੀ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਵਰਤੋਂ ਬੰਦ ਕਰ ਦੇਣਾ ਹੀ ਜ਼ਰੂਰੀ ਹੁੰਦਾ ਸੀ ਪਰ ਸਾਡੇ ਦੇਸ਼ 'ਚ ਇਸਦੀ ਪਾਲਣਾ ਨਹੀਂ ਕੀਤੀ ਜਾ ਰਹੀ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਖਤਰੇ 'ਚ ਪਾ ਕੇ ਨਕਾਰਾ ਹੋ ਚੁੱਕੇ ਪੁਲਾਂ 'ਤੇ ਵੀ ਰੇਲਗੱਡੀਆਂ ਅਤੇ  ਬੱਸਾਂ ਚਲਾਈਆਂ ਜਾ ਰਹੀਆਂ ਹਨ।
ਇਸ ਸਮੇਂ ਮੋਦੀ ਸਰਕਾਰ ਦੇਸ਼ 'ਚ ਆਮ ਰੇਲਗੱਡੀਆਂ ਦੀ ਰਫਤਾਰ ਵਧਾਉਣ ਤੋਂ ਇਲਾਵਾ  ਬੁਲੇਟ ਟ੍ਰੇਨਾਂ ਚਲਾਉਣ ਦੀ ਯੋਜਨਾ ਤਾਂ ਬਣਾ ਰਹੀ ਹੈ ਪਰ ਇਸ ਤੋਂ ਪਹਿਲਾਂ ਸਰਕਾਰ ਨੂੰ ਪੁਲਾਂ ਅਤੇ ਰੇਲ ਪਟੜੀਆਂ ਆਦਿ ਨੂੰ ਸੁਧਾਰਨ ਵਲ ਧਿਆਨ ਦੇਣਾ ਚਾਹੀਦਾ ਹੈ। ਅਜਿਹਾ ਕਰਕੇ ਹੀ ਪੁਲਾਂ ਤੋਂ ਹਰ ਤਰ੍ਹਾਂ ਦੀ ਆਵਾਜਾਈ ਸੁਚਾਰੂ ਅਤੇ ਸੁੱਰਖਿਅਤ ਰੂਪ ਨਾਲ ਚੱਲ ਸਕੇਗੀ।
—ਵਿਜੇ ਕੁਮਾਰ


Related News