ਗੰਨਾ ਬਾਊਂਡ ਕਰਨ ਦੇ ਲਏ ਜਾ ਰਹੇ ਸਵੈ ਘੋਸ਼ਣਾ ਪੱਤਰਾਂ ਕਾਰਨ ਕਿਸਾਨ ਪਰੇਸ਼ਾਨ

09/05/2018 1:09:39 PM

ਟਾਡਾ,(ਜਸਵਿੰਦਰ)— ਏ ਬੀ ਸੂਗਰ ਮਿੱਲ ਦਸੂਹਾ ਵਲੋਂ ਗੰਨਾ ਬਾਊਂਡ ਕਰਨ ਦੇ ਨਾਂ ਹੇਠ ਕਿਸਾਨਾਂ ਤੋਂ ਲਏ ਜਾ ਰਹੇ ਘੋਸ਼ਣਾ ਪੱਤਰਾਂ ਕਾਰਨ ਕਿਸਾਨਾਂ 'ਚ ਘਸਮਾਨ ਮਚਿਆ ਹੋਇਆ ਹੈ, ਜਿਸ ਦੇ ਚਲਦਿਆਂ ਕਿਸਾਨ ਆਪਣੇ ਆਪ ਨੂੰ ਠੱਗੇ-ਠੱਗੇ ਮਹਿਸੂਸ ਕਰ ਰਹੇ ਹਨ। 
ਅੱਜ ਇਸ ਸਬੰਧੀ ਇਲਾਕੇ ਦੇ ਕੁਝ ਕਿਸਾਨਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਪਿਛਲੇ ਸਾਲਾਂ ਦੇ ਉਲਟ ਇਸ ਵਾਰ ਏ ਬੀ ਸੂਗਰ ਮਿੱਲ ਦਸੂਹਾ ਵਲੋਂ ਗੰਨਾ ਬਾਊਂਡ ਕਰਨ ਲਈ ਸਵੈ ਘੋਸ਼ਣਾ ਪੱਤਰ ਮੰਗੇ ਹਨ, ਜਿਸ 'ਤੇ ਇਕ ਕਿਸਾਨ ਦੀ ਫੋਟੋ ਅਧਾਰ ਕਾਰਡ ਦੀ ਕਾਪੀ ਚਾਰ ਗੰਨਾ ਕਾਸਤਕਾਰਾਂ ਦੇ ਦਸਤਖਤ ਆਦਿ ਪੂਰੇ ਕਰ ਕੇ ਲਏ ਜਾ ਰਹੇ ਹਨ। ਜਦ ਕਿ ਪਿਛਲੇ ਵਰਿਆਂ 'ਚ ਅਜਿਹਾ ਕੁਝ ਨਹੀਂ ਸੀ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਮਿੱਲ ਮੈਨਜਮੈਂਟ ਕਿਸਾਨਾਂ ਨੂੰ ਕਿਸਾਨਾਂ ਦੇ ਆਪਣੇ ਹੱਥੀ ਮਾਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਕਿਸਾਨਾਂ ਤੇ ਮਿੱਲ ਮੈਨਜਮੈਂਟ ਇਸ ਫੁਰਮਾਨ ਦੇ ਸ਼ਿਕਾਰ ਹੋ ਚੁਕੇ ਹਨ ਅਤੇ ਕੁਝ ਅਜਿਹਾ ਕਰਨ ਤੋਂ ਕੰਨੀ ਕਤਰਾ ਰਹੇ ਹਨ। ਕਿਸਾਨਾਂ ਨੇ ਕਿਹਾ ਕਿ ਮਿੱਲ ਮੈਨਜਮੈਂਟ ਦੇ ਇਸ ਫੁਰਮਾਨ ਪਿੱਛੇ ਕਿਹੜੀ ਚਾਲ ਹੈ, ਇਹ ਤਾਂ ਮੈਨਜਮੈਂਟ ਹੀ ਦੱਸ ਸਕਦੀ ਹੈ ਪਰ ਇਸ ਸਮੇਂ ਕਿਸਾਨ ਮਯੂਸੀ ਦੇ ਆਲਮ 'ਚ ਹਨ। ਇਸ ਸਬੰਧੀ ਮਿੱਲ ਦੇ ਉਪ ਪ੍ਰਧਾਨ ਵੀ. ਪੀ. ਸਿੰਘ ਨਾਲ ਰਾਬਤਾ ਕਾਇਮ ਕਰਨ 'ਤੇ ਉਨ੍ਹਾਂ ਕਿਹਾ ਕਿ ਕਿਸੇ ਤੋਂ ਜ਼ਬਰਦਸਤੀ ਸਵੈ ਘੋਸ਼ਣਾ ਪੱਤਰ ਨਹੀਂ ਲਏ ਜਾ ਰਹੇ ਹਨ। ਇਸ ਸਬੰਧੀ ਕਿਸਾਨ ਸੰਘਰਸ ਕਮੇਟੀ ਦੇ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਸਮੂਹ ਕਿਸਾਨਾਂ ਨੂੰ ਸਪੱਸ਼ਟ ਕੀਤਾ ਕਿ ਕੋਈ ਵੀ ਕਿਸਾਨ ਚਾਰ ਗਵਾਹਾਂ ਵਾਲੇ ਇਸ ਘੋਸ਼ਣਾ ਪੱਤਰ ਨੂੰ ਨਾਂ ਭਰਨ ਕਿ ਘੋਸ਼ਣਾ ਪੱਤਰ ਤਾਂ ਕਿਸਾਨ ਦੇ ਇੱਕਲੇ ਆਪਣੇ  ਦਸਤਖਤ ਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਿਸਾਨ ਦਾ ਗੰਨਾ ਬਾਊਂਡ ਹੋਣ ਤੋਂ ਰਹਿ ਜਾਵੇਗਾ। ਉਹ ਸਾਡੇ ਨਾਲ ਸਪਰਕ ਕਰਨ ਅਸੀਂ ਉਸ ਦਾ ਗੰਨਾ ਬਾਊਂਡ ਕਰਾਉਣ ਦੀ ਜ਼ਿੰਮੇਵਾਰੀ ਲੈਂਦੇ ਹਾਂ ਪਰ ਮਿੱਲ ਮੈਨਜਮੈਂਟ ਦੇ ਇਸ ਘੋਸ਼ਣਾ ਪੱਤਰ ਦੇ ਕਿਸਾਨ ਸ਼ਿਕਾਰ ਨਾ ਹੋਣ, ਕਿਸਾਨਾਂ ਨਾਲ ਉਪਰੋਕਤ ਘੋਸ਼ਣਾ ਪੱਤਰ ਸਰਾਸਰ ਧੋਖਾ ਹਨ।


Related News