ਪ੍ਰੇਰਨਾਸ੍ਰੋਤ ਅਤੇ ਦਇਆ ਦੇ ਸਾਗਰ ਜੈਨ ਮੁਨੀ ਤਰੁਣ ਸਾਗਰ ਜੀ ਦਾ ਮਹਾਨਿਰਵਾਣ

09/02/2018 7:00:13 AM

ਆਪਣੇ ਕੌੜੇ ਅਤੇ ਕਲਿਆਣਕਾਰੀ ਪ੍ਰਵਚਨਾਂ ਲਈ ਜਾਣੇ ਜਾਂਦੇ ਦਿਗੰਬਰ ਜੈਨ ਮੁਨੀ ਤਰੁਣ ਸਾਗਰ ਜੀ ਮਹਾਰਾਜ ਦਾ ਸ਼ਨੀਵਾਰ ਸਵੇਰੇ ਲੱਗਭਗ 3.18 ਵਜੇ ਦਿੱਲੀ 'ਚ ਸ਼ਾਹਦਰਾ ਦੇ ਕ੍ਰਿਸ਼ਨਾ ਨਗਰ ਵਿਚ 51 ਸਾਲ ਦੀ ਉਮਰ 'ਚ ਦੇਵਲੋਕ ਗਮਨ ਹੋ ਗਿਆ।
ਮਹਾਰਾਜ ਸ਼੍ਰੀ ਨੂੰ 20 ਦਿਨ ਪਹਿਲਾਂ ਪੀਲੀਆ ਹੋਇਆ ਸੀ। ਵੀਰਵਾਰ 30 ਅਗਸਤ ਨੂੰ ਮੁਨੀਸ਼੍ਰੀ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਕ੍ਰਿਸ਼ਨਾ ਨਗਰ ਦੇ ਰਾਧੇਪੁਰੀ ਵਿਚ ਸਥਿਤ ਚਾਤੁਰਮਾਸ ਸਥਾਨ 'ਤੇ ਲਿਆਂਦਾ ਗਿਆ, ਜਿਥੇ ਉਨ੍ਹਾਂ ਦਾ ਪਹਿਲਾਂ ਤੋਂ ਹੀ ਚਾਤੁਰਮਾਸ ਦਾ ਪ੍ਰੋਗਰਾਮ ਤੈਅ ਸੀ। 
ਮੁਨੀਸ਼੍ਰੀ ਦੀ ਦੇਖ-ਰੇਖ ਕਰ ਰਹੇ ਬ੍ਰਹਮਚਾਰੀ ਸਤੀਸ਼ ਅਨੁਸਾਰ ਦਵਾਈਆਂ ਦੇਣ ਤੋਂ ਬਾਅਦ ਵੀ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਨਹੀਂ ਹੋ ਰਿਹਾ ਸੀ ਤੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਦਿੱਲੀ ਵਿਚ ਉਨ੍ਹਾਂ ਦੇ ਸਮਾਧੀ-ਮਰਨ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। 
ਉਨ੍ਹਾਂ ਦੇ ਪ੍ਰਵਚਨਾਂ ਦੀਆਂ ਲੜੀਬੱਧ ਕਿਤਾਬਾਂ ਭਾਰਤ ਦੀਆਂ 14 ਭਾਸ਼ਾਵਾਂ ਵਿਚ ਛਪੀਆਂ ਹਨ, ਜਿਨ੍ਹਾਂ ਦੀਆਂ 7 ਲੱਖ ਤੋਂ ਜ਼ਿਆਦਾ ਕਾਪੀਆਂ ਵਿਕ ਚੁੱਕੀਆਂ ਹਨ। ਉਹ ਆਪਣੇ ਪ੍ਰਵਚਨਾਂ ਨੂੰ 'ਕੌੜੇ ਪ੍ਰਵਚਨ' ਕਹਿੰਦੇ ਸਨ, ਜੋ ਜੀਵਨ ਨੂੰ ਉੱਤਮ ਬਣਾਉਣ ਲਈ ਦਵਾਈ ਵਾਂਗ ਕੰਮ ਕਰਨ ਵਾਲੇ ਹਨ। 
ਇਨ੍ਹਾਂ ਕੌੜੇ ਪ੍ਰਵਚਨਾਂ ਵਿਚ ਵੀ ਇਕ ਤਰ੍ਹਾਂ ਦਾ ਮਿੱਠਾ ਰਸ ਹੈ, ਜਿਸ ਕਾਰਨ ਲੋਕ ਉਨ੍ਹਾਂ ਨੂੰ ਸੁਣਨ ਲਈ ਉਤਾਵਲੇ ਰਹਿੰਦੇ ਸਨ। ਆਪਣੇ ਪ੍ਰਵਚਨਾਂ ਵਿਚ ਮਹਾਰਾਜ ਸ਼੍ਰੀ ਨੇ ਅੰਧ-ਵਿਸ਼ਵਾਸਾਂ, ਮਾਨਤਾਵਾਂ ਤੇ ਗਲਤ ਆਚਰਣ ਦੀ ਸਖ਼ਤ ਆਲੋਚਨਾ ਕੀਤੀ, ਜਿਸ ਕਾਰਨ ਉਨ੍ਹਾਂ ਦੇ ਸ਼ਰਧਾਲੂਆਂ ਨੇ ਉਨ੍ਹਾਂ ਨੂੰ 'ਕ੍ਰਾਂਤੀਕਾਰੀ ਸੰਤ' ਦਾ ਖ਼ਿਤਾਬ ਦਿੱਤਾ। 
26 ਜੂਨ 1967 ਨੂੰ ਮੱਧ ਪ੍ਰਦੇਸ਼ ਵਿਚ ਦਮੋਹ ਜ਼ਿਲੇ ਦੇ ਗੁਹਜੀ ਪਿੰਡ ਵਿਚ ਜਨਮੇ ਜੈਨ ਮੁਨੀ ਤਰੁਣ ਸਾਗਰ ਜੀ ਮਹਾਰਾਜ ਦਾ ਅਸਲੀ ਨਾਂ ਪਵਨ ਕੁਮਾਰ ਜੈਨ ਹੈ। ਉਨ੍ਹਾਂ ਨੇ 14 ਸਾਲ ਦੀ ਉਮਰ ਵਿਚ 8 ਮਾਰਚ 1981 ਨੂੰ ਘਰ ਛੱਡ ਦਿੱਤਾ ਸੀ। 
ਸ਼੍ਰੀ ਤਰੁਣ ਸਾਗਰ ਜੀ ਮਹਾਰਾਜ ਪਰਿਵਾਰ, ਸਮਾਜ ਤੇ ਸਿਆਸਤ ਨਾਲ ਜੁੜੇ ਦੇਸ਼-ਵਿਦੇਸ਼ ਦੇ ਅਹਿਮ ਅਤੇ ਭਖਦੇ ਮੁੱਦਿਆਂ 'ਤੇ ਬੇਬਾਕ ਰਾਏ ਦਿੰਦੇ ਸਨ। ਉਨ੍ਹਾਂ ਨੂੰ ਕਈ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿਚ ਵੀ ਪ੍ਰਵਚਨ ਦੇਣ ਲਈ ਸੱਦਿਆ ਜਾਂਦਾ ਸੀ। 
ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ ਸਰਕਾਰਾਂ ਵਲੋਂ 'ਸਰਕਾਰੀ ਮਹਿਮਾਨ' ਐਲਾਨੇ ਮਹਾਰਾਜ ਸ਼੍ਰੀ ਦੇ ਕੌੜੇ ਪ੍ਰਵਚਨਾਂ ਦੇ ਚਾਰ ਨਮੂਨੇ ਹੇਠਾਂ ਦਰਜ ਹਨ :
ਪਿਆਜ਼ ਅਤੇ ਵਿਆਜ : ਪਸੀਨਾ ਵਹਾਉਣਾ ਸਿੱਖੋ। ਬਿਨਾਂ ਪਸੀਨਾ ਵਹਾਏ ਜੋ ਮਿਲਦਾ ਹੈ, ਉਹ ਪਾਪ ਦੀ ਕਮਾਈ ਹੈ। ਵਿਆਜ ਨਾ ਖਾਓ। ਵਿਆਜ ਪਾਪ ਦੀ ਕਮਾਈ ਹੈ ਕਿਉਂਕਿ ਇਸ ਵਿਚ ਪਸੀਨਾ ਨਹੀਂ ਵਹਾਉਣਾ ਪੈਂਦਾ ਪਰ ਅਸੀਂ ਬਹੁਤ ਚਲਾਕ ਲੋਕ ਹਾਂ। ਅੱਜ ਅਸੀਂ ਪਿਆਜ਼ ਖਾਣਾ ਤਾਂ ਛੱਡ ਦਿੱਤਾ ਪਰ ਵਿਆਜ ਖਾਣਾ ਜਾਰੀ ਹੈ। 
ਗੁੱਸੇ ਦਾ ਖਾਨਦਾਨ : ਗੁੱਸੇ ਦਾ ਆਪਣਾ ਪੂਰਾ ਖਾਨਦਾਨ ਹੈ। ਗੁੱਸੇ ਦੀ ਇਕ ਲਾਡਲੀ ਭੈਣ ਹੈ—ਜ਼ਿੱਦ। ਉਹ ਹਮੇਸ਼ਾ ਗੁੱਸੇ ਦੇ ਨਾਲ-ਨਾਲ ਰਹਿੰਦੀ ਹੈ। ਗੁੱਸੇ ਦੀ ਪਤਨੀ ਹੈ—ਹਿੰਸਾ। ਉਹ ਪਿੱਛੇ ਲੁਕੀ ਰਹਿੰਦੀ ਹੈ ਪਰ ਕਦੇ-ਕਦੇ ਆਵਾਜ਼ ਸੁਣ ਕੇ ਬਾਹਰ ਆ ਜਾਂਦੀ ਹੈ। ਗੁੱਸੇ ਦਾ ਵੱਡਾ ਭਰਾ ਹੈ—ਹੰਕਾਰ। ਗੁੱਸੇ ਦਾ ਬਾਪ ਵੀ ਹੈ, ਜਿਸ ਤੋਂ ਉਹ ਡਰਦਾ ਹੈ। ਉਸ ਦਾ ਨਾਂ ਹੈ—ਡਰ। ਨਿੰਦਿਆ ਅਤੇ ਚੁਗਲੀ ਗੁੱਸੇ ਦੀਆਂ ਧੀਆਂ ਹਨ। ਇਕ ਮੂੰਹ ਦੇ ਨੇੜੇ ਰਹੇਗੀ ਤਾਂ ਦੂਜੀ ਕੰਨ ਦੇ ਨੇੜੇ। ਵੈਰ ਬੇਟਾ ਹੈ। ਈਰਖਾ ਇਸ ਖਾਨਦਾਨ ਦੀ ਨੱਕ-ਚੜ੍ਹੀ ਨੂੰਹ ਹੈ। ਇਸ ਪਰਿਵਾਰ ਵਿਚ ਪੋਤੀ ਹੈ ਨਫਰਤ, ਜੋ ਹਮੇਸ਼ਾ ਨੱਕ ਦੇ ਨੇੜੇ ਰਹਿੰਦੀ ਹੈ। ਨੱਕ-ਮੂੰਹ ਚਿੜ੍ਹਾਉਣਾ ਕੰਮ ਹੈ ਇਸ ਦਾ। ਅਣਦੇਖੀ ਗੁੱਸੇ ਦੀ ਮਾਂ ਹੈ। 
ਸੱਚੇ ਕਰਮ ਜ਼ਰੂਰ ਕਰਨਾ : ਆਪਣੇ ਹੋਸ਼ੋ-ਹਵਾਸ ਵਿਚ ਕੁਝ ਅਜਿਹੇ ਸੱਚੇ ਕਰਮ ਜ਼ਰੂਰ ਕਰ ਲੈਣਾ ਕਿ ਮੌਤ ਤੋਂ ਬਾਅਦ ਤੁਹਾਡੀ ਆਤਮਾ ਦੀ ਸ਼ਾਂਤੀ ਲਈ ਕਿਸੇ ਹੋਰ ਨੂੰ ਭਗਵਾਨ ਅੱਗੇ ਪ੍ਰਾਰਥਨਾ ਨਾ ਕਰਨੀ ਪਵੇ ਕਿਉਂਕਿ ਹੋਰਨਾਂ ਵਲੋਂ ਕੀਤੀਆਂ ਗਈਆਂ ਪ੍ਰਾਰਥਨਾਵਾਂ ਤੁਹਾਡੇ ਬਿਲਕੁਲ ਵੀ ਕੰਮ ਆਉਣ ਵਾਲੀਆਂ ਨਹੀਂ ਹਨ। ਕੀ ਤੁਹਾਨੂੰ ਪਤਾ ਨਹੀਂ ਕਿ ਆਪਣਾ ਕੀਤਾ ਹੋਇਆ ਅਤੇ ਆਪਣਾ ਦਿੱਤਾ ਹੋਇਆ ਹੀ ਕੰਮ ਆਉਂਦਾ ਹੈ? ਅੱਜ ਮਨ ਦੀ ਧਰਤੀ 'ਤੇ ਅਜਿਹੇ ਬੀਜ ਨਾ ਬੀਜਣਾ ਕਿ ਕੱਲ ਨੂੰ ਉਨ੍ਹਾਂ ਦੀ ਫਸਲ ਕੱਟਦੇ ਸਮੇਂ ਹੰਝੂ ਵਹਾਉਣੇ ਪੈਣ। 
ਕੁੱਤੇ ਦਾ ਵੱਢਣਾ ਤੇ ਚੱਟਣਾ : ਕੁੱਤਾ-ਕਲਚਰ ਸਮਾਜ ਵਿਚ ਤੇਜ਼ੀ ਨਾਲ ਵਧ ਰਿਹਾ ਹੈ। ਪਹਿਲਾਂ ਲੋਕ ਗਾਂ ਪਾਲਦੇ ਸਨ, ਹੁਣ ਕੁੱਤੇ ਪਾਲਦੇ ਹਨ। ਇਕ ਸਮੇਂ ਸਾਡੇ ਘਰ ਦੇ ਬਾਹਰ ਲਿਖਿਆ ਹੁੰਦਾ ਸੀ, 'ਅਤਿਥੀ ਦੇਵੋ ਭਵ:।' ਫਿਰ ਲਿਖਿਆ ਜਾਣ ਲੱਗਾ, 'ਸ਼ੁੱਭ-ਲਾਭ'। ਸਮਾਂ ਅੱਗੇ ਵਧਿਆ ਤਾਂ ਇਸ ਤੋਂ ਬਾਅਦ ਲਿਖਿਆ ਗਿਆ, 'ਵੈੱਲਕਮ' ਅਤੇ ਹੁਣ ਲਿਖਿਆ ਜਾਂਦਾ ਹੈ—'ਕੁੱਤੇ ਤੋਂ ਸਾਵਧਾਨ।' ਇਹ ਸੱਭਿਆਚਾਰਕ ਪਤਨ ਹੈ। ਕੁੱਤੇ ਨੂੰ ਰੋਟੀ ਦੇਣਾ ਪਰ ਉਸ ਨਾਲ ਪਿਆਰ ਨਾ ਕਰਨਾ। ਪਿਆਰ ਕਰੋਗੇ ਤਾਂ ਮੂੰਹ ਚੱਟੇਗਾ, ਲਾਠੀ ਮਾਰੋਗੇ ਤਾਂ ਪੈਰ ਕੱਟੇਗਾ। ਉਸ ਦਾ ਚੱਟਣਾ ਤੇ ਵੱਢਣਾ ਦੋਨੋਂ ਬੁਰੇ ਹਨ। 
ਸੰਨ 2016 ਵਿਚ ਜਦੋਂ ਉਨ੍ਹਾਂ ਨੇ ਹਰਿਆਣਾ ਵਿਧਾਨ ਸਭਾ ਨੂੰ ਸੰਬੋਧਨ ਕੀਤਾ ਤਾਂ ਸਿਆਸੀ ਗਲਿਆਰਿਆਂ ਵਿਚ ਕਈ ਦਿਨਾਂ ਤਕ ਇਸ ਦੀ ਚਰਚਾ ਚੱਲਦੀ ਰਹੀ। ਮਹਾਰਾਜ ਸ਼੍ਰੀ ਦੀ ਵਾਣੀ 'ਚ ਜਿੰਨਾ ਤੇਜ ਸੀ, ਓਨੇ ਹੀ ਉਹ ਲੋਕਾਂ ਲਈ ਪ੍ਰੇਰਨਾਸ੍ਰੋਤ ਅਤੇ ਦਇਆ ਦੇ ਸਾਗਰ ਸਨ। 
ਜੈਨ ਸਮਾਜ ਹੀ ਨਹੀਂ, ਸਮੁੱਚੇ ਦੇਸ਼ ਅਤੇ ਸੰਤ ਸਮਾਜ ਲਈ ਉਨ੍ਹਾਂ ਦਾ ਨਿਰਵਾਣ ਇਕ ਖਲਾਅ ਪੈਦਾ ਕਰ ਗਿਆ ਹੈ, ਜੋ ਕਦੇ ਭਰਿਆ ਨਹੀਂ ਜਾ ਸਕੇਗਾ। —ਵਿਜੇ ਕੁਮਾਰ


Related News