ਭਾਰਤੀ ਜੇਲਾਂ ਘੋਰ ਮਾੜੇ ਪ੍ਰਬੰਧਾਂ ਤੇ ਅਵਿਵਸਥਾ ਦੀਆਂ ਸ਼ਿਕਾਰ

08/31/2018 5:42:11 AM

ਸਾਡੀਆਂ ਜੇਲਾਂ ਵਰ੍ਹਿਆਂ ਤੋਂ ਘੋਰ ਮਾੜੇ ਪ੍ਰਬੰਧਾਂ ਅਤੇ ਪ੍ਰਸ਼ਾਸਕੀ ਨਕਾਰਾਪਨ ਦੀਆਂ ਸ਼ਿਕਾਰ ਅਤੇ ਅਪਰਾਧੀਆਂ ਵਲੋਂ ਆਪਣੀਆਂ ਨਾਜਾਇਜ਼ ਸਰਗਰਮੀਆਂ ਚਲਾਉਣ ਦਾ 'ਸਰਕਾਰੀ ਹੈੱਡਕੁਆਰਟਰ' ਬਣ ਗਈਆਂ ਹਨ ਅਤੇ ਉਨ੍ਹਾਂ ਨੇ ਜੇਲਾਂ ਵਿਚ ਮੋਬਾਇਲ ਫੋਨ, ਨਸ਼ੇ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਲਿਆਉਣ ਦੇ ਕਈ ਤਰੀਕੇ ਲੱਭ ਲਏ ਹਨ ਅਤੇ ਸਾਡੀਆਂ ਜੇਲਾਂ ਸੁਧਾਰ ਘਰ ਦੀ ਬਜਾਏ ਵਿਗਾੜ ਘਰ ਬਣ ਗਈਆਂ ਹਨ, ਜੋ ਸਿਰਫ 19 ਦਿਨਾਂ ਦੀਆਂ ਹੇਠ ਲਿਖੀਆਂ ਘਟਨਾਵਾਂ ਤੋਂ ਸਪੱਸ਼ਟ ਹੈ :
* 11 ਅਗਸਤ ਨੂੰ ਗੁਜਰਾਤ ਦੀ ਮਹਿਸਾਗਰ ਜੇਲ 'ਚ ਹੱਤਿਆ ਦੇ ਦੋਸ਼ ਹੇਠ ਬੰਦ ਇਕ ਮਹਿਲਾ ਕੈਦੀ ਨਾਲ ਕੁਝ ਪੁਲਸ ਮੁਲਾਜ਼ਮਾਂ ਨੇ ਸਮੂਹਿਕ ਬਲਾਤਕਾਰ ਕੀਤਾ।
* 12 ਅਗਸਤ ਨੂੰ ਬਠਿੰਡਾ ਜੇਲ 'ਚ ਬੰਦ ਕੈਦੀ ਤੋਂ ਮੋਬਾਇਲ ਫੋਨ ਅਤੇ ਸਿਮ ਫੜਿਆ ਗਿਆ, ਜੋ ਉਸ ਨੇ ਸਿਰਹਾਣੇ ਹੇਠਾਂ ਲੁਕਾ ਕੇ ਰੱਖਿਆ ਹੋਇਆ ਸੀ। ਇਸੇ  ਦਿਨ ਹੁਸ਼ਿਆਰਪੁਰ ਜੇਲ ਵਿਚ ਹਵਾਲਾਤੀਆਂ ਤੋਂ 2 ਮੋਬਾਇਲ ਫੋਨ, ਬੈਟਰੀ ਅਤੇ ਸਿਮ ਜ਼ਬਤ ਕੀਤੇ ਗਏ।
* 15 ਅਗਸਤ ਨੂੰ ਰੋਪੜ ਜੇਲ 'ਚ ਉਮਰਕੈਦ ਦੀ ਸਜ਼ਾ ਕੱਟ ਰਹੇ ਇਕ ਸਿਪਾਹੀ ਨੂੰ ਰੋਪੜ ਜ਼ਿਲਾ ਜੇਲ ਅੰਦਰ ਇਕ ਬਾਲਟੀ ਵਿਚ ਲੁਕੋ ਕੇ ਰੱਖੇ ਹੋਏ 3 ਮੋਬਾਇਲ ਫੋਨ ਅਤੇ 8 ਪੁੜੀਆਂ ਤੰਬਾਕੂ ਅੰਦਰ ਲਿਜਾਣ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ।
* 17 ਅਗਸਤ ਨੂੰ ਅੰਮ੍ਰਿਤਸਰ ਸੈਂਟਰਲ ਜੇਲ 'ਚ 10 ਗ੍ਰਾਮ  ਨਸ਼ੇ ਵਾਲੇ ਪਦਾਰਥ, 410 ਨਸ਼ੇ ਵਾਲੀਆਂ ਗੋਲੀਆਂ, ਇਕ ਮੋਬਾਇਲ ਫੋਨ ਅਤੇ 5 ਗ੍ਰਾਮ ਹੈਰੋਇਨ ਫੜੀ ਗਈ।
* 19 ਅਗਸਤ ਨੂੰ ਅੰਮ੍ਰਿਤਸਰ ਸੈਂਟਰਲ ਜੇਲ ਮੈਨੇਜਮੈਂਟ ਨੇ ਜੇਲ 'ਚ ਬੰਦ ਬਦਨਾਮ ਗੈਂਗਸਟਰ ਲਾਡਾ ਦੇ ਕਬਜ਼ੇ 'ਚੋਂ ਫਿਰ ਮੋਬਾਇਲ ਬਰਾਮਦ ਕੀਤਾ। ਦੋ ਹੋਰ ਹਵਾਲਾਤੀਆਂ ਤੋਂ ਵੀ ਮੋਬਾਇਲ ਮਿਲੇ। 20 ਅਗਸਤ ਨੂੰ ਵੀ ਇਕ ਕੈਦੀ ਤੋਂ 2 ਮੋਬਾਇਲ ਫੋਨ ਮਿਲੇ। 
* 22 ਅਗਸਤ ਨੂੰ ਕਪੂਰਥਲਾ ਦੀ ਮਾਡਰਨ ਜੇਲ 'ਚ ਇਕ ਕੈਦੀ ਤੋਂ ਮੋਬਾਇਲ ਫੋਨ, ਸਿਮ ਕਾਰਡ ਅਤੇ ਬੈਟਰੀ ਤੇ 23 ਅਗਸਤ ਨੂੰ ਇਸੇ ਜੇਲ ਵਿਚ ਬੰਦ ਇਕ ਕੈਦੀ ਤੋਂ ਨਸ਼ੇ ਵਾਲੀਆਂ 140 ਗੋਲੀਆਂ ਬਰਾਮਦ ਕੀਤੀਆਂ ਗਈਆਂ।
* 23 ਅਗਸਤ ਨੂੰ ਸਬ-ਜੇਲ ਪੱਟੀ ਵਿਚ ਪੇਸ਼ੀ ਤੋਂ ਬਾਅਦ ਪਰਤੇ ਹਵਾਲਾਤੀ ਤੋਂ 14 ਗ੍ਰਾਮ ਹੈਰੋਇਨ ਬਰਾਮਦ ਹੋਈ, ਜੋ ਉਸ ਨੇ ਜੁੱਤੀ ਵਿਚ ਲੁਕੋ ਕੇ ਰੱਖੀ ਹੋਈ ਸੀ। 
* 24 ਅਗਸਤ ਨੂੰ ਹਰਿਆਣਾ ਦੀ ਭੋਂਡਸੀ ਜੇਲ ਵਿਚ ਰਾਤ ਦੇ ਸਮੇਂ 30 ਦੇ ਲੱਗਭਗ ਕੈਦੀਆਂ ਨੇ ਮਿਲ ਕੇ ਹੱਤਿਆ ਦੇ ਮਾਮਲੇ ਵਿਚ ਬੰਦ ਇਕ ਕੈਦੀ ਨੂੰ ਬੁਰੀ ਤਰ੍ਹਾਂ ਕੁੱਟਿਆ, ਜਿਸ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ।
* 27 ਅਗਸਤ ਨੂੰ ਪੀ. ਜੀ. ਆਈ. ਚੰਡੀਗੜ੍ਹ ਤੋਂ ਬੁੜੈਲ ਜੇਲ ਜਾ ਰਹੀ ਚੰਡੀਗੜ੍ਹ ਪੁਲਸ ਦੀ ਬੱਸ 'ਚੋਂ ਉਤਰ ਕੇ ਇਕ ਵਿਚਾਰ ਅਧੀਨ ਕੈਦੀ ਫਰਾਰ ਹੋ ਗਿਆ।
* 27 ਅਗਸਤ ਨੂੰ ਹੀ ਮਹਾਰਾਸ਼ਟਰ 'ਚ ਠਾਣੇ ਦੀ ਸੈਂਟਰਲ ਜੇਲ ਵਿਚ ਬੰਦ 2 ਵਿਚਾਰ ਅਧੀਨ ਕੈਦੀਆਂ ਨੇ ਇਕ ਕੈਦੀ 'ਤੇ ਹਮਲੇ ਦੇ ਸਬੰਧ ਵਿਚ ਉਨ੍ਹਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ ਦੌਰਾਨ 2 ਜੇਲ ਅਧਿਕਾਰੀਆਂ ਨੂੰ ਕੁੱਟ ਦਿੱਤਾ। 
* 27 ਅਗਸਤ ਨੂੰ ਹੀ ਦਿੱਲੀ 'ਚ ਤਿਹਾੜ ਦੇ ਸੈਮੀ-ਓਪਨ ਜੇਲ ਕੰਪਲੈਕਸ 'ਚੋਂ ਹੱਤਿਆ ਦੇ ਦੋਸ਼ ਹੇਠ ਸਜ਼ਾ ਕੱਟ ਰਿਹਾ ਇਕ ਕੈਦੀ ਗਾਇਬ ਹੋ ਗਿਆ। ਅਧਿਕਾਰੀਆਂ ਨੇ ਉਸ ਦੀ ਭਾਲ ਵਿਚ ਜੇਲ ਦਾ ਕੋਨਾ-ਕੋਨਾ ਛਾਣ ਮਾਰਿਆ ਪਰ ਉਹ ਨਹੀਂ ਮਿਲਿਆ ਤੇ 8 ਘੰਟਿਆਂ ਬਾਅਦ ਖ਼ੁਦ ਹੀ ਵਾਪਿਸ ਆ ਕੇ ਕਹਿਣ ਲੱਗਾ ਕਿ ਉਹ ਯੂ. ਪੀ. ਵਿਚ ਮੁਜ਼ੱਫਰਨਗਰ ਚਲਾ ਗਿਆ ਸੀ ਤੇ ਉਸ ਨੂੰ ਪਰਤਣ ਵਿਚ ਦੇਰ ਹੋ ਗਈ।
* 28 ਅਗਸਤ ਨੂੰ ਕਪੂਰਥਲਾ ਦੀ ਮਾਡਰਨ ਜੇਲ ਵਿਚ ਹਵਾਲਾਤੀਆਂ ਤੋਂ 4 ਮੋਬਾਇਲ ਫੋਨ ਜ਼ਬਤ ਕੀਤੇ ਗਏ। ਜ਼ਿਕਰਯੋਗ ਹੈ ਕਿ ਪਿਛਲੇ 6 ਮਹੀਨਿਆਂ 'ਚ ਇਸ ਜੇਲ ਵਿਚ ਕੈਦੀਆਂ ਤੋਂ 40 ਤੋਂ ਵੱਧ ਫੋਨ ਬਰਾਮਦ ਕੀਤੇ ਗਏ।
* 29 ਅਗਸਤ ਨੂੰ ਯੂ. ਪੀ. ਵਿਚ ਇਲਾਹਾਬਾਦ ਦੀ ਨੈਨੀ ਸੈਂਟਰਲ ਜੇਲ 'ਚੋਂ ਇਕ ਕੈਦੀ ਫਰਾਰ ਹੋ ਗਿਆ।
* 29 ਅਗਸਤ ਨੂੰ ਹੀ ਕਸ਼ਮੀਰ ਦੇ ਨੌਜਵਾਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਲੈਣ ਵਾਸਤੇ ਪੀ. ਓ. ਕੇ. ਭੇਜਣ ਦੇ ਦੋਸ਼ ਹੇਠ ਫੜੇ ਗਏ ਅੰਬਫਲਾ ਜੇਲ ਦੇ ਡਿਪਟੀ ਸੁਪਰਡੈਂਟ ਫਿਰੋਜ਼ ਅਹਿਮਦ ਲੋਨ ਨੂੰ 9 ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜਿਆ ਗਿਆ।
ਉਕਤ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਪ੍ਰਸ਼ਾਸਨ ਵਲੋਂ ਜੇਲਾਂ ਦੀ ਕਾਰਗੁਜ਼ਾਰੀ ਵਿਚ ਸੁਧਾਰ ਲਿਆਉਣ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਉਥੇ ਨਸ਼ੇ ਵਾਲੇ ਪਦਾਰਥਾਂ ਅਤੇ ਹੋਰ ਪਾਬੰਦੀਸ਼ੁਦਾ ਚੀਜ਼ਾਂ ਦੀ ਤਸਕਰੀ ਤੋਂ ਲੈ ਕੇ ਮਾਰ-ਕੁਟਾਈ, ਹਿੰਸਾ, ਇਥੋਂ ਤਕ ਕਿ ਜੇਲ ਅਧਿਕਾਰੀਆਂ 'ਤੇ ਹਮਲੇ ਲਗਾਤਾਰ ਜਾਰੀ ਹਨ।
ਇਸ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਜੇਲਾਂ ਵਿਚ ਬੁਨਿਆਦੀ ਢਾਂਚੇ ਦੀਆਂ ਊਣਤਾਈਆਂ ਦੂਰ ਕਰਨ, ਜੇਲਾਂ ਵਿਚ ਹੋਣ ਵਾਲੀਆਂ ਅਣਸੁਖਾਵੀਆਂ ਘਟਨਾਵਾਂ ਲਈ ਸਟਾਫ ਦੀ ਜ਼ਿੰਮੇਵਾਰੀ ਤੈਅ ਕਰਨ ਅਤੇ ਫਰਜ਼ ਨਿਭਾਉਣ ਵਿਚ ਢਿੱਲ ਵਰਤਣ ਵਾਲੇ ਮੁਲਾਜ਼ਮਾਂ ਵਿਰੁੱਧ ਉਚਿਤ ਕਾਰਵਾਈ ਕਰਨ ਦੀ ਲੋੜ ਹੈ। 
ਜਦੋਂ ਤਕ ਜੇਲਾਂ ਵਿਚ ਸੁਰੱਖਿਆ ਪ੍ਰਣਾਲੀ ਮਜ਼ਬੂਤ ਨਹੀਂ ਬਣਾਈ ਜਾਂਦੀ, ਉਥੋਂ ਦਾ ਮਾਹੌਲ ਅਤੇ ਅਨੁਸ਼ਾਸਨ ਨਹੀਂ ਸੁਧਾਰਿਆ ਜਾਂਦਾ, ਪ੍ਰਸ਼ਾਸਨ ਨੂੰ ਚੁਸਤ ਅਤੇ ਜੁਆਬਦੇਹ ਨਹੀਂ ਬਣਾਇਆ ਜਾਂਦਾ ਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਨਹੀਂ ਕੀਤੀ ਜਾਂਦੀ, ਉਦੋਂ ਤਕ ਉਥੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ, ਗੈਂਗਵਾਰ, ਬਲਾਤਕਾਰ ਅਤੇ ਹੋਰ ਅਪਰਾਧ ਹੁੰਦੇ ਹੀ ਰਹਿਣਗੇ।                                      

 —ਵਿਜੇ ਕੁਮਾਰ


Related News