ਇਹ ਹੈ! ''ਭਾਰਤ ਦੇਸ਼ ਅਸਾਡਾ''

08/30/2018 6:43:57 AM

ਜਿੰਨੀ ਤੇਜ਼ੀ ਨਾਲ ਸਾਡਾ ਦੇਸ਼ ਤਰੱਕੀ ਦੀਆਂ ਪੌੜੀਆਂ ਚੜ੍ਹ ਰਿਹਾ ਹੈ, ਓਨੀ ਹੀ ਤੇਜ਼ੀ ਨਾਲ ਇਸ ਦਾ ਨੈਤਿਕ ਪਤਨ ਹੋ ਰਿਹਾ ਹੈ। ਇਹ ਤ੍ਰਾਸਦੀ ਹੀ ਹੈ ਕਿ ਕਿਸੇ ਸਮੇਂ ਸਾਡੀ ਪ੍ਰਾਚੀਨ ਸੱਭਿਅਤਾ, ਸੰਸਕ੍ਰਿਤੀ ਅਤੇ ਉੱਚ ਸੰਸਕਾਰਾਂ ਕਾਰਨ ਸਮੁੱਚੀ ਦੁਨੀਆ ਮਾਰਗਦਰਸ਼ਨ ਲਈ ਭਾਰਤੀ ਗੁਰੂਆਂ ਦੀ ਪਨਾਹ ਵਿਚ ਆਉਣ 'ਚ ਮਾਣ ਮਹਿਸੂਸ ਕਰਦੀ ਸੀ ਪਰ ਅੱਜ ਅਸੀਂ ਆਪਣੇ ਸੰਸਕਾਰਾਂ, ਮਾਨਤਾਵਾਂ ਤੇ ਮਰਿਆਦਾਵਾਂ ਤੋਂ ਕਿਸ ਤਰ੍ਹਾਂ ਦੂਰ ਹੋ ਗਏ ਹਾਂ, ਇਹ ਸਿਰਫ 10 ਦਿਨਾਂ ਦੀਆਂ ਹੇਠ ਲਿਖੀਆਂ ਤਾਜ਼ਾ ਘਟਨਾਵਾਂ ਤੋਂ ਸਪੱਸ਼ਟ ਹੈ :
* 18 ਅਗਸਤ ਨੂੰ ਯੂ. ਪੀ. ਦੇ ਥਾਣਾ ਖਜੂਰੀਆ 'ਚ ਇਕ ਕਲਯੁਗੀ ਪਿਤਾ ਵਲੋਂ ਇਕ ਸਾਲ ਤੋਂ ਆਪਣੀ ਧੀ ਨਾਲ ਖੁਦ ਬਲਾਤਕਾਰ ਕਰਨ ਤੇ ਪੈਸਿਆਂ ਲਈ ਉਸ ਤੋਂ ਦੇਹ ਵਪਾਰ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਕੋਲ ਦਰਜ ਸ਼ਿਕਾਇਤ 'ਚ ਕਿਹਾ ਗਿਆ ਕਿ ਵਿਰੋਧ ਕਰਨ 'ਤੇ ਪਿਤਾ ਉਸ ਨੂੰ ਕੁੱਟਦਾ ਸੀ।
* 19 ਅਗਸਤ ਦੀ ਰਾਤ ਨੂੰ ਮੋਗਾ 'ਚ ਨਿਹਾਲ ਸਿੰਘ ਵਾਲਾ ਨੇੜਲੇ ਪਿੰਡ ਤਖਤੂਪੁਰਾ 'ਚ ਗੁਰਬਿੰਦਰ ਸਿੰਘ ਨਾਮੀ ਇਕ ਵਿਅਕਤੀ ਨੇ ਆਪਣੀ ਪਤਨੀ ਗੁਰਮੀਤ ਕੌਰ ਨਾਲ ਮਾਰ-ਕੁਟਾਈ ਕਰ ਕੇ ਉਸ ਨੂੰ ਜ਼ਬਰਦਸਤੀ ਜ਼ਹਿਰੀਲੀ ਦਵਾਈ ਪਿਲਾ ਦਿੱਤੀ, ਜਿਸ ਦੇ ਸਿੱਟੇ ਵਜੋਂ ਇਲਾਜ ਦੌਰਾਨ 20 ਅਗਸਤ ਨੂੰ ਉਸ ਦੀ ਮੌਤ ਹੋ ਗਈ।
* 20 ਅਗਸਤ ਨੂੰ ਮਲੋਟ ਨੇੜਲੇ ਪਿੰਡ ਪੱਕੀ ਟਿੱਬੀ 'ਚ ਸ਼ਰਾਬ ਦੇ ਆਦੀ ਨੌਜਵਾਨ ਨੇ ਸ਼ਰਾਬ ਪੀਣ ਤੋਂ ਰੋਕਣ 'ਤੇ ਆਪਣੀ ਪਤਨੀ ਨੂੰ ਸਾੜ ਕੇ ਮਾਰ ਦਿੱਤਾ। 
* 20 ਅਗਸਤ ਨੂੰ ਹੀ ਯੂ. ਪੀ. 'ਚ ਝਾਂਸੀ ਦੇ ਪੁੰਛ ਥਾਣਾ ਖੇਤਰ 'ਚ ਇਕ ਔਰਤ ਨੇ ਆਪਣੀ ਚਾਰ ਮਹੀਨਿਆਂ ਦੀ ਬੇਟੀ 'ਤੇ ਕਿਸੇ ਪ੍ਰੇਤ ਆਤਮਾ ਦਾ ਪਰਛਾਵਾਂ ਹੋਣ ਦੇ ਸ਼ੱਕ ਹੇਠ ਬਲੇਡ ਨਾਲ ਧੌਣ ਕੱਟ ਕੇ ਉਸ ਦੀ ਹੱਤਿਆ ਕਰ ਦਿੱਤੀ।
* 21 ਅਗਸਤ ਦੀ ਰਾਤ ਨੂੰ ਬੰਗਾਲ ਦੇ ਮਾਲਦਾ ਵਿਚ ਆਪਣੇ ਘਰ ਅੰਦਰ ਨਾਜਾਇਜ਼ ਸ਼ਰਾਬ ਵੇਚਣ ਤੋਂ ਰੋਕਣ 'ਤੇ ਇਕ ਨੌਜਵਾਨ ਨੇ ਫਹੁੜਾ ਮਾਰ ਕੇ ਆਪਣੀ ਬੁੱਢੀ ਮਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
* 21 ਅਗਸਤ ਨੂੰ ਹੀ ਯੂ. ਪੀ. 'ਚ ਬਹਿਰਾਈਚ ਜ਼ਿਲੇ ਦੇ ਹਜੂਰਪੁਰ ਥਾਣਾ ਖੇਤਰ 'ਚ ਪੈਂਦੇ ਇਕ ਪਿੰਡ 'ਚ ਇਕ ਨੌਜਵਾਨ ਨੇ ਆਪਣੀ 5 ਸਾਲਾ ਚਚੇਰੀ ਭੈਣ ਨਾਲ ਬਲਾਤਕਾਰ ਕੀਤਾ।
* 23 ਅਗਸਤ ਨੂੰ ਫਾਜ਼ਿਲਕਾ ਨੇੜਲੇ ਪਿੰਡ ਰਾਣਾ ਵਿਚ ਪ੍ਰਾਪਰਟੀ ਦੇ ਝਗੜੇ ਨੂੰ ਲੈ ਕੇ ਬੀਰਇੰਦਰਪਾਲ ਸਿੰਘ ਉਰਫ ਲਾਡੀ ਨੇ ਆਪਣੇ ਪਿਤਾ ਹਰਭਜਨ ਸਿੰਘ ਦੇ ਸਿਰ 'ਤੇ ਲੱਕੜੀ ਦੇ ਦਸਤੇ ਨਾਲ ਵਾਰ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ।
* 23 ਅਗਸਤ ਨੂੰ ਹੀ ਧੂਰੀ 'ਚ ਮਕਾਨ ਦਾ ਹਿੱਸਾ ਮੰਗਣ ਆਈ ਵਿਧਵਾ ਭਾਬੀ ਕਿਰਨ ਕੌਰ ਦੀ ਉਸ ਦੇ ਜੇਠ ਨਿੱਕਾ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਰਾਡ ਮਾਰ ਕੇ ਹੱਤਿਆ ਕਰ ਦਿੱਤੀ।
* 23 ਅਗਸਤ ਨੂੰ ਹੀ ਆਗਰਾ 'ਚ ਇਕ ਕਲਯੁਗੀ ਪਿਤਾ ਵਲੋਂ ਆਪਣੀ ਇਕਲੌਤੀ ਧੀ ਨੂੰ ਬੰਧਕ ਬਣਾ ਕੇ ਉਸ ਨਾਲ ਲਗਾਤਾਰ ਕਈ ਮਹੀਨੇ ਬਲਾਤਕਾਰ ਕਰਨ ਦੇ ਦੋਸ਼ ਹੇਠ ਪੀੜਤ ਬੱਚੀ ਦੀ ਮਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
* 24 ਅਗਸਤ ਨੂੰ ਯੂ. ਪੀ. 'ਚ ਮੈਨਪੁਰੀ ਦੇ ਕੁਰਾਵਲੀ ਖੇਤਰ ਦੇ ਇਕ ਪਿੰਡ 'ਚ ਇਕ ਨੌਜਵਾਨ ਨੇ ਆਪਣੀ 8 ਸਾਲਾ ਚਚੇਰੀ ਭੈਣ ਨਾਲ ਬਲਾਤਕਾਰ ਕੀਤਾ। 
* 26 ਅਗਸਤ ਨੂੰ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ਦੇ ਕੋਲਾਰਸ ਪਿੰਡ 'ਚ ਰੱਖੜੀ ਵਾਲੇ ਦਿਨ ਜਾਇਦਾਦ ਨੂੰ ਲੈ ਕੇ ਹੋਏ ਝਗੜੇ 'ਚ ਨਰੇਸ਼ ਨਾਮੀ ਨੌਜਵਾਨ ਨੇ ਕੁਹਾੜੀ ਮਾਰ ਕੇ ਆਪਣੇ ਪਿਤਾ ਨੂੰ ਮਾਰ ਦਿੱਤਾ।
* 27 ਅਗਸਤ ਨੂੰ ਸੰਗਰੂਰ 'ਚ ਰਹਿਣ ਵਾਲੀ ਆਪਣੀ ਧੀ ਨੂੰ ਇਲਾਜ ਲਈ ਉਸ ਦੇ ਸਹੁਰੇ ਘਰੋਂ ਲੈਣ ਆਏ ਵਿਅਕਤੀ ਦੀ ਉਸ ਦੇ ਜਵਾਈ ਨੇ ਹੱਤਿਆ ਕਰ ਦਿੱਤੀ।
* 27 ਅਗਸਤ ਨੂੰ ਹੀ ਥਾਣਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਘੋਲੀਆ ਖੁਰਦ 'ਚ ਸੇਵਕ ਸਿੰਘ ਨਾਮੀ ਨਸ਼ੇੜੀ ਨੌਜਵਾਨ ਨੇ ਜਾਇਦਾਦ ਦੇ ਝਗੜੇ 'ਚ ਆਪਣੇ 90 ਸਾਲਾ ਪਿਤਾ ਕਿਰਪਾਲ ਸਿੰਘ ਦੀ ਰਾਡ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ।
* 28 ਅਗਸਤ ਨੂੰ ਝਾਰਖੰਡ ਦੇ ਧਨਬਾਦ 'ਚ ਇਕ ਵਿਅਕਤੀ ਨੇ ਆਪਣੀ ਨੂੰਹ ਨਾਲ ਬਲਾਤਕਾਰ ਕਰਨ 'ਚ ਨਾਕਾਮ ਰਹਿਣ 'ਤੇ ਉਸ ਨੂੰ ਜ਼ਿੰਦਾ ਸਾੜ ਦਿੱਤਾ। 
* 28 ਅਗਸਤ ਨੂੰ ਹੀ ਬੈਂਗੁਲੂਰ 'ਚ ਜਾਇਦਾਦ ਅਤੇ ਪੈਸਿਆਂ ਦੇ ਲਾਲਚ 'ਚ ਪੀ. ਅਭਿਸ਼ੇਕ ਚੇਤਨ ਨਾਮੀ ਨੌਜਵਾਨ ਨੇ ਆਪਣੇ 66 ਸਾਲਾ ਪਿਤਾ ਐੱਸ. ਐੱਸ. ਪਰਮੇਸ਼ ਦੀਆਂ ਅੱਖਾਂ ਕੱਢ ਲਈਆਂ। ਦੋਸ਼ੀ ਆਪਣੇ ਪਿਤਾ ਤੋਂ ਘਰ ਦੀ ਰਜਿਸਟਰੀ ਆਪਣੇ ਨਾਂ ਕਰਵਾਉਣ ਦੀ ਮੰਗ ਕਰ ਰਿਹਾ ਸੀ। ਪਰਮੇਸ਼ ਨੇ ਆਪਣੀ ਸਾਰੀ ਪ੍ਰਾਪਰਟੀ ਬੱਚਿਆਂ ਦੇ ਨਾਂ ਕਰ ਦਿੱਤੀ ਸੀ ਤੇ ਉਨ੍ਹਾਂ ਕੋਲ ਸਿਰਫ ਇਕ ਘਰ ਹੀ ਬਚਿਆ ਸੀ, ਜਿਸ 'ਚ ਉਹ ਰਹਿੰਦੇ ਹਨ।
* 28 ਅਗਸਤ ਨੂੰ ਹੀ ਉੱਤਰਾਖੰਡ ਦੇ ਕਿੱਛਾ 'ਚ ਸ਼ਿਵਾਨੀ ਨਾਮੀ ਇਕ ਨਵ-ਵਿਆਹੁਤਾ ਆਪਣੇ ਪਤੀ ਲਕਸ਼ਮਣ ਦੀ ਹੱਤਿਆ ਕਰ ਕੇ ਫਰਾਰ ਹੋ ਗਈ।
* 28 ਅਗਸਤ ਨੂੰ ਹੀ ਮੁੰਬਈ 'ਚ ਇਕ ਵਿਅਕਤੀ ਨੇ ਆਪਣੀ ਪਤਨੀ ਨੂੰ ਨਸ਼ੇ ਵਾਲਾ ਪਦਾਰਥ ਪਿਲਾਉਣ ਤੋਂ ਬਾਅਦ ਨੀਮ ਬੇਹੋਸ਼ੀ ਦੀ ਹਾਲਤ 'ਚ ਉਸ ਨਾਲ ਖੁਦ ਤੇ ਆਪਣੇ ਦੋਸਤ ਤੋਂ ਕਈ ਵਾਰ ਬਲਾਤਕਾਰ ਕਰਵਾਇਆ ਤੇ ਉਸ ਦਾ ਵੀਡੀਓ ਵੀ ਬਣਾ ਲਿਆ।
* 28 ਅਗਸਤ ਨੂੰ ਹੀ ਭੋਪਾਲ 'ਚ ਇਕ 16 ਸਾਲਾ ਲੜਕੀ ਨੇ ਆਪਣੇ ਪਿਤਾ ਵਲੋਂ ਉਸ ਨਾਲ ਲਗਾਤਾਰ ਬਲਾਤਕਾਰ ਕਰਨ ਵਿਰੁੱਧ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਇਕ ਸੱਭਿਅਕ ਅਖਵਾਉਣ ਵਾਲੇ ਸਮਾਜ 'ਚ ਅਜਿਹੀਆਂ ਘਟਨਾਵਾਂ ਘੋਰ ਚਿੰਤਾ ਦਾ ਵਿਸ਼ਾ ਹਨ। ਇਸ ਲਈ ਸਰਕਾਰ ਤੇ ਸਮਾਜ ਨੂੰ ਇਸ ਵਿਸ਼ੇ 'ਚ ਡੂੰਘਾਈ ਨਾਲ ਚਿੰਤਨ ਕਰਨਾ ਚਾਹੀਦਾ ਹੈ ਕਿ ਇਸ ਮਾੜੇ ਰੁਝਾਨ ਨੂੰ ਕਿਵੇਂ ਰੋਕਣਾ ਹੈ ਤੇ ਇਸ ਦੇ ਲਈ ਸਰਕਾਰ ਸਖਤ ਤੋਂ ਸਖਤ ਸਜ਼ਾ ਦੀ ਵਿਵਸਥਾ ਵੀ ਕਰੇ। ਜੇ ਇਸ ਮਾੜੇ ਰੁਝਾਨ ਨੂੰ ਸਖਤੀ ਨਾਲ ਨਾ ਰੋਕਿਆ ਗਿਆ ਤਾਂ ਸਮਾਜ ਅਰਾਜਕਤਾ ਦਾ ਸ਼ਿਕਾਰ ਹੋ ਕੇ ਰਹਿ ਜਾਵੇਗਾ।
—ਵਿਜੇ ਕੁਮਾਰ


Related News