ਬਡੂਖਰ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਹਿਮਾਚਲ ਦੇ ਮੁੱਖ ਮੰਤਰੀ ਧਿਆਨ ਦੇਣ

08/28/2018 7:34:51 AM

26 ਅਗਸਤ ਨੂੰ ਮੈਨੂੰ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕਾਂਗੜਾ ਦੀ ਤਹਿਸੀਲ ਇੰਦੌਰਾ ਦੇ ਸੰਜਵਾਂ 'ਚ ਸਥਿਤ ਰਘੁਨਾਥ ਮੰਦਰ ਤਪੋਭੂਮੀ ਪਰਮ ਪੂਜਨੀਕ ਬਾਬਾ ਮਨਸਾ ਰਾਮ ਜੀ, ਪੰਚਵਟੀ ਧਾਮ 'ਚ ਜਾਰੀ 27ਵੇਂ ਸਾਲਾਨਾ ਸੰਮੇਲਨ 'ਚ ਹਿੱਸਾ ਲੈਣ ਦਾ ਮੌਕਾ ਮਿਲਿਆ।
ਇਸ ਪਵਿੱਤਰ ਧਾਮ ਦਾ ਸੰਚਾਲਨ ਤਪੋਮੂਰਤੀ ਸਾਧਵੀ ਕੁਮਾਰੀ ਦੇਵਾਜੀ ਮਹਾਰਾਜ ਕਰ ਰਹੀ ਹੈ, ਜੋ ਇਥੇ 49 ਸਾਲਾਂ ਤੋਂ ਬਿਰਾਜਮਾਨ ਹਨ ਤੇ ਇਥੇ ਉਨ੍ਹਾਂ ਨੇ 12 ਸਾਲ ਪਹਿਲਾਂ ਪੰਚਵਟੀ ਧਾਮ ਦਾ ਨਿਰਮਾਣ ਕਰਵਾਇਆ ਸੀ। 
ਮੈਨੂੰ ਇਸ ਪਵਿੱਤਰ ਧਾਮ 'ਤੇ ਜਾਣ ਦਾ ਕਈ ਵਾਰ ਮੌਕਾ ਮਿਲਿਆ ਹੈ ਤੇ ਵੱਡੀ ਗਿਣਤੀ 'ਚ ਇਥੇ ਸ਼ਰਧਾਲੂ ਪਹੁੰਚਦੇ ਹਨ। ਇਸ ਮੌਕੇ ਮੈਨੂੰ ਸਥਾਨਕ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ, ਜਿਨ੍ਹਾਂ 'ਚੋਂ ਕੁਝ ਹੇਠਾਂ ਦਰਜ ਹਨ :
* ਖੇਤਰ ਦੇ ਇਕੋ-ਇਕ ਮੁੱਢਲੇ ਸਿਹਤ ਕੇਂਦਰ ਬਡੂਖਰ ਵਿਚ ਕੋਈ ਡਾਕਟਰ ਅਤੇ ਐਂਬੂਲੈਂਸ ਨਾ ਹੋਣ ਕਾਰਨ ਰੋਗੀ ਰਾਮ ਭਰੋਸੇ ਹੀ ਰਹਿੰਦੇ ਹਨ। ਲੋਕਾਂ ਦੀ ਮੰਗ ਹੈ ਕਿ ਇਸ ਨੂੰ ਅੱਪਗ੍ਰੇਡ ਕਰ ਕੇ ਸੰਪੂਰਨ ਹਸਪਤਾਲ ਦਾ ਦਰਜਾ ਦਿੱਤਾ ਜਾਵੇ। ਇਥੇ ਡਾਕਟਰ ਅਤੇ ਹੋਰ ਮੁਲਾਜ਼ਮ ਨਿਯੁਕਤ ਕੀਤੇ ਜਾਣ ਅਤੇ ਘੱਟੋ-ਘੱਟ 20 ਬਿਸਤਰਿਆਂ ਦੀ ਸਹੂਲਤ ਦਿੱਤੀ ਜਾਵੇ। 
* ਹਾਲਾਂਕਿ ਹਿਮਾਚਲ ਪ੍ਰਦੇਸ਼ ਕੇਰਲ ਤੋਂ ਬਾਅਦ ਸੌ ਫੀਸਦੀ ਸਾਖਰਤਾ ਵਾਲਾ ਸੂਬਾ ਬਣਨ ਦੇ ਨੇੜੇ ਹੈ ਪਰ ਇਸ ਖੇਤਰ 'ਚ ਸਿੱਖਿਆ ਸਹੂਲਤਾਂ ਦੀ ਭਾਰੀ ਘਾਟ ਹੈ। ਲੋਕਾਂ ਦੀ ਮੰਗ ਹੈ ਕਿ ਬਡੂਖਰ 'ਚ ਗ੍ਰੈਜੂਏਟ ਪੱਧਰ ਦਾ ਇਕ ਸਰਕਾਰੀ ਕਾਲਜ ਖੋਲ੍ਹਿਆ ਜਾਵੇ। ਵਿਦਿਆਲਾ ਭਵਨ ਲਈ ਕਾਫੀ ਜ਼ਮੀਨ ਵੀ ਉਪਲਬਧ ਹੈ।
* ਇਸ ਖੇਤੀ ਪ੍ਰਧਾਨ ਖੇਤਰ ਦੇ ਕਿਸਾਨਾਂ ਨੂੰ ਮਾਲੀਏ ਸਬੰਧੀ ਕੰਮਾਂ ਲਈ ਦੂਰ ਪੈਂਦੇ ਇੰਦੌਰਾ ਅਤੇ ਫਤੇਹਪੁਰ ਜਾਣਾ ਪੈਂਦਾ ਹੈ, ਇਸ ਲਈ ਬਡੂਖਰ ਵਿਚ ਤਹਿਸੀਲ ਇੰਦੌਰਾ ਦੇ ਅਧੀਨ ਉਪ-ਖਜ਼ਾਨਾ ਦਫਤਰ ਸਮੇਤ ਇਕ ਉਪ-ਤਹਿਸੀਲ ਅਤੇ ਬਲਾਕ ਵਿਕਾਸ ਦਫਤਰ ਖੋਲ੍ਹਿਆ ਜਾਵੇ। 
* ਇਸ ਖੇਤਰ ਦੇ ਕਿਸਾਨਾਂ ਦੀ ਜ਼ਮੀਨ ਦੀ ਸਿੰਜਾਈ ਦਾ ਇਕੋ-ਇਕ ਸਾਧਨ ਸ਼ਾਹ ਨਹਿਰ ਹੈ। ਇਸ ਦੇ ਸੰਚਾਲਨ ਲਈ ਕਾਰਜਕਾਰੀ ਇੰਜੀਨੀਅਰ ਅਤੇ ਮਾਤਹਿਤ ਮੁਲਾਜ਼ਮਾਂ ਦਾ ਦਫਤਰ ਬਹੁਤ ਦੂਰ ਸੰਸਾਰਪੁਰ ਟੈਰੇਸ ਵਿਚ ਰੱਖਿਆ ਗਿਆ ਹੈ। ਇਸ ਲਈ ਸ਼ਾਹ ਨਹਿਰ ਨਾਲ ਸਬੰਧਤ ਕਿਸੇ ਵੀ ਕੰਮ ਅਤੇ ਸ਼ਿਕਾਇਤ ਦੇ ਨਿਪਟਾਰੇ ਲਈ ਕਿਸਾਨਾਂ ਨੂੰ ਸੰਸਾਰਪੁਰ ਟੈਰੇਸ ਜਾਣਾ ਪੈਂਦਾ ਹੈ, ਜਦਕਿ ਬਡੂਖਰ ਵਿਚ ਸ਼ਾਹ ਨਹਿਰ ਮੈਨੇਜਮੈਂਟ ਦੀਆਂ ਆਪਣੀਆਂ ਇਮਾਰਤਾਂ ਖਾਲੀ ਪਈਆਂ ਹਨ। ਇਸ ਲਈ ਸੰਸਾਰਪੁਰ ਟੈਰੇਸ ਤੋਂ ਉਕਤ ਕਾਰਜਕਾਰੀ ਇੰਜੀਨੀਅਰ ਦਾ ਦਫਤਰ ਬਡੂਖਰ ਵਿਚ ਸਥਿਤ ਸ਼ਾਹ ਨਹਿਰ ਮੈਨੇਜਮੈਂਟ ਦੀਆਂ ਇਮਾਰਤਾਂ ਵਿਚ ਹੀ ਤਬਦੀਲ ਕੀਤਾ ਜਾਵੇ। 
* ਇਲਾਕੇ 'ਚ ਗੱਡੀਆਂ ਵਧ ਗਈਆਂ ਹਨ, ਘਰ-ਘਰ ਵਿਚ ਕਾਰਾਂ-ਮੋਟਰਸਾਈਕਲ ਪਹੁੰਚ ਗਏ ਹਨ, ਟਰੈਫਿਕ ਵਧ ਗਿਆ ਹੈ ਪਰ ਸੜਕਾਂ ਟੁੱਟੀਆਂ-ਭੱਜੀਆਂ ਹੋਣ ਕਰਕੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਪਠਾਨਕੋਟ, ਇੰਦੌਰਾ, ਬਡੂਖਰ, ਰੇ ਅਤੇ ਤਲਵਾੜਾ ਤਕ ਜਾਣ ਵਾਲੀ 65 ਕਿਲੋਮੀਟਰ ਸੜਕ ਦੀ ਬਹੁਤ ਬੁਰੀ ਹਾਲਤ ਹੈ ਤੇ ਜਗ੍ਹਾ-ਜਗ੍ਹਾ ਪਏ ਟੋਏ ਹਾਦਸਿਆਂ ਨੂੰ ਸੱਦਾ ਦਿੰਦੇ ਹਨ, ਇਸ ਲਈ ਇਸ ਨੂੰ ਛੇਤੀ ਠੀਕ ਕਰਵਾਇਆ ਜਾਵੇ। 
* ਇਥੇ ਕੋਈ ਲੰਮੇ ਰੂਟ ਦੀ ਬੱਸ ਵੀ ਨਹੀਂ ਚੱਲਦੀ। ਇਸ ਦੇ ਲਈ ਲੋਕਾਂ ਨੂੰ ਪਠਾਨਕੋਟ, ਜਸੂਰ, ਫਤੇਹਪੁਰ ਜਾਂ ਤਲਵਾੜਾ ਜਾਣਾ ਪੈਂਦਾ ਹੈ। ਲੋਕਾਂ ਦੀ ਮੰਗ ਹੈ ਕਿ ਇਥੋਂ ਪਠਾਨਕੋਟ ਡਿਪੂ ਦੀਆਂ ਘੱਟੋ-ਘੱਟ 4 ਲੰਮੀ ਦੂਰੀ ਦੀਆਂ ਬੱਸਾਂ ਪਠਾਨਕੋਟ-ਸ਼ਿਮਲਾ ਵਾਇਆ ਨਾਲਾਗੜ੍ਹ, ਪਠਾਨਕੋਟ-ਚੰਡੀਗੜ੍ਹ, ਪਠਾਨਕੋਟ-ਦਿੱਲੀ ਅਤੇ ਪਠਾਨਕੋਟ-ਲੁਧਿਆਣਾ ਤੇ ਜਲੰਧਰ ਚਲਾਈਆਂ ਜਾਣ। ਇੰਦੌਰਾ ਅਤੇ ਬਡੂਖਰ ਤੋਂ ਸੰਜਵਾਂ ਤਕ ਮਿੰਨੀ ਬੱਸਾਂ ਚਲਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ। 
* ਇਸ ਖੇਤਰ ਦਾ ਥਾਣਾ ਇਥੋਂ 20 ਕਿਲੋਮੀਟਰ ਦੂਰ ਇੰਦੌਰਾ 'ਚ ਹੈ। ਲੋਕਾਂ ਦੀ ਮੰਗ ਹੈ ਕਿ ਬਡੂਖਰ ਵਿਚ ਇਕ ਪੁਲਸ ਚੌਕੀ ਖੋਲ੍ਹੀ ਜਾਵੇ।
* ਇਹ ਖੇਤਰ ਬਹੁਤ ਉਪਜਾਊ ਹੋਣ ਦੇ ਬਾਵਜੂਦ ਕਿਸਾਨਾਂ ਨੂੰ ਆਪਣੀ ਫਾਲਤੂ ਉਪਜ ਦੇ ਮੰਡੀਕਰਨ ਦੀ ਸਹੂਲਤ ਨਹੀਂ ਹੈ, ਇਸ ਲਈ ਬਡੂਖਰ ਵਿਚ ਇਕ ਦਾਣਾ ਮੰਡੀ ਅਤੇ ਇਕ ਸਬਜ਼ੀ ਮੰਡੀ ਬਣਾਉਣ ਦੀ ਮੰਗ ਇਥੋਂ ਦੇ ਲੋਕਾਂ ਵਲੋਂ ਕੀਤੀ ਜਾ ਰਹੀ ਹੈ। 
* ਬਡੂਖਰ ਵਿਚ ਇਕ 33 ਕੇ. ਵੀ. ਏ. ਦਾ ਸਬ-ਸਟੇਸ਼ਨ ਹੈ, ਜੋ ਇਸ ਵਿਸ਼ਾਲ ਇਲਾਕੇ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਸਮਰੱਥ ਨਹੀਂ। ਇਹੋ ਨਹੀਂ, ਜਦੋਂ ਵੀ ਫਤੇਹਪੁਰ ਖੇਤਰ ਵਿਚ ਬਿਜਲੀ ਦੀ ਸਪਲਾਈ 'ਚ ਰੁਕਾਵਟ ਪੈਂਦੀ ਹੈ, ਤਾਂ ਬਡੂਖਰ ਸਬ-ਸਟੇਸ਼ਨ ਤੋਂ ਸਥਾਨਕ ਸਪਲਾਈ ਬੰਦ ਕਰ ਕੇ ਫਤੇਹਪੁਰ ਸਬ-ਸਟੇਸ਼ਨ ਨੂੰ ਮੋੜ ਦਿੱਤੀ ਜਾਂਦੀ ਹੈ। 
ਲੋਕਾਂ ਦੀ ਮੰਗ ਹੈ ਕਿ ਬਡੂਖਰ ਸਬ-ਸਟੇਸ਼ਨ ਨੂੰ ਅੱਪਗ੍ਰੇਡ ਕਰ ਕੇ 66 ਕੇ. ਵੀ. ਏ. ਦਾ ਕੀਤਾ ਜਾਵੇ ਅਤੇ ਫਤੇਹਪੁਰ ਸਬ-ਸਟੇਸ਼ਨ ਨੂੰ ਬਿਜਲੀ ਸਪਲਾਈ ਮੋੜਦੇ ਸਮੇਂ ਇਸ ਖੇਤਰ ਦੇ ਹਿੱਤਾਂ ਨੂੰ ਠੇਸ ਨਾ ਪਹੁੰਚਾਈ ਜਾਵੇ। 
* ਹਿਮਾਚਲ ਦੇ ਵਿਕਸਿਤ ਹੋ ਰਹੇ ਉਦਯੋਗਿਕ ਖੇਤਰ ਸੰਸਾਰਪੁਰ ਟੈਰੇਸ ਤੋਂ ਕੰਦਰੋੜੀ ਉਦਯੋਗਿਕ ਖੇਤਰ ਨੂੰ ਵਾਇਆ ਬਡੂਖਰ ਅਤੇ ਰੇ ਆਪਸ ਵਿਚ ਜੋੜਨ ਲਈ ਰੇਲ ਮਾਰਗ ਬਣਾ ਦੇਣ ਨਾਲ ਇਲਾਕੇ ਦੇ 154 ਪਿੰਡਾਂ ਨੂੰ ਫਾਇਦਾ ਹੋਵੇਗਾ। 
ਬਡੂਖਰ ਖੇਤਰ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਮੇਰੀ ਹਿਮਾਚਲ ਦੇ ਮੁੱਖ ਮੰਤਰੀ ਸ਼੍ਰੀ ਜੈਰਾਮ ਠਾਕੁਰ ਨੂੰ ਅਪੀਲ ਹੈ ਕਿ ਉਹ ਖ਼ੁਦ ਇਸ ਖੇਤਰ ਦਾ ਦੌਰਾ ਕਰ ਕੇ ਇਥੋਂ ਦੀਆਂ ਸੜਕਾਂ ਆਦਿ ਨੂੰ ਠੀਕ ਕਰਵਾਉਣ ਅਤੇ ਜਿਹੜੀਆਂ ਹੋਰ ਸਮੱਸਿਆਵਾਂ ਦਾ ਇਥੋਂ ਦੇ ਲੋਕਾਂ ਨੇ ਜ਼ਿਕਰ ਕੀਤਾ ਹੈ, ਉਨ੍ਹਾਂ ਨੂੰ ਛੇਤੀ ਦੂਰ ਕਰਨ ਦੀ ਕੋਸ਼ਿਸ਼ ਕਰਨ ਤਾਂ ਕਿ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਦੂਰ ਹੋਣ ਤੇ ਇਸ ਖੇਤਰ ਵਿਚ ਖੁਸ਼ਹਾਲੀ ਆਵੇ।
                                                                       —ਵਿਜੇ ਕੁਮਾਰ


Related News