2 ਪੈਸੇ ਦੇ ਕੰਮ ਲਈ 30 ਸਾਲ ਦੀ ਬਲੀ!

8/22/2018 8:59:00 AM

ਜਲੰਧਰ— ਸਵਾਮੀ ਵਿਵੇਕਾਨੰਦ ਇਕ ਵਾਰ ਕਿਤੇ ਜਾ ਰਹੇ ਸਨ। ਰਸਤੇ ਵਿਚ ਨਦੀ ਪਈ ਤਾਂ ਉਹ ਉਥੇ ਹੀ ਰੁਕ ਗਏ ਕਿਉਂਕਿ ਨਦੀ ਪਾਰ ਕਰਵਾਉਣ ਵਾਲੀ ਬੇੜੀ ਕਿਤੇ ਗਈ ਹੋਈ ਸੀ। ਸਵਾਮੀ ਜੀ ਬੈਠ ਕੇ ਰਸਤਾ ਦੇਖਣ ਲੱਗੇ ਕਿ ਉਧਰੋਂ ਕੋਈ ਬੇੜੀ ਮੁੜੇ ਤਾਂ ਨਦੀ ਪਾਰ ਕੀਤੀ ਜਾਵੇ। ਅਚਾਨਕ ਉੱਥੇ ਇਕ ਮਹਾਤਮਾ ਵੀ ਆ ਪਹੁੰਚੇ। ਸਵਾਮੀ ਨੇ ਉਨ੍ਹਾਂ ਨਾਲ ਜਾਣ-ਪਛਾਣ ਕੀਤੀ। ਗੱਲਾਂ-ਗੱਲਾਂ ਵਿਚ ਮਹਾਤਮਾ ਜੀ ਨੂੰ ਪਤਾ ਲੱਗਾ ਕਿ ਸਵਾਮੀ ਜੀ ਨਦੀ ਕੰਢੇ ਬੇੜੀ ਦੀ ਉਡੀਕ ਕਰ ਰਹੇ ਹਨ।
ਮਹਾਤਮਾ ਜੀ ਬੋਲੇ, ''ਜੇ ਇਕ ਛੋਟੀ-ਮੋਟੀ ਰੁਕਾਵਟ ਨੂੰ ਦੇਖ ਕੇ ਰੁਕ ਜਾਵੇਂਗਾ ਤਾਂ ਦੁਨੀਆ ਵਿਚ ਕਿਵੇਂ ਚੱਲੇਂਗਾ? ਤੂੰ ਤਾਂ ਸਵਾਮੀ ਏਂ, ਬੜਾ ਅਧਿਆਤਮਕ ਗੁਰੂ ਤੇ ਦਾਰਸ਼ਨਿਕ ਮੰਨਿਆ ਜਾਂਦਾ ਏਂ। ਛੋਟੀ ਜਿਹੀ ਨਦੀ ਨਹੀਂ ਪਾਰ ਕਰ ਸਕਦਾ? ਦੇਖ, ਨਦੀ ਇੰਝ ਪਾਰ ਕੀਤੀ ਜਾਂਦੀ ਹੈ।''
ਮਹਾਤਮਾ ਜੀ ਖੜ੍ਹੇ ਹੋਏ ਅਤੇ ਪਾਣੀ ਦੀ ਸਤ੍ਹਾ 'ਤੇ ਚੱਲਦਿਆਂ ਲੰਮਾ ਚੱਕਰ ਲਾ ਕੇ ਵਾਪਸ ਸਵਾਮੀ ਜੀ ਕੋਲ ਆ ਖੜ੍ਹੇ ਹੋਏ। ਸਵਾਮੀ ਜੀ ਨੇ ਹੈਰਾਨ ਹੋ ਕੇ ਪੁੱਛਿਆ,''ਮਹਾਤਮਾ ਜੀ, ਇਹ ਸਿੱਧੀ ਤੁਸੀਂ ਕਿੱਥੋਂ ਤੇ ਕਿਵੇਂ ਹਾਸਲ ਕੀਤੀ?''
ਮਹਾਤਮਾ ਜੀ ਮੁਸਕਰਾਏ ਅਤੇ ਬੜੇ ਮਾਣ ਨਾਲ ਬੋਲੇ, ''ਇਹ ਸਿੱਧੀ ਐਵੇਂ ਹੀ ਨਹੀਂ ਮਿਲ ਗਈ। ਇਸ ਦੇ ਲਈ ਮੈਨੂੰ ਹਿਮਾਲਿਆ ਦੀਆਂ ਗੁਫਾਵਾਂ ਵਿਚ 30 ਸਾਲ ਤਪੱਸਿਆ ਕਰਨੀ ਪਈ।''
ਮਹਾਤਮਾ ਜੀ ਦੀਆਂ ਇਹ ਗੱਲਾਂ ਸੁਣ ਕੇ ਸਵਾਮੀ ਜੀ ਮੁਸਕਰਾ ਕੇ ਬੋਲੇ, ''ਤੁਹਾਡੇ ਇਸ ਚਮਤਕਾਰ ਤੋਂ ਮੈਂ ਹੈਰਾਨ ਤਾਂ ਹਾਂ ਪਰ ਨਦੀ ਪਾਰ ਕਰਨ ਵਰਗਾ ਕੰਮ ਜੋ 2 ਪੈਸਿਆਂ ਵਿਚ ਹੋ ਸਕਦਾ ਹੈ, ਉਸ ਦੇ ਲਈ ਤੁਸੀਂ ਆਪਣੀ ਜ਼ਿੰਦਗੀ ਦੇ 30 ਸਾਲ ਬਰਬਾਦ ਕਰ ਦਿੱਤੇ? ਮਤਲਬ 2 ਪੈਸਿਆਂ ਦੇ ਕੰਮ ਲਈ 30 ਸਾਲ ਦੀ ਬਲੀ। ਇਹ 30 ਸਾਲ ਜੇ ਤੁਸੀਂ ਮਨੁੱਖੀ ਕਲਿਆਣ ਦੇ ਕਿਸੇ ਕੰਮ ਵਿਚ ਲਾਉਂਦੇ ਜਾਂ ਕੋਈ ਦਵਾਈ ਲੱਭਣ ਵਿਚ ਲਾਉਂਦੇ, ਜਿਸ ਨਾਲ ਲੋਕਾਂ ਨੂੰ ਰੋਗਾਂ ਤੋਂ ਛੁਟਕਾਰਾ ਮਿਲਦਾ ਤਾਂ ਤੁਹਾਡਾ ਜੀਵਨ ਸੱਚਮੁੱਚ ਸਾਰਥਕ ਬਣ ਜਾਂਦਾ।''