ਇਮਰਾਨ ਨਾਲ ਬੈਠਕ ''ਚ ਮੰਤਰੀਆਂ ਨੂੰ ਮਿਲੀ ਫੋਕੀ ਚਾਹ, ਖਰਚਿਆਂ ''ਤੇ ਹੋਵੇਗੀ ਕਟੌਤੀ

08/22/2018 8:51:57 AM

ਇਸਲਾਮਾਬਾਦ (ਯੂ. ਐੱਨ. ਆਈ.)— ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖਰਚਿਆਂ 'ਚ ਕਟੌਤੀ ਅਤੇ ਸਾਦਗੀ ਦੀ ਉਦਾਹਰਣ ਪੇਸ਼ ਕਰਨ ਪਿੱਛੋਂ ਹੁਣ ਆਪਣੇ ਮੰਤਰੀ ਮੰਡਲ ਦੇ ਸਹਿਯੋਗੀਆਂ ਨੂੰ ਵੀ ਇਸ ਸਬੰਧੀ ਪਾਲਣਾ ਕਰਨ ਲਈ ਕਿਹਾ ਹੈ। ਮੰਤਰੀ ਮੰਡਲ ਦੀ ਮੀਟਿੰਗ ਮੰਗਲਵਾਰ ਹੋਈ, ਜਿਸ 'ਚ ਸਭ ਮੰਤਰੀਆਂ ਨੂੰ ਸਿਰਫ ਚਾਹ ਹੀ ਪੀਣ ਲਈ ਦਿੱਤੀ ਗਈ। ਬਿਸਕੁਟ ਜਾਂ ਹੋਰ ਕੋਈ ਵੀ ਖਾਣ ਵਾਲੀ ਚੀਜ਼ ਨਹੀਂ ਦਿੱਤੀ ਗਈ ਅਤੇ ਨਾਸ਼ਤਾ ਵੀ ਨਹੀਂ। 

ਇਹ ਇਸ ਗੱਲ ਦਾ ਸੰਕੇਤ ਹੈ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖਾਨ ਖੁਦ ਦੇ ਨਾਲ-ਨਾਲ ਮੰਤਰੀਆਂ ਨੂੰ ਵੀ ਸਾਦਗੀ ਅਪਣਾਉਣ ਲਈ ਕਹਿ ਰਹੇ ਹਨ। ਇਮਰਾਨ ਨੇ ਕਿਹਾ ਹੈ ਕਿ ਉਹ ਰੋਜ਼ਾਨਾ 16 ਘੰਟੇ ਕੰਮ ਕਰਨਗੇ। ਸਾਥੀ ਮੰਤਰੀਆਂ ਨੂੰ ਉਨ੍ਹਾਂ ਘੱਟੋ-ਘੱਟ 14 ਘੰਟੇ ਕੰਮ ਕਰਨ ਲਈ ਕਿਹਾ ਹੈ। ਉਨ੍ਹਾਂ ਮੰਤਰੀਆਂ ਨੂੰ ਕਿਹਾ ਕਿ ਉਹ ਲੋਕਾਂ ਦੇ ਖੂਨ-ਪਸੀਨੇ ਦੀ ਕਮਾਈ 'ਚੋਂ ਦਿੱਤੇ ਗਏ ਟੈਕਸਾਂ ਦੀ ਗਲਤ ਵਰਤੋਂ ਨਾ ਕਰਨ। ਉਨ੍ਹਾਂ ਕਿਹਾ ਕਿ ਉਹ 22 ਅਗਸਤ ਨੂੰ ਈਦ ਦੀ ਛੁੱਟੀ ਵੀ ਨਹੀਂ ਕਰਨਗੇ। ਇਮਰਾਨ ਨੇ ਵੱਡੀਆਂ-ਵੱਡੀਆਂ ਗੱਲਾਂ ਤਾਂ ਕਰ ਲਈਆਂ ਹਨ ਪਰ ਉਹ ਇਨ੍ਹਾਂ 'ਤੇ ਕਿੰਨਾ ਕੁ ਖਰਾ ਉੱਤਰਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ। ਇਸ ਦੇ ਨਾਲ ਹੀ ਭਾਰਤ ਨਾਲ ਉਹ ਕਿਹੋ-ਜਿਹਾ ਰਿਸ਼ਤਾ ਰੱਖਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


Related News