ਹੁਣ ਸਿਰਫ 2 ਘੰਟੇ 'ਚ ਲਗਾਓ ਪੋਰਟੇਬਲ ਪੈਟਰੋਲ ਪੰਪ, ਇੰਨਾ ਹੋਵੇਗਾ ਖਰਚਾ

08/22/2018 8:30:58 AM

ਨਵੀਂ ਦਿੱਲੀ— ਪੈਟਰੋਲ ਪੰਪ ਲਾਉਣ ਲਈ ਹੁਣ ਪੈਟਰੋਲੀਅਮ ਮੰਤਰਾਲਾ ਅਤੇ ਪੈਟਰੋਲੀਅਮ ਕੰਪਨੀਆਂ ਦੇ ਚੱਕਰ ਲਾਉਣ ਦੀ ਜ਼ਰੂਰਤ ਨਹੀਂ ਹੈ। ਸਿਰਫ ਦੋ ਘੰਟੇ 'ਚ ਦੇਸ਼ 'ਚ ਕਿਤੇ ਵੀ ਪੋਰਟੇਬਲ ਪੈਟਰੋਲ ਪੰਪ ਲਾ ਸਕਦੇ ਹੋ, ਨਾਲ ਹੀ ਦੋ ਘੰਟੇ 'ਚ ਹਟਾ ਵੀ ਸਕਦੇ ਹੋ। ਇਸ 'ਤੇ ਤਕਰੀਬਨ 90 ਲੱਖ ਰੁਪਏ ਖਰਚ ਆਵੇਗਾ। ਪੋਰਟੇਬਲ ਪੈਟਰੋਲ ਪੰਪ ਨੂੰ ਪੈਟਰੋਲੀਅਮ ਮੰਤਰਾਲਾ ਨੇ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਪੋਰਟੇਬਲ ਪੈਟਰੋਲ ਦੀ ਖੋਜ ਕਰਨ ਵਾਲੀ ਕੰਪਨੀ ਐਲਿੰਜ ਗਰੁੱਪ ਬੁੱਧਵਾਰ ਨੂੰ ਇਸ ਦਾ ਰਸਮੀ ਐਲਾਨ ਕਰਨ ਜਾ ਰਹੀ ਹੈ। ਪੋਰਟੇਬਲ ਪੈਟਰੋਲ ਪੰਪ ਦੇ ਤਿੰਨ ਮਾਡਲ ਹੋਣਗੇ। ਪਹਿਲੇ ਮਾਡਲ ਵਾਲੇ ਲਈ 90 ਲੱਖ ਰੁਪਏ ਖਰਚ ਕਰਨੇ ਹੋਣਗੇ। ਦੂਜੇ ਮਾਡਲ ਲਈ 1 ਕਰੋੜ ਤਾਂ ਤੀਜੇ ਲਈ 1.2 ਕਰੋੜ ਰੁਪਏ ਖਰਚ ਆਵੇਗਾ। ਕੰਪਨੀ ਡੀਲਰ ਨਿਯੁਕਤ ਕਰੇਗੀ। ਸਥਾਨਕ ਰੈਗੂਲੇਟਰੀ ਦੀ ਮਨਜ਼ੂਰੀ ਨਾਲ ਕਿਸੇ ਵੀ ਜਗ੍ਹਾ 'ਤੇ ਇਹ ਪੰਪ ਲਗਾਏ ਜਾ ਸਕਦੇ ਹਨ। ਡੀਲਰ ਨੂੰ ਲਾਇਸੈਂਸ ਸੂਬਾ ਸਰਕਾਰਾਂ ਵੱਲੋਂ ਦਿੱਤੇ ਜਾਣਗੇ।

35 ਹਜ਼ਾਰ ਲੀਟਰ ਹੋਵੇਗੀ ਪੰਪ ਦੀ ਸਮਰਥਾ, ਤੇਲ, ਗੈਸ ਵੀ ਮਿਲਣਗੇ :
ਪੋਰਟੇਬਲ ਪੰਪ ਤੋਂ ਪੈਟਰੋਲ ਦੇ ਨਾਲ ਡੀਜ਼ਲ, ਗੈਸ, ਮਿੱਟੀ ਦਾ ਤੇਲ ਸਭ ਕੁਝ ਮਿਲਣਗੇ। ਇਸ ਪੰਪ ਦੀ ਸਮਰਥਾ 9,000 ਤੋਂ 35,000 ਲਿਟਰ ਹੋਵੇਗੀ। ਇਨ੍ਹਾਂ ਨੂੰ ਪਿੰਡਾਂ ਅਤੇ ਪਹਾੜੀ ਇਲਾਕਿਆਂ 'ਚ ਕਿਤੇ ਵੀ ਲਗਾ ਸਕਦੇ ਹੋ। ਕੰਪਨੀ ਦੇ ਖੇਤਰੀ ਵਿਕਾਸ ਮੈਨੇਜਰ ਪੀ. ਭੱਟ ਨੇ ਕਿਹਾ ਕਿ ਇਸ ਤਕਨਾਲੋਜੀ ਨੂੰ ਚੈਕ ਕੰਪਨੀ ਪੈਟਰੋਕਾਰਡ ਦੇ ਨਾਲ ਮਿਲ ਕੇ ਵਿਕਸਤ ਕੀਤਾ ਗਿਆ ਹੈ। ਪਿਛਲੇ 8 ਸਾਲਾਂ ਤੋਂ ਇਸ 'ਤੇ ਕੰਮ ਕੀਤਾ ਜਾ ਰਿਹਾ ਸੀ। ਇਸ ਕੰਮ 'ਚ ਪੈਟਰੋਲੀਅਮ ਕੰਪਨੀਆਂ ਨਾਲ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਭੱਟ ਨੇ ਕਿਹਾ ਕਿ ਸਭ ਤੋਂ ਪਹਿਲਾਂ ਉੱਤਰ ਪ੍ਰਦੇਸ਼ 'ਚ 2,000 ਥਾਵਾਂ 'ਤੇ ਪੋਰਟੇਬਲ ਪੰਪ ਲਾਉਣ ਦੀ ਯੋਜਨਾ ਹੈ।


Related News