ਦੋ ਮਹੀਨੇ ਪਹਿਲਾਂ ਇਟਲੀ ਆਏ ਪੰਜਾਬੀ ਨੌਜਵਾਨ ਦੀ ਮੌਤ

08/22/2018 3:07:15 PM

ਰੋਮ(ਕੈਂਥ)— ਇਟਲੀ ਦੇ ਜ਼ਿਲਾ ਪੋਤੇਨਸਾ ਵਿਖੇ ਇੱਕ ਪੰਜਾਬੀ ਨੌਜਵਾਨ ਦੀ ਕੰਮ 'ਤੇ ਵਾਪਰੇ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਗਰੀਬ ਪਰਿਵਾਰ ਨਾਲ ਸਬੰਧਤ ਜਿੰਮੀ ਕੁਮਾਰ (24) ਵਾਸੀ ਭੁੱਲਾਰਾਈ ਨੇੜੇ ਫ਼ਗਵਾੜਾ(ਕਪੂਰਥਲਾ) ਦਾ ਰਹਿਣ ਵਾਲਾ ਸੀ। ਉਹ ਲੱਖਾਂ ਰੁਪਏ ਕਰਜ਼ਾ ਚੁੱਕ ਕੇ ਘਰ ਦੀ ਗਰੀਬੀ ਦੂਰ ਕਰਨ ਲਈ 2 ਮਹੀਨੇ ਪਹਿਲਾਂ ਹੀ ਇਟਲੀ ਆਇਆ ਸੀ। 


ਇੱਥੇ ਉਸ ਨੂੰ ਇਟਲੀ ਦੇ ਜ਼ਿਲਾ ਪੋਤੇਨਸਾ ਵਿਖੇ ਇੱਕ ਡੇਅਰੀ ਫਾਰਮ ਵਿੱਚ ਕੰਮ ਮਿਲ ਗਿਆ, ਜਿੱਥੇ ਕਿ ਬੀਤੇ ਦਿਨ ਟਰੈਕਟਰ 'ਤੇ ਕੰਮ ਕਰਦਿਆਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ। ਬੇਸ਼ੱਕ ਦੁਰਘਟਨਾ ਦੀ ਖ਼ਬਰ ਮਿਲਦਿਆਂ ਹੀ ਐਮਰਜੈਂਸੀ ਐਂਬੂਲਸ ਦੀ ਟੀਮ ਆ ਗਈ ਸੀ ਪਰ ਉਸ ਸਮੇਂ ਤੱਕ ਬਹੁਤ ਦੇਰ ਹੋ ਗਈ ਸੀ।


ਜਿੰਮੀ ਦੀ ਮ੍ਰਿਤਕ ਦੇਹ ਪੁਲਸ ਨੇ ਕਬਜ਼ੇ ਵਿੱਚ ਲੈ ਕੇ 'ਸੰਨ ਕਾਰਲੋ ਹਸਪਤਾਲ' 'ਚ ਭੇਜੀ ਹੈ। ਸਾਰੀ ਕਾਰਵਾਈ ਪੂਰੀ ਕਰਨ ਉਪੰਰਤ ਮ੍ਰਿਤਕ ਦੇਹ ਭਾਰਤ ਭੇਜੀ ਜਾਵੇਗੀ।ਜਿੰੰਮੀ ਆਪਣੇ ਪਿੱਛੇ ਇੱਕ ਭੈਣ, ਭਰਾ ਤੋਂ ਇਲਾਵਾ ਬੁੱਢੇ ਮਾਂ-ਪਿਉ ਨੂੰ ਰੋਂਦੇ-ਕੁਰਲਾਉਂਦਿਆਂ ਛੱਡ ਗਿਆ ਹੈ। ਇਸ ਅਣਹੋਣੀ ਨਾਲ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।


Related News