ਨਿੱਜੀ ਹਵਾਈ ਕੰਪਨੀਆਂ ਖੁਦ ਸੁਲਝਾਉਣ ਆਪਣੇ ਮੁੱਦੇ : ਪ੍ਰਭੂ

08/22/2018 3:16:52 AM

ਨਵੀਂ ਦਿੱਲੀ-ਜੈੱਟ ਏਅਰਵੇਜ਼ ਦੇ ਵਿੱਤੀ ਸੰਕਟ ਦੀਆਂ ਰਿਪੋਰਟਾਂ ਵਿਚਾਲੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਸਪੱਸ਼ਟ ਕੀਤਾ ਕਿ ਨਿੱਜੀ ਏਅਰਲਾਈਨਸ ਨੂੰ ਆਪਣੀਆਂ ਚੁਣੌਤੀਆਂ ਨਾਲ ਖੁਦ ਨਜਿੱਠਣਾ ਹੋਵੇਗਾ, ਸਰਕਾਰ ਦੀ ਭੂਮਿਕਾ ਤਾਂ ਸਿਰਫ ਨੀਤੀਗਤ ਪੱਧਰ ਦੀ ਹੀ ਹੋ ਸਕਦੀ ਹੈ। ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕਿ ਏਅਰਲਾਈਨ ਉਦਯੋਗ ਸੰਕਟ 'ਚੋਂ ਲੰਘ ਰਿਹਾ ਹੈ। ਕੱਚੇ ਤੇਲ ਦੇ ਉੱਚੇ ਮੁੱਲ ਅਤੇ ਸਖਤ ਮੁਕਾਬਲੇਬਾਜ਼ੀ ਨਾਲ ਜੂਝਣਾ ਪੈ ਰਿਹਾ ਹੈ, ਜਿਸ ਦੇ ਨਾਲ ਉਨ੍ਹਾਂ ਦਾ ਲਾਭ ਵੀ ਘਟ ਰਿਹਾ ਹੈ।     
ਜੈੱਟ ਏਅਰਵੇਜ਼ ਦੀ ਮੌਜੂਦਾ ਸਥਿਤੀ ਬਾਰੇ ਪੁੱਛੇ ਜਾਣ 'ਤੇ ਪ੍ਰਭੂ ਨੇ ਕਿਹਾ, ''ਸਾਨੂੰ ਉਨ੍ਹਾਂ ਦੀ ਸਥਿਤੀ ਦੀ ਜਾਣਕਾਰੀ ਨਹੀਂ ਹੈ।'' ਪਿਛਲੇ 25 ਸਾਲਾਂ ਤੋਂ ਉਡਾਣ ਸੇਵਾਵਾਂ ਦੇ ਰਹੀ ਪੂਰਨ ਸੇਵਾ ਹਵਾਈ ਕੰਪਨੀ ਇਸ ਸਮੇਂ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਇਸ ਤੋਂ ਪਹਿਲਾਂ ਇਸ ਮਹੀਨੇ ਕੰਪਨੀ ਨੇ ਜੂਨ ਤਿਮਾਹੀ ਨਤੀਜਿਆਂ ਦਾ ਐਲਾਨ ਟਾਲ ਦਿੱਤਾ ਸੀ। ਹਾਲ ਦੇ ਹਫਤਿਆਂ 'ਚ ਜੈੱਟ ਏਅਰਵੇਜ਼ ਦੇ ਸ਼ੇਅਰ ਮੁੱਲ 'ਚ ਵੀ ਗਿਰਾਵਟ ਆਈ ਹੈ।


Related News