ਨਵੀਂ ਰਣਨੀਤੀ ਨਾਲ ਵਿਕਰੀ ਨੂੰ ਰਫਤਾਰ ਦੇਵੇਗੀ ਪਤੰਜਲੀ

08/22/2018 1:58:57 AM

ਨਵੀਂ ਦਿੱਲੀ— ਬਾਬਾ ਰਾਮਦੇਵ ਦੇ ਪਤੰਜਲੀ ਸਮੂਹ ਦੀ ਵਿਕਰੀ ਵਿੱਤੀ ਸਾਲ 2017-18 'ਚ 120 ਅਰਬ ਰੁਪਏ ਰਹੀ ਜੋ ਪਿਛਲੇ ਵਿੱਤੀ ਸਾਲ ਦੇ 105.61 ਅਰਬ ਰੁਪਏ ਤੋਂ ਜ਼ਿਆਦਾ ਹੈ। ਕੰਪਨੀ ਦੇ ਰਜਿਸਟਰਾਰ ਦੇ ਤਾਜ਼ਾ ਅੰਕੜਿਆਂ ਤੋਂ ਇਹ ਪਤਾ ਲੱਗਾ ਹੈ। ਹਾਲਾਂਕਿ ਕੰਪਨੀ ਦੀ ਵਿਕਰੀ 2 ਅੰਕਾਂ 'ਚ ਵਧੀ ਹੈ ਪਰ ਉਸ ਦੀ ਰਫਤਾਰ ਪਹਿਲਾਂ ਦੇ ਮੁਕਾਬਲੇ ਥੋੜ੍ਹੀ ਨਰਮ ਪਈ ਹੈ। ਵਿੱਤੀ ਸਾਲ 2017-18 'ਚ ਸਮੂਹ ਦੀ ਵਿਕਰੀ 13.6 ਫ਼ੀਸਦੀ ਵਧੀ। ਇਸ ਤੋਂ ਪਹਿਲਾਂ ਦੇ 3 ਸਾਲ ਦੌਰਾਨ ਇਸ 'ਚ ਜ਼ਬਰਦਸਤ ਵਾਧਾ ਵੇਖਿਆ ਗਿਆ ਸੀ। ਵਿੱਤੀ ਸਾਲ 2016-17 'ਚ ਪਤੰਜਲੀ ਦੀ ਵਿਕਰੀ 111.2 ਫ਼ੀਸਦੀ ਵਧੀ, ਉਥੇ ਹੀ 2015-16 'ਚ 149.3 ਫ਼ੀਸਦੀ ਅਤੇ 2014-15 'ਚ ਵਿਕਰੀ 69.4 ਫ਼ੀਸਦੀ ਵਧੀ ਸੀ। 
ਇਸ ਬਾਰੇ ਕੰਪਨੀ ਦੇ ਬੁਲਾਰੇ ਐੱਸ. ਕੇ. ਤੀਜਾਰਾਵਾਲਾ ਨੇ ਦੱਸਿਆ ਕਿ ਵਸਤੂ ਅਤੇ ਸੇਵਾ ਕਰ ਅਤੇ ਪੇਂਡੂ ਡਿਸਟ੍ਰੀਬਿਊਸ਼ਨ ਨੂੰ ਬਰਾਬਰ ਬਣਾਉਣ ਵਰਗੀਆਂ ਰੁਕਾਵਟਾਂ ਦੇ ਬਾਵਜੂਦ ਸਾਡਾ ਕਾਰੋਬਾਰ ਲਗਾਤਾਰ ਵਧ ਰਿਹਾ ਹੈ। ਵਿੱਤੀ ਸਾਲ 2011-12 ਤੋਂ 2016-17 ਦੌਰਾਨ ਪਤੰਜਲੀ ਦੀ ਵਿਕਰੀ ਸਾਲਾਨਾ 88 ਫ਼ੀਸਦੀ ਮਿਸ਼ਰਤ ਦਰ ਨਾਲ ਵਧੀ ਹੈ। ਹਾਲਾਂਕਿ ਕੰਪਨੀ ਵਿਕਰੀ ਵਾਧੇ 'ਚ ਨਰਮੀ ਨੂੰ ਨੋਟਬੰਦੀ ਅਤੇ ਜੀ. ਐੱਸ. ਟੀ. ਨਾਲ ਜੁੜਿਆ ਦੱਸ ਰਹੀ ਹੈ ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਪਤੰਜਲੀ ਦੀ ਰਣਨੀਤੀ 'ਚ ਬਦਲਾਅ ਨਾਲ ਵਿਕਰੀ ਪ੍ਰਭਾਵਿਤ ਹੋਈ ਹੈ। ਕੰਪਨੀ ਨੇ ਹਾਲ ਹੀ 'ਚ ਦੂਰਸੰਚਾਰ, ਸਕਿਓਰਿਟੀ ਸਰਵਿਸ ਅਤੇ ਆਨਲਾਈਨ ਐਪਲੀਕੇਸ਼ਨ ਵਰਗੇ ਨਵੇਂ ਕਾਰੋਬਾਰਾਂ 'ਚ ਦਸਤਕ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਨਵੀਂ ਰਣਨੀਤੀ ਨਾਲ ਵਿਕਰੀ ਨੂੰ ਰਫਤਾਰ ਮਿਲੇਗੀ।


Related News