ਅਕਲਮੰਦ ਵਿਅਕਤੀ ਦੀ ਪਛਾਣ ਕੀ ਹੈ?

8/20/2018 1:18:14 PM

ਜਲੰਧਰ— ਮਹਾਨ ਸੰਤ ਜ਼ਫਰ ਸਾਦਿਕ ਕੋਲ ਲੋਕ ਦੂਰ-ਦੂਰ ਤੋਂ ਵਿਚਾਰ-ਵਟਾਂਦਰਾ ਕਰਨ ਲਈ ਆਉਂਦੇ ਸਨ। ਇਕ ਵਾਰ ਅਜਿਹੇ ਹੀ ਵਿਚਾਰ-ਵਟਾਂਦਰੇ ਦੌਰਾਨ ਸਵਾਲ ਉੱਠਿਆ ਕਿ ਅਕਲਮੰਦ ਵਿਅਕਤੀ ਦੀ ਸਹੀ ਪਛਾਣ ਕੀ ਹੈ? ਇਹ ਸਵਾਲ ਸੁਣ ਕੇ ਸਾਰੇ ਸੋਚ ਵਿਚ ਪੈ ਗਏ ਅਤੇ ਆਪਣੇ-ਆਪਣੇ ਅਨੁਸਾਰ ਜਵਾਬ ਦੇਣ ਲੱਗੇ। ਕਿਸੇ ਨੇ ਕਿਹਾ ਕਿ ਜਿਹੜਾ ਸੋਚ-ਸਮਝ ਕੇ ਬੋਲੇ, ਉਹ ਅਕਲਮੰਦ ਹੈ।
ਇਸ 'ਤੇ ਸੰਤ ਸਾਦਿਕ ਬੋਲੇ,''ਆਪਣੀ ਸਮਝ ਅਨੁਸਾਰ  ਤਾਂ ਹਰ ਵਿਅਕਤੀ ਸੋਚ-ਸਮਝ ਕੇ ਹੀ ਬੋਲਣਾ ਚਾਹੁੰਦਾ ਹੈ ਪਰ ਅਜਿਹਾ ਹਮੇਸ਼ਾ ਨਹੀਂ ਹੁੰਦਾ। ਅਜਿਹੀ ਹਾਲਤ ਵਿਚ ਉਨ੍ਹਾਂ ਸਾਰਿਆਂ ਨੂੰ ਅਕਲਮੰਦ ਨਹੀਂ ਕਿਹਾ ਜਾ ਸਕਦਾ। ਅਕਲਮੰਦ ਤਾਂ ਕੁਝ ਹੀ ਲੋਕ ਹੁੰਦੇ ਹਨ ਅਤੇ ਉਨ੍ਹਾਂ ਦੀ ਪਛਾਣ ਵੀ ਕੁਝ ਖਾਸ ਹੀ ਹੁੰਦੀ ਹੈ।''
ਸੰਤ ਸਾਦਿਕ ਦਾ ਇਹ ਜਵਾਬ ਸੁਣ ਕੇ ਸਾਰੇ ਡੂੰਘੀ ਸੋਚ ਵਿਚ ਪੈ ਗਏ। ਉਸੇ ਵੇਲੇ ਉਨ੍ਹਾਂ ਵਿਚੋਂ ਇਕ ਬੋਲਿਆ,''ਜਿਹੜਾ ਨੇਕੀ ਤੇ ਬਦੀ 'ਚ ਫਰਕ ਕਰ ਸਕੇ, ਉਹੋ ਅਕਲਮੰਦ ਹੈ।''
ਇਸ 'ਤੇ ਸੰਤ ਸਾਦਿਕ ਬੋਲੇ,''ਨੇਕੀ ਤੇ ਬਦੀ ਦਾ ਫਰਕ ਇਨਸਾਨ ਹੀ ਨਹੀਂ, ਜਾਨਵਰ ਤਕ ਸਮਝਦੇ ਹਨ। ਤਾਂ ਹੀ ਜਿਹੜੇ ਉਨ੍ਹਾਂ ਦੀ ਸੇਵਾ ਕਰਦੇ ਹਨ, ਉਨ੍ਹਾਂ ਨੂੰ ਉਹ ਨਾ ਵੱਢਦੇ ਹਨ ਅਤੇ ਨਾ ਹੀ ਨੁਕਸਾਨ ਪਹੁੰਚਾਉਂਦੇ ਹਨ।''
ਇਹ ਸੁਣ ਕੇ ਸਾਰਿਆਂ ਦੀ ਬੋਲਤੀ ਬੰਦ ਹੋ ਗਈ। ਇਸ 'ਤੇ ਇਕ ਵਿਅਕਤੀ ਬੋਲਿਆ,''ਹਜ਼ੂਰ, ਹੁਣ ਤੁਸੀਂ ਹੀ ਅਕਲਮੰਦ ਵਿਅਕਤੀ ਦੀ ਪਛਾਣ ਦੱਸੋ।''
ਸੰਤ ਮੁਸਕਰਾਏ ਅਤੇ ਬੋਲੇ,''ਅਕਲਮੰਦ ਉਹ ਹੈ, ਜੋ 2 ਚੰਗੀਆਂ ਗੱਲਾਂ 'ਚੋਂ ਇਹ ਜਾਣ ਸਕੇ ਕਿ ਜ਼ਿਆਦਾ ਚੰਗੀ ਗੱਲ ਕਿਹੜੀ ਹੈ ਅਤੇ 2 ਬੁਰੀਆਂ ਗੱਲਾਂ 'ਚੋਂ ਇਹ ਜਾਣ ਸਕੇ ਕਿ ਜ਼ਿਆਦਾ ਬੁਰੀ ਗੱਲ ਕਿਹੜੀ ਹੈ। ਚੰਗੀਆਂ ਤੇ ਬੁਰੀਆਂ ਗੱਲਾਂ 'ਚ ਪਛਾਣ ਕਰਨ ਤੋਂ ਬਾਅਦ ਜੇ ਉਸ ਨੂੰ ਚੰਗੀ ਗੱਲ ਬੋਲਣੀ ਪਵੇ ਤਾਂ ਉਹ ਗੱਲ ਜਿਹੜੀ ਜ਼ਿਆਦਾ ਚੰਗੀ ਹੋਵੇ, ਉਸ ਨੂੰ ਬੋਲੇ ਅਤੇ ਜੇ ਬੁਰੀ ਗੱਲ ਬੋਲਣ ਦੀ ਮਜਬੂਰੀ ਹੋਵੇ ਤਾਂ ਜਿਹੜੀ ਘੱਟ ਬੁਰੀ ਗੱਲ ਹੈ, ਉਹ ਬੋਲੇ ਅਤੇ ਵੱਡੀ ਬੁਰਾਈ ਤੋਂ ਬਚੇ। ਇਹ ਗੱਲ ਸੁਣਨ 'ਚ ਬੇਸ਼ੱਕ ਮਾਮੂਲੀ ਲੱਗ ਰਹੀ ਹੈ ਪਰ ਜੇ ਇਨਸਾਨ ਇਸ ਰਸਤੇ 'ਤੇ ਚੱਲੇ ਤਾਂ ਉਹ ਨਾ ਸਿਰਫ ਅਕਲਮੰਦ ਕਹਾਏਗਾ, ਸਗੋਂ ਵੱਡੀ ਤੋਂ ਵੱਡੀ ਮੁਸੀਬਤ ਟਾਲਣ 'ਚ ਵੀ ਕਾਮਯਾਬ ਹੋ ਜਾਵੇਗਾ।''