ਖੇਤੀ ''ਚ ਇਨਕਲਾਬ: ਘੱਟ ਲਾਗਤ, ਵਧੀਆ ਕੁਆਲਿਟੀ

08/07/2018 5:06:38 PM

ਜਲੰਧਰ (ਪਾਂਡੇ)- ਫਗਵਾੜਾ ਗੁਡ ਗ੍ਰੋ ਕਰੋਪਿੰਗ ਸਿਸਟਮ (ਫਗਵਾੜਾ ਤਕਨੀਕ) ਦੇ ਸੰਚਾਲਕਾਂ ਨੇ ਗੰਨੇ ਦੀ ਖੇਤੀ 'ਚ ਇਕ ਨਵਾਂ ਇਨਕਲਾਬੀ ਕਦਮ ਚੁੱਕਦੇ ਹੋਏ 5 ਤੱਤਾਂ ਦੇ ਆਧਾਰ ਨੂੰ ਮੁੱਖ ਰੱਖ ਕੇ ਇਕ ਅਜਿਹੀ ਵਿਧੀ ਵਿਕਸਿਤ ਕੀਤੀ ਹੈ, ਜਿਸ ਨਾਲ ਬੀਜੀ ਗਈ ਫਸਲ 'ਚ ਘੱਟ ਲਾਗਤ, ਜ਼ਿਆਦਾ ਉਪਜ, ਵਧੀਆ ਕੁਆਲਿਟੀ ਮਿਲ ਰਹੀ ਹੈ। ਓਧਰ ਉਕਤ ਵਿਧੀ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਅਤੇ ਪਾਣੀ ਨੂੰ ਬਚਾਉਣ 'ਚ ਕਾਫੀ ਸਹਾਇਕ ਹੈ। ਫਗਵਾੜਾ ਗੁਡ ਗ੍ਰੋ ਕਰੋਪਿੰਗ ਸਿਸਟਮ ਦੇ ਸੰਚਾਲਕ ਅਵਤਾਰ ਸਿੰਘ (ਐੱਮ. ਐੱਸ. ਸੀ.) ਅਤੇ ਡਾ. ਚਮਨ ਲਾਲ ਵਸ਼ਿਸ਼ਟ (ਰਿਟਾ. ਡਿਪਟੀ ਡਾਇਰੈਕਟਰ ਖੇਤੀਬਾੜੀ) ਵਲੋਂ ਖੇਤੀ ਦੇ ਕੁਦਰਤੀਕਰਨ ਨੂੰ ਮੁੱਖ ਰੱਖਦੇ ਹੋਏ ਹੀ ਫਸਲਾਂ ਉਗਾਈਆਂ ਜਾ ਰਹੀਆਂ ਹਨ। ਫਸਲ ਦੀ ਬੀਜਾਈ ਬਾਰੇ  ਜਾਣਕਾਰੀ ਦਿੰਦੇ ਹੋਏ ਅਵਤਾਰ ਸਿੰਘ ਨੇ ਦੱਸਿਆ ਕਿ ਫਗਵਾੜਾ ਵਿਧੀ ਨਾਲ ਅਗਸਤ ਦੇ ਪਹਿਲੇ ਹਫਤੇ ਗੰਨੇ ਦੀ ਬੀਜਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਬਿਨਾਂ ਰਸਾਇਣਿਕ ਖਾਦ ਦੇ ਇਕ ਏਕੜ 'ਚ ਸਿਰਫ 1250 ਬਡਸ (ਸੀਡ) ਬੀਜ ਕੇ ਕਿਸਾਨ 400 ਤੋਂ 500 ਕੁਇੰਟਲ ਗੰਨਾ ਪੈਦਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਨਾਲੀ ਤੋਂ ਨਾਲੀ ਦੀ ਦੂਰੀ 9 ਫੁੱਟ ਅਤੇ ਬਡਸ ਤੋਂ ਬਡਸ ਬੀਜਣ ਦੀ ਦੂਰੀ 4 ਫੁੱਟ ਰੱਖ ਕੇ ਇਕ ਸਾਲ 'ਚ ਲਗਭਗ 8 ਫਸਲਾਂ ਖੀਰਾ, ਮੱਕੀ, ਪਿਆਜ਼, ਛੋਲੇ, ਕਣਕ, ਕਈ ਕਿਸਮ ਦੀਆਂ ਸ਼ਬਜ਼ੀਆਂ ਲਈਆਂ ਜਾ ਸਕਦੀਆਂ ਹਨ, ਉਹ ਵੀ ਰਸਾਇਣਿਕ ਖਾਦ ਦੇ ਬਿਨਾਂ। 

ਉਕਤ ਵਿਧੀ ਨਾਲ ਸਮੇਂ ਸਿਰ ਜਦੋਂ ਚਾਹੋ ਗੰਨੇ ਨੂੰ ਟਰੈਕਟਰ ਦੇ ਰਾਹੀਂ ਮਿੱਟੀ ਚੜ੍ਹਾਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗੰਨੇ ਦੀ ਦੂਜੀ ਵਿਧੀ ਦੀ ਬੀਜਾਈ 'ਚ ਨਾਲੀ ਤੋਂ ਨਾਲੀ ਦੀ ਦੂਰੀ ਸਾਢੇ 4 ਫੁੱਟ ਅਤੇ ਬਡਸ ਤੋਂ ਬਡਸ ਦੀ ਦੂਰੀ 4 ਫੁੱਟ ਰੱਖੀ ਜਾਂਦੀ ਹੈ। ਉਕਤ ਵਿਧੀ ਨਾਲ ਬੀਜਾਈ ਕਰਨ 'ਤੇ ਇਕ ਏਕੜ 'ਚ 2500 ਬਡਸ ਬੀਜ ਕੇ ਕਰੀਬ 100 ਕੁਇੰਟਲ ਗੰਨੇ ਦੀ ਫਸਲ ਲਈ ਜਾ ਸਕਦੀ ਹੈ ਪਰ ਇਸ ਵਿਧੀ ਨਾਲ ਸਿਰਫ ਗੰਨੇ ਦੀ ਹੀ ਫਸਲ ਤੋਂ ਇਲਾਵਾ ਸਿਰਫ ਇਕ ਹੋਰ ਫਸਲ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਵਿਗਿਆਨਿਕ ਨਜ਼ਰੀਏ ਨਾਲ ਕੁਦਰਤ ਵਲੋਂ ਪ੍ਰਦਾਨ 5 ਤੱਤਾਂ ਭੂਮੀ, ਗਗਨ, ਹਵਾ, ਅਗਨੀ ਅਤੇ ਪਾਣੀ ਦੀ ਵਰਤੋਂ ਕਰਨ ਨਾਲ ਕਈ ਕ੍ਰਿਸ਼ਮਈ ਨਤੀਜੇ ਸਾਹਮਣੇ ਆ ਰਹੇ ਹਨ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਗੰਨੇ ਦੀ ਫਸਲ ਨੂੰ ਕੁਦਰਤ ਵਲੋਂ ਸਿੱਧਾ ਖੜ੍ਹਾ ਕੀਤਾ ਗਿਆ ਹੈ ਪਰ ਪ੍ਰਚਲਿਤ ਪ੍ਰੈਕਟਿਸ ਵਿਚ ਇਸ ਨੂੰ ਲੇਟਣ ਵਾਲੀ ਵਿਧੀ ਨਾਲ ਬੀਜਿਆ ਜਾ ਰਿਹਾ ਹੈ, ਜੋ ਕਿ ਕੁਦਰਤ ਦੇ ਗੰਨਾ ਪੈਦਾ ਕਰਨ ਦੇ ਢੰਗ ਨਾਲੋਂ ਬਿਲਕੁਲ ਅੱਡ ਹੈ। ਫਗਵਾੜਾ ਗੁਡ ਗ੍ਰੋ ਕਰੋਪਿੰਗ ਦੇ ਤਹਿਤ ਕੁਦਰਤੀ ਕਾਰਨਾਂ ਨੂੰ ਮੁੱਖ ਰੱਖ ਕੇ ਫਸਲਾਂ ਉਗਾਈਆਂ ਜਾ ਰਹੀਆਂ ਹਨ ਉਹ ਵੀ ਬਿਨਾਂ ਰਸਾਇਣਿਕ ਖਾਦਾਂ ਦੇ। 
 


Related News