ਖੇਤੀਬਾਡ਼ੀ ਅਫਸਰ ਨੇ ਖਾਦ ਤੇ ਕੀਡ਼ੇਮਾਰ ਦਵਾਈਆਂ ਦੇ ਡੀਲਰਾਂ ਨਾਲ ਕੀਤੀ ਮੀਟਿੰਗ

07/27/2018 3:26:27 AM

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)- ਅੱਜ ਖੇਤੀ ਭਵਨ, ਨਵਾਂਸ਼ਹਿਰ ਵਿਖੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਲਾਕ ਨਵਾਂਸ਼ਹਿਰ ਦੇ ਸਮੂਹ ਖਾਦ/ਬੀਜ/ਕੀਡ਼ੇਮਾਰ ਦਵਾਈਆਂ ਦੇ ਡੀਲਰਾਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਡਾ. ਗੁਰਬਖਸ਼ ਸਿੰਘ ਮੁੱਖ ਖੇਤੀਬਾਡ਼ੀ ਅਫਸਰ ਨੇ ਹਾਜ਼ਰ ਡੀਲਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਝੋਨੇ ਦੀ ਫਸਲ ਲਈ 2 ਥੈਲੇ ਯੂਰੀਆ ਖਾਦ ਵਰਤਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਲਈ ਖਾਦ ਖਰੀਦਣ ਵਾਲੇ ਕਿਸਾਨਾਂ ਨੂੰ ਇਸ ਤੋਂ ਵੱਧ ਯੂਰੀਆ ਖਾਦ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਝੋਨੇ ਦੀ ਫਸਲ ਵਿਚ ਯੂਰੀਆ ਪਨੀਰੀ ਲਾਉਣ ਤੋਂ ਬਾਅਦ 45 ਦਿਨਾਂ ਦੇ ਅੰਦਰ-ਅੰਦਰ ਹੀ ਪਾਇਆ ਜਾਵੇ। ਯੂਰੀਆ ਖਾਦ ਪਾਉਣ ਵੇਲੇ ਖੇਤ ਵਿਚੋਂ ਪਾਣੀ ਘੱਟ ਕਰ ਦੇਣਾ ਚਾਹੀਦਾ ਹੈ ਅਤੇ ਖਾਦ ਪਾਉਣ ਦੇ ਤੀਜੇ ਦਿਨ ਬਾਅਦ ਫਸਲ ਨੂੰ ਪਾਣੀ ਲਾਉਣਾ ਚਾਹੀਦਾ ਹੈ। ਵੱਧ ਯੂਰੀਆ ਪਾਉਣ ਨਾਲ ਫਸਲ ’ਤੇ ਹਾਨੀਕਾਰਕ ਕੀਡ਼ੇ ਅਤੇ ਬੀਮਾਰੀਆਂ ਦਾ ਵੱਧ ਹਮਲਾ ਹੁੰਦਾ ਹੈ, ਖਰਚ ਵਧਦਾ ਹੈ ਅਤੇ ਧਰਤੀ ਤੇ ਵਾਤਾਵਰਣ ਵਿਚ ਜ਼ਹਿਰਾਂ ਦੀ ਮਾਤਰਾ ਵਧਦੀ ਹੈ।
ਇਸ ਮੌਕੇ ਡਾ. ਦਿਨੇਸ਼ ਕੁਮਾਰ ਸਹਾਇਕ ਡਾਇਰੈਕਟਰ ਬਾਗਵਾਨੀ ਵੱਲੋਂ ਡੀਲਰਾਂ ਨੂੰ ਅਪੀਲ ਕੀਤੀ ਗਈ ਕਿ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਲਾਲ ਲੇਬਲ ਅਧੀਨ ਆਉਂਦੀਆਂ ਕੀਡ਼ੇਮਾਰ ਜ਼ਹਿਰਾਂ ਦੀ ਵਿਕਰੀ ਨਾ ਕੀਤੀ ਜਾਵੇ। ਇਸ ਦਾ ਮਨੁੱਖੀ ਸਿਹਤ ’ਤੇ ਮਾਡ਼ਾ ਅਸਰ ਪੈਂਦਾ ਹੈ। ਮੀਟਿੰਗ ਵਿਚ ਡਾ. ਸੁਸ਼ੀਲ ਕੁਮਾਰ, ਖੇਤੀਬਾਡ਼ੀ ਅਫਸਰ ਨਵਾਂਸ਼ਹਿਰ, ਡਾ. ਰਾਜ ਕੁਮਾਰ ਖੇਤੀਬਾਡ਼ੀ ਵਿਕਾਸ ਅਫਸਰ (ਇਨਫੋ), ਡਾ. ਨਰੇਸ਼ ਕੁਮਾਰ ਅਤੇ ਡਾ. ਗੁਰਿੰਦਰ ਸਿੰਘ ਖੇਤੀਬਾਡ਼ੀ ਵਿਕਾਸ ਅਫਸਰ ਨੇ ਵੀ ਹਾਜ਼ਰ ਡੀਲਰਾਂ ਨੂੰ ਸੰਬੋਧਨ ਕੀਤਾ। ਮੀਟਿੰਗ ਵਿਚ ਬਲਾਕ ਨਵਾਂਸ਼ਹਿਰ ਦੇ 30 ਤੋਂ ਵੱਧ ਖਾਦ/ਬੀਜ/ਕੀਡ਼ੇਮਾਰ ਦਵਾਈਆਂ ਦੇ ਡੀਲਰਾਂ ਵੱਲੋਂ ਭਾਗ ਲਿਆ ਗਿਆ। ਜਿਸ ਵਿਚ ਸੀਡ ਪੈਸਟੀਸਾਈਡਸ ਐਂਡ ਫਰਟੀਲਾਈਜ਼ਰਜ਼ (ਐਸੋ.) ਪੰਜਾਬ ਦੇ ਪ੍ਰਧਾਨ ਸ. ਮਹਿੰਦਰ ਸਿੰਘ ਖਾਲਸਾ ਅਤੇ ਉੱਤਮ ਸਿੰਘ, ਤਰਲੋਕ ਸਿੰਘ ਆਦਿ ਹਾਜ਼ਰ ਸਨ।


Related News