ਨਰਮੇ ਵਿਚ ਚਿੱਟੀ ਮੱਖੀ ਦੀ ਰੋਕਥਾਮ

07/23/2018 7:13:04 AM

ਨਰਮਾ ਪੰਜਾਬ ਦੀ ਝੋਨੇ ਤੋਂ ਬਾਅਦ ਸਾਉਣੀ ਦੀ ਦੂਸਰੀ ਮੁੱਖ ਫਸਲ ਹੈ। ਸਾਲ 2016-17 ਦੌਰਾਨ ਇਸਦੀ ਕਾਸ਼ਤ 2.78 ਲੱਖ ਹੈਕਟੇਅਰ ਵਿਚ ਕੀਤੀ ਗਈ, ਜਿਸ ਦੌਰਾਨ ਨਰਮੇ ਦਾ ਕੁੱਲ ਝਾੜ 12.43 ਲੱਖ ਗੰਢਾਂ ਹੋਈਆਂ ਅਤੇ ਔਸਤਨ ਰੂੰ ਦਾ ਝਾੜ 7.56 ਕੁਇੰਟਲ ਪ੍ਰਤੀ ਹੈਕਟੇਅਰ ਪਾਇਆ ਗਿਆ। ਸਾਲ 2005 ਦੌਰਾਨ ਪੰਜਾਬ ਵਿਚ ਬੀ. ਟੀ. ਨਰਮੇ ਦੀ ਕਾਸ਼ਤ ਹੋਣ ਤੋਂ ਪਹਿਲਾਂ ਦੋ ਸ਼੍ਰੇਣੀਆਂ ਦੇ ਕੀੜੇ ਜਿਵੇਂ ਕਿ ਟੀਂਡੇ ਦੀਆਂ ਸੁੰਡੀਆਂ ਅਤੇ ਰਸ ਚੂਸਣ ਵਾਲੇ ਕੀੜੇ ਫਸਲ ਨੂੰ ਨੁਕਸਾਨ ਪਹੁੰਚਾਉਂਦੇ ਸਨ। ਬੀ. ਟੀ. ਨਰਮੇ ਦੀ ਕਾਸ਼ਤ ਕਾਰਨ ਟੀਂਡੇ ਦੀਆਂ ਸੁੰਡੀਆਂ ਅਤੇ ਤੰਬਾਕੂ ਵਾਲੀ ਸੁੰਡੀ ਨੂੰ ਨੱਥ ਪੈ ਗਈ ਪਰ ਰਸ ਚੂਸਣ ਵਾਲੇ ਕੀੜੇ ਜਿਵੇਂ ਕਿ ਚਿੱਟੀ ਮੱਖੀ, ਹਰਾ ਤੇਲਾ, ਭੂਰੀ ਜੂੰ (ਥਰਿਪਸ) ਅਤੇ ਮਿਲੀ ਬੱਗ ਆਦਿ ਦੇ ਹਮਲੇ ਵਿਚ ਵਾਧਾ ਹੋਇਆ ਅਤੇ ਸਾਲ 2015 ਦੌਰਾਨ ਇਸ ਕੀੜੇ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ, ਜਿਸ ਸਦਕਾ ਨਰਮੇ ਦੀ ਪੈਦਾਵਾਰ ਜੋ ਕਿ 2014-15 ਦੌਰਾਨ 574 ਕਿਲੋ ਰੂੰ ਪ੍ਰਤੀ ਹੈਕਟੇਅਰ ਸੀ, ਘਟ ਕੇ ਸਾਲ 2015-16 ਦੌਰਾਨ 197 ਕਿਲੋ ਰੂੰ ਪ੍ਰਤੀ ਹੈਕਟੇਅਰ ਰਹਿ ਗਈ। ਸਾਲ 2016 ਅਤੇ 2017 ਦੌਰਾਨ ਖੇਤੀ ਮਾਹਿਰਾਂ (ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਾਇੰਸਦਾਨਾਂ, ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ) ਦੀ ਵਿਉਂਤਬੰਦੀ ਅਤੇ ਕਿਸਾਨਾਂ ਦੇ ਸਹਿਯੋਗ ਨਾਲ ਚਿੱਟੀ ਮੱਖੀ ਦੇ ਹਮਲੇ 'ਤੇ ਕਾਬੂ ਪਾਇਆ ਗਿਆ, ਜਿਸ ਦੇ ਨਤੀਜੇ ਵਜੋਂ ਨਰਮੇ ਦਾ ਰਿਕਾਰਡ ਝਾੜ ਕ੍ਰਮਵਾਰ 756 ਅਤੇ 730 ਕਿਲੋ ਰੂੰ ਪ੍ਰਤੀ ਹੈਕਟੇਅਰ ਪ੍ਰਾਪਤ ਹੋਇਆ।
ਚਿੱਟੀ ਮੱਖੀ ਨਰਮੇ ਦਾ ਸਿੱਧੇ ਤੌਰ 'ਤੇ ਰਸ ਚੂਸ ਕੇ ਅਤੇ ਅਸਿੱਧੇ ਤੌਰ 'ਤੇ ਪੱਤਾ ਮਰੋੜ (ਲੀਫ ਕਰਲ) ਬੀਮਾਰੀ ਨੂੰ ਫੈਲਾਅ ਕੇ ਨੁਕਸਾਨ ਪਹੁੰਚਾਉਂਦੀ ਹੈ। ਇਸ ਕੀੜੇ ਦੇ ਬੱਚੇ ਅਤੇ ਬਾਲਗ ਪੱਤੇ ਦੇ ਹੇਠਲੇ ਪਾਸੇ ਤੋਂ ਰਸ ਚੂਸਦੇ ਹਨ ਅਤੇ ਮਲ ਤਿਆਗ (ਚਿਪਚਿਪਾ) ਕਰਦੇ ਹਨ, ਜਿਸ ਉਪਰ ਬਾਅਦ ਵਿਚ ਕਾਲੀ ਉੱਲੀ ਲੱਗ ਜਾਂਦੀ ਹੈ। ਕਾਲੀ ਉੱਲੀ ਕਾਰਨ ਪੌਦੇ ਆਪਣਾ ਲੋੜੀਂਦਾ ਭੋਜਨ ਤਿਆਰ ਨਹੀਂ ਕਰ ਸਕਦੇ, ਜਿਸ ਕਾਰਨ ਪੌਦੇ ਦਾ ਵਾਧਾ ਰੁਕ ਜਾਂਦਾ ਹੈ ਅਤੇ ਰੂੰ ਦੀ ਗੁਣਵੱਤਾ 'ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।
ਇਸ ਕੀੜੇ ਦੇ ਜੀਵਨ ਵਿਚ ਚਾਰ ਤਰ੍ਹਾਂ ਦੀਆਂ ਅਵਸਥਾਵਾਂ ਹੁੰਦੀਆਂ ਹਨ। ਅੰਡਾ, ਬੱਚਾ, ਪਿਊਪਾ ਅਤੇ ਬਾਲਗ। ਪਹਿਲੀਆਂ ਤਿੰਨ ਅਵਸਥਾਵਾਂ ਵਿਚ ਬੱਚੇ ਕੁੱਲ 9-15 ਦਿਨਾਂ ਤਕ ਰਹਿੰਦੇ ਹਨ। ਅਖੀਰ ਵਾਲੀ ਅਵਸਥਾ ਵਿਚ ਬੱਚੇ ਨੂੰ ਪਿਊਪਾ ਕਿਹਾ ਜਾਂਦਾ ਹੈ, ਜਿਸ ਵਿਚ ਬੱਚਾ 3-9 ਦਿਨਾਂ ਤਕ ਰਹਿੰਦਾ ਹੈ ਅਤੇ ਇਸ ਦੀਆਂ ਅੱਖਾਂ ਲਾਲ ਰੰਗ ਦੀਆਂ ਹੁੰਦੀਆਂ ਹਨ। ਮਾਦਾ ਮੱਖੀ ਦਾ ਜੀਵਨ ਕਾਲ 5-6 ਦਿਨ ਅਤੇ ਨਰ ਮੱਖੀ ਦਾ 4-5 ਦਿਨ ਹੁੰਦਾ ਹੈ। ਚਿੱਟੀ ਮੱਖੀ ਆਪਣਾ ਪੂਰਾ ਜੀਵਨ ਚੱਕਰ 26-44 ਦਿਨਾਂ ਵਿਚ ਪੂਰਾ ਕਰਦੀ ਹੈ। ਨਰਮੇ ਦੀ ਫਸਲ ਦੌਰਾਨ ਇਹ ਕੀੜਾ ਆਪਣੀਆਂ 11 ਪੁਸ਼ਤਾਂ ਪੂਰੀਆਂ ਕਰ ਸਕਦਾ ਹੈ। ਇਹ ਮੱਖੀ ਛੋਟੀ ਉਡਾਣ ਭਰ ਸਕਦੀ ਹੈ ਪਰ ਹਵਾ ਦੇ ਵਹਾ ਨਾਲ ਇਹ ਕਾਫੀ ਲੰਬੀ ਦੂਰੀ ਤਕ ਵੀ ਜਾ ਸਕਦੀ ਹੈ।
ਸਰਵਪੱਖੀ ਰੋਕਥਾਮ
* ਚਿੱਟੀ ਮੱਖੀ ਦੀ ਸੁਚੱਜੀ ਰੋਕਥਾਮ ਲਈ ਹੇਠਾਂ ਦਿੱਤੀ ਕਾਰਜਨੀਤੀ ਨੂੰ ਅਪਣਾਓ। ਨਾਈਟ੍ਰੋਜਨ ਖਾਦ ਸਿਫਾਰਸ਼ ਕੀਤੀ ਮਾਤਰਾ ਤੋਂ ਵੱਧ ਨਾ ਪਾਓ ਕਿਉਂਕਿ ਇਸ ਨਾਲ ਕੀੜੇ-ਮਕੌੜੇ ਵੱਧ ਹਮਲਾ ਕਰਦੇ ਹਨ। ਸਿੰਚਾਈ ਲੋੜ ਮੁਤਾਬਕ ਹੀ ਕਰੋ ਅਤੇ ਆਲਾ-ਦੁਆਲਾ ਸਾਫ ਰੱਖੋ ਤਾਂ ਜੋ ਚਿੱਟੀ ਮੱਖੀ ਦਾ ਹਮਲਾ ਜਲਦੀ ਨਾ ਹੋਵੇ।
* ਨਰਮੇ ਦਾ ਜ਼ਿਆਦਾ ਝਾੜ ਲੈਣ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ (13:0:45) ਦੇ ਚਾਰ ਛਿੜਕਾਅ ਇਕ-ਇਕ ਹਫਤੇ ਦੇ ਵਕਫੇ 'ਤੇ ਕਰੋ ਅਤੇ ਪਹਿਲਾ ਛਿੜਕਾਅ ਫੁੱਲ ਆਉਣ 'ਤੇ ਕਰੋ।
* ਚਿੱਟੀ ਮੱਖੀ ਦੇ ਫੈਲਾਅ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈਆਂ ਥਾਵਾਂ ਵਿਚੋਂ ਚਿੱਟੀ ਮੱਖੀ ਅਤੇ ਪੱਤਾ ਮਰੋੜ ਬੀਮਾਰੀ ਦੇ ਬਦਲਵੇਂ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠਕੰਡਾ, ਧਤੂਰਾ ਅਤੇ ਭੰਗ ਆਦਿ ਨੂੰ ਨਸ਼ਟ ਕਰੋ।
* ਨਰਮੇ ਉਪਰ ਚਿੱਟੀ ਮੱਖੀ ਦਾ ਲਗਾਤਾਰ ਸਰਵੇਖਣ ਕਰਦੇ ਰਹੋ।
* ਘੱਟ ਲਾਗਤ ਵਾਲੇ ਪੀਲੇ ਕਾਰਡ 40 ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤਾਂ ਵਿਚ ਲਗਾਓ ਜੋ ਕਿ ਸ਼ੁਰੂਆਤੀ ਅਵਸਥਾ ਵਿਚ ਚਿੱਟੀ ਮੱਖੀ ਦੇ ਵਾਧੇ ਨੂੰ ਰੋਕਣ ਵਿਚ ਸਹਾਇਕ ਹਨ।
* ਚਿੱਟੀ ਮੱਖੀ ਦੀ ਰੋਕਥਾਮ ਲਈ ਛਿੜਕਾਅ ਉਸ ਸਮੇਂ ਸ਼ੁਰੂ ਕਰੋ ਜਦੋਂ ਬੂਟੇ ਦੇ ਉਪਰਲੇ ਹਿੱਸੇ ਵਿਚ ਸਵੇਰ ਨੂੰ 10 ਵਜੇ ਤੋਂ ਪਹਿਲਾਂ ਇਸ ਦੀ ਗਿਣਤੀ ਪ੍ਰਤੀ ਪੱਤਾ 6 ਹੋ ਜਾਵੇ।
* ਚਿੱਟੀ ਮੱਖੀ ਦਾ ਹਮਲਾ ਹੋਣ 'ਤੇ ਸ਼ੁਰੂਆਤੀ ਅਵਸਥਾ ਵਿਚ ਇਕ ਤੋਂ ਦੋ ਸਪਰੇਅ ਨਿੰਬੀਸੀਡੀਨ ਜਾਂ ਅਚੂਕ ਇਕ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ ਕਿਉਂਕਿ ਇਹ ਮਿੱਤਰ ਕੀੜਿਆਂ ਲਈ ਸੁਰੱਖਿਅਤ ਹਨ।
* ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ 80 ਗ੍ਰਾਮ ਉਲਾਲਾ 50 ਡਬਲਯੂ. ਜੀ. (ਫਲੋਨਿਕਾਮਿਡ) ਜਾਂ 200 ਗ੍ਰਾਮ ਪੋਲੋ/ਰੂਬੀ/ਕਰੇਜ਼/ਲੂਡੋ/ਸ਼ੋਕੂ 50 ਡਬਲਯੂ. ਪੀ. (ਡਾਇਆਫੈਨਥੀਯੂਰੋਨ) ਜਾਂ 60 ਗ੍ਰਾਮ ਓਸ਼ੀਨ 20 ਐੱਸ. ਜੀ. (ਡਾਇਨੋਟੈਫੂਰਾਨ) ਜਾਂ 800 ਮਿਲੀਲਿਟਰ ਫੋਸਮਾਈਟ/ਈ-ਮਾਈਟ/ਵਾਲਥੀਆਨ/ਗੋਲਡ ਮਿਟ 50 ਈ. ਸੀ. (ਈਥੀਆਨ) ਦਾ ਛਿੜਕਾਅ ਕਰੋ।
* ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ 500 ਮਿਲੀਲਿਟਰ ਲੈਨੋ 10 ਈ. ਸੀ. (ਪਾਈਰੀਪਰੋਕਸੀਫਿਨ) ਜਾਂ 200 ਮਿਲੀਲਿਟਰ ਓਬਰੇਨ/ਵੋਲਟੇਜ 22.9 ਐੱਸ. ਸੀ. (ਸਪੈਰੋਮੈਸੀਫਿਨ) ਦਾ ਛਿੜਕਾਅ ਕਰੋ।
ਛਿੜਕਾਅ ਤਕਨੀਕ
ਬਹੁਤ ਸਾਰੇ ਕਿਸਾਨ ਭਰਾ ਖੇਤਾਂ ਵਿਚ ਗਲਤ ਛਿੜਕਾਅ ਢੰਗ ਜਿਵੇਂ ਕਿ ਟਰੈਕਟਰ ਨਾਲ ਚੱਲਣ ਵਾਲੀ ਗੰਨ ਸਪਰੇਅ ਦੀ ਵਰਤੋਂ ਕਰਦੇ ਹਨ ਜਿਸ ਦਾ ਛਿੜਕਾਅ ਜ਼ਿਆਦਾਤਰ ਨਰਮੇ ਦੇ ਬੂਟੇ ਦੀ ਉੱਪਰਲੀ ਛੱਤਰੀ ਵਿਚ ਰਹਿ ਜਾਂਦਾ ਹੈ, ਜਿਸ ਕਰਕੇ ਉਪਰ ਬੈਠੇ ਬਾਲਗ ਮੱਖੀ ਦੀ ਰੋਕਥਾਮ ਹੁੰਦੀ ਹੈ। ਚਿੱਟੀ ਮੱਖੀ ਦੇ ਬੱਚੇ ਜ਼ਿਆਦਾਤਰ ਪੱਤਿਆਂ ਦੇ ਹੇਠਲੇ ਪਾਸੇ ਬੂਟੇ ਦੀ ਵਿਚਕਾਰਲੀ ਅਤੇ ਹੇਠਾਂ ਵਾਲੀ ਛੱਤਰੀ ਵਿਚ ਪਾਏ ਜਾਂਦੇ ਹਨ, ਇਸ ਵਾਸਤੇ ਕੀਟਨਾਸ਼ਕਾਂ ਦਾ ਛਿੜਕਾਅ ਇਸ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕੀਟਨਾਸ਼ਕ ਸਹੀ ਟਿਕਾਣੇ 'ਤੇ ਪਹੁੰਚ ਸਕੇ।
                                (ਵਿਜੈ ਕੁਮਾਰ : 97794-51214)
ਕੀਟ ਵਿਗਿਆਨ ਵਿਭਾਗ, ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ


Related News