ਭਾਰਤ ਦਿਵਸ ਪਰੇਡ 'ਚ ਸ਼ਾਮਲ ਹੋਣਗੀਆਂ ਦੇਸ਼-ਵਿਦੇਸ਼ ਦੀਆਂ ਮਸ਼ਹੂਰ ਹਸਤੀਆਂ

07/19/2018 4:24:16 PM

ਨਿਊਯਾਰਕ (ਭਾਸ਼ਾ)— ਅਮਰੀਕਾ ਵਿਚ ਅਗਲੇ ਮਹੀਨੇ 19 ਅਗਸਤ ਨੂੰ ਭਾਰਤ ਦਿਵਸ ਪਰੇਡ ਆਯੋਜਿਤ ਕੀਤੀ ਜਾਵੇਗੀ। ਇਸ ਪਰੇਡ ਵਿਚ ਅਭਿਨੇਤਾ-ਨੇਤਾ ਕਮਲ ਹਸਨ, ਉਨ੍ਹਾਂ ਦੇ ਬੇਟੀ ਸ਼ਰੁਤੀ ਹਸਨ ਅਤੇ ਵੈਸਟ ਇੰਡੀਜ਼ ਦੇ ਮਹਾਨ ਬੱਲੇਬਾਜ਼ ਵਿਵਿਅਨ ਰਿਚਰਡਸ ਸ਼ਾਮਲ ਹੋਣਗੇ। ਭਾਰਤ ਦੇ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਦੇਸ਼ ਦੇ ਬਾਹਰ ਆਯੋਜਿਤ ਹੋਣ ਵਾਲੀ ਸਭ ਤੋਂ ਵੱਡੀ ਇਸ ਪਰੇਡ ਵਿਚ ਹਰ ਸਾਲ ਵੱਖ-ਵੱਖ ਭਾਈਚਾਰਿਆਂ ਅਤੇ ਸਮੂਹਾਂ ਦੇ ਲੋਕ ਸ਼ਾਮਲ ਹੁੰਦੇ ਹਨ। ਇਸ ਵਾਰ 'ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਸ ਨਿਊਯਾਰਕ, ਨਿਊ ਜਰਸੀ, ਕਨੈਕਟੀਕਟ' ਵੱਲੋਂ 19 ਅਗਸਤ ਨੂੰ 38ਵੀਂ ਭਾਰਤ ਦਿਵਸ ਪਰੇਡ ਦਾ ਆਯੋਜਨ ਹੋਵੇਗਾ। ਇਹ ਪਰੇਡ ਮੈਨਹਟਨ ਦੇ ਮੈਡੀਸਨ ਐਵੀਨਿਊ ਦੀਆਂ ਕਈ ਸੜਕਾਂ ਤੋਂ ਹੋ ਕੇ ਲੰਘੇਗੀ। 
ਇਸ ਪਰੇਡ ਵਿਚ ਵੱਖ-ਵੱਖ ਭਾਰਤੀ-ਅਮਰੀਕੀ ਸੰਗਠਨਾਂ ਵੱਲੋਂ ਝਾਕੀਆਂ, ਮਾਰਚਿੰਗ ਬੈਂਡ, ਪੁਲਸ ਟੁੱਕੜੀਆਂ ਸ਼ਾਮਲ ਹੋਣਗੀਆਂ। ਇਸ ਦੇ ਇਲਾਵਾ ਭਾਰਤੀ-ਅਮਰੀਕੀ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਐੱਫ.ਆਈ.ਏ. ਦੇ ਵਰਤਮਾਨ ਪ੍ਰਧਾਨ ਸ਼ਰੂਜ਼ਲ ਪਾਰਿਖ ਨੇ ਦੱਸਿਆ ਕਿ ਪਰੇਡ ਵਿਚ ਕਮਲ ਹਸਨ 'ਗ੍ਰੈਂਡ ਮਾਰਸ਼ਲ' ਹੋਣਗੇ ਜਦਕਿ ਸ਼ਰੁਤੀ ਅਤੇ ਰਿਚਰਡਸ ਮਾਣਯੋਗ ਮਹਿਮਾਨ ਹੋਣਗੇ। ਪਰੇਡ ਵਿਚ ਵਿਸ਼ੇਸ਼ ਮਹਿਮਾਨਾਂ ਵਿਚ ਭਾਰਤੀ ਕਲਾਕਾਰ ਕੈਲਾਸ਼ ਖੇਰ ਅਤੇ ਸ਼ਿਬਾਨੀ ਕਸ਼ਯਪ ਵੀ ਸ਼ਾਮਲ ਹੋਣਗੇ। ਪਾਰਿਖ ਨੇ ਕਿਹਾ ਇਸ ਸਾਲ ਉਨ੍ਹਾਂ ਨੂੰ ਇਸ ਪ੍ਰੋਗਰਾਮ ਵਿਚ 15 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਪਰੇਡ ਵਿਚ ਐਂਟੀਗੁਆ, ਸ਼੍ਰੀਲੰਕਾ ਅਤੇ ਨੇਪਾਲ ਜਿਹੇ ਦੇਸ਼ਾਂ ਦੇ ਮੰਤਰੀਆਂ ਅਤੇ ਡਿਪਲੋਮੈਟਾਂ ਦੇ ਵੀ ਸ਼ਾਮਲ ਹੋਣ ਦੀ ਉਮੀਦ ਹੈ।


Related News