ਨਵਾਜ਼ ਸ਼ਰੀਫ ਤੇ ਮਰੀਅਮ ਦੀ ਜਾਨ ਨੂੰ ਖਤਰਾ, ਕੈਦੀਆਂ ਨੇ ਕੀਤੀ ਨਾਅਰੇਬਾਜ਼ੀ

07/19/2018 4:02:54 PM

ਲਾਹੌਰ (ਭਾਸ਼ਾ)- ਰਾਵਲਪਿੰਡੀ ਦੀ ਹਾਈ ਸਕਿਓਰਿਟੀ ਵਾਲੀ ਆਦਿਆਲਾ ਜੇਲ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਜੇਲ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਕੈਦੀਆਂ ਨੇ ਸ਼ਰੀਫ ਖਿਲਾਫ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਸ਼ਰੀਫ ਨੂੰ ਮਸਜਿਦ 'ਚ ਨਮਾਜ਼ ਅਦਾ ਕਰਨ ਤੋਂ ਵੀ ਰੋਕ ਦਿੱਤਾ ਗਿਆ।
ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਸ਼ਰੀਫ ਲਈ ਜੇਲ ਵਿਚ ਰਹਿਣਾ ਅਸੁਰੱਖਿਅਤ ਹੋ ਸਕਦਾ ਹੈ ਕਿਉਂਕਿ ਫਿਲਹਾਲ ਜੇਲ ਵਿਚ ਅਜਿਹੇ ਬਹੁਤ ਸਾਰੇ ਕੈਦੀ ਹਨ, ਜਿਹੜੇ ਅੱਤਵਾਦੀ ਗਤੀਵਿਧੀਆਂ ਦੇ ਦੋਸ਼ੀ ਹਨ। ਭਾਵੇਂ ਹੀ ਸ਼ਰੀਫ ਅਤੇ ਉਨ੍ਹਾਂ ਦੀ ਧੀ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਪਰ ਫਿਲਹਾਲ ਖਤਰਾ ਬਰਕਰਾਰ ਹੈ। ਉਨ੍ਹਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਰੀਫ ਤੇ ਮਰੀਅਮ ਨੂੰ ਇਸਲਾਮਾਬਾਦ ਦੇ ਸਿਹਾਲਾ ਪੁਲਸ ਟਰੇਨਿੰਗ ਕਾਲਜ ਦੇ ਆਰਾਮ ਘਰ ਵਿਚ ਸ਼ਿਫਟ ਕਰ ਦਿੱਤਾ ਗਿਆ। 
ਸ਼ਰੀਫ ਨੂੰ ਜੇਲ ਵਿਚ ਰੱਖਣ 'ਤੇ ਭਰਾ ਸ਼ਾਹਬਾਜ਼ ਨੇ ਵੀ ਜਤਾਇਆ ਸੀ ਇਤਰਾਜ਼
ਨਵਾਜ਼ ਸ਼ਰੀਫ ਨੂੰ ਅਦਿਆਲਾ ਜੇਲ ਵਿਚ ਬੰਦ ਕਰਨ ਨੂੰ ਲੈ ਕੇ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਇਤਰਾਜ਼ ਜ਼ਾਹਰ ਕੀਤਾ ਸੀ ਕਿ ਸਾਬਕਾ ਪੀ.ਐੱਮ. ਨੂੰ ਇਸ ਤਰ੍ਹਾਂ ਜੇਲ ਵਿਚ ਰੱਖਣਾ ਗਲਤ ਹੈ।
ਲੰਡਨ ਵਿਚ ਵੀ ਨਵਾਜ਼ ਸ਼ਰੀਫ ਦਾ ਹੋ ਚੁੱਕੈ ਵਿਰੋਧ
ਬੀਤੇ ਦਿਨ ਪ੍ਰਦਰਸ਼ਨਕਾਰੀਆਂ ਨੇ ਇਥੇ ਸ਼ਰੀਫ ਪਰਿਵਾਰ ਦੇ ਐਵੇਨਫੀਲਡ ਅਪਾਰਟਮੈਂਟ 'ਚ ਹਮਲੇ ਦੀ ਕੋਸ਼ਿਸ਼ ਕੀਤੀ। ਭੀੜ ਨੇ ਸ਼ਰੀਫ ਤੇ ਬੇਟੇ ਹੁਸੈਨ ਨਵਾਜ਼ ਦੇ ਅਪਾਰਟਮੈਂਟ ਦੇ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕੀਤੀ। ਇਕ ਪ੍ਰਦਰਸ਼ਨਕਾਰੀ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਬ੍ਰਿਟੇਨ ਦੀ ਸ਼ਾਖਾ ਦੇ ਇਕ ਮੈਂਬਰ 'ਤੇ ਸਾਮਾਨ ਢੋਹਣ ਵਾਲੀ ਟ੍ਰਾਲੀ ਸੁੱਟ ਦਿੱਤੀ।
ਸਿਹਾਲਾ ਲਾਜ ਵਿਚ ਨਵਾਜ਼ ਤੇ ਮਰੀਅਮ ਲਈ ਕੀ ਹਨ ਸਹੂਲਤਾਂ
ਸਿਹਾਲਾ ਲਾਜ ਨੂੰ ਸਾਫ ਕਰਨ ਤੋਂ ਬਾਅਦ ਉਸ ਨੂੰ ਫੁੱਲ, ਪੇਂਟਿੰਗ ਅਤੇ ਤਸਵੀਰਾਂ ਨਾਲ ਸਜਾਇਆ ਗਿਆ। ਇਥੇ ਕੈਦੀਆਂ ਨੂੰ ਇਕ ਡਬਲ ਬੈੱਡ, ਦੋ ਕੁਰਸੀਆਂ ਅਤੇ ਇਕ ਟੇਬਲ ਦਿੱਤਾ ਜਾਂਦਾ ਹੈ। ਦੱਸ ਦਈਏ ਕਿ ਇਹ ਉਹੀ ਲਾਜ ਹੈ, ਜਿਥੇ ਸਾਬਕਾ ਰਾਸ਼ਟਰਪਤੀ ਅਤੇ ਪੀਪੀਪੀ ਦੇ ਸਹਿ ਪ੍ਰਧਾਨ ਆਸਿਫ ਅਲੀ ਜ਼ਰਦਾਰੀ ਨੂੰ ਹਿਰਾਸਤ ਵਿਚ ਰੱਖਿਆ ਗਿਆ ਸੀ, ਜਦੋਂ 1996 ਵਿਚ ਉਨ੍ਹਾਂ ਦੀ ਸਰਕਾਰ ਡਿੱਗੀ ਸੀ। ਹੋਰ ਰਾਜ ਨੇਤਾਵਾਂ ਨੂੰ ਵੀ ਇਸ ਰੈਸਟ ਹਾਊਸ ਵਿਚ ਹਿਰਾਸਤ ਵਿਚ ਰੱਖਿਆ ਜਾ ਚੁੱਕਾ ਹੈ।
ਜ਼ਿਕਰਯੋਗ ਹੈ ਕਿ ਪਨਾਮਾ ਪੇਪਰ ਕਾਂਡ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸ਼ਰੀਫ ਨੂੰ 10 ਸਾਲ ਬੇਟੀ ਮਰੀਅਮ ਨੂੰ 7 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਸੀ। ਲੰਡਨ ਵਿਚ ਚਾਰ ਲਗਜ਼ਰੀ ਫਲੈਟਾਂ ਦੇ ਮਾਲਕ ਹੋਣ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜਵਾਬਦੇਹੀ ਬਿਊਰੋ ਨੇ 13 ਜੁਲਾਈ ਨੂੰ ਸ਼ਰੀਫ ਅਤੇ ਮਰੀਅਮ ਨੂੰ ਲੰਡਨ ਤੋਂ ਲਾਹੌਰ ਵਾਪਸ ਆਉਂਦੇ ਹੀ ਗ੍ਰਿਫਤਾਰ ਕਰ ਲਿਆ ਸੀ।


Related News