ਸੋਨੇ ''ਚ ਹਲਕੀ ਤੇਜ਼ੀ, ਜਾਣੋ ਅੱਜ ਦੇ ਰੇਟ

07/19/2018 3:37:02 PM

ਨਵੀਂ ਦਿੱਲੀ— ਸਥਾਨਕ ਗਹਿਣਾ ਨਿਰਮਾਤਾਵਾਂ ਦੀ ਮੰਗ ਠੀਕ-ਠਾਕ ਰਹਿਣ ਨਾਲ ਦਿੱਲੀ ਸਰਾਫਾ ਬਾਜ਼ਾਰ 'ਚ ਸੋਨਾ ਅੱਜ 25 ਰੁਪਏ ਸੁਧਰ ਕੇ 30,825 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਿਆ। ਹਾਲਾਂਕਿ ਕੌਮਾਂਤਰੀ ਬਾਜ਼ਾਰਾਂ 'ਚ ਕੀਮਤੀ ਧਾਤਾਂ 'ਚ ਗਿਰਾਵਟ ਦਰਜ ਕੀਤੀ ਗਈ। ਉੱਥੇ ਹੀ ਚਾਂਦੀ ਵੀ ਘਰੇਲੂ ਬਾਜ਼ਾਰ 'ਚ 50 ਰੁਪਏ ਟੁੱਟ ਕੇ 39,150 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਉਦਯੋਗਿਕ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਘਟਣ ਨਾਲ ਇਸ 'ਚ ਗਿਰਾਵਟ ਦਰਜ ਕੀਤੀ ਗਈ।

ਕਾਰੋਬਾਰੀਆਂ ਨੇ ਕਿਹਾ ਕਿ ਘਰੇਲੂ ਬਾਜ਼ਾਰ 'ਚ ਥੋੜ੍ਹੀ-ਬਹੁਤੀ ਮੰਗ ਆਉਣ ਨਾਲ ਸੋਨੇ ਦੀਆਂ ਕੀਮਤਾਂ 'ਚ ਤੇਜ਼ੀ ਆਈ ਪਰ ਵਿਦੇਸ਼ੀ ਬਾਜ਼ਾਰਾਂ 'ਚ ਨਰਮ ਰੁਖ਼ ਹੋਣ ਕਾਰਨ ਇਹ ਹੋਰ ਨਹੀਂ ਵਧ ਸਕੀ। ਕੌਮਾਂਤਰੀ ਪੱਧਰ 'ਤੇ ਸਿੰਗਾਪੁਰ 'ਚ ਸੋਨਾ 0.64 ਫੀਸਦੀ ਕਮਜ਼ੋਰ ਹੋ ਕੇ 1,219.20 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਚਾਂਦੀ 1.48 ਫੀਸਦੀ ਟੁੱਟ ਕੇ 15.20 ਡਾਲਰ ਪ੍ਰਤੀ ਔਂਸ ਰਹਿ ਗਈ। ਰਾਸ਼ਟਰੀ ਰਾਜਧਾਨੀ 'ਚ 99.9 ਅਤੇ 99.5 ਫੀਸਦੀ ਸ਼ੁੱਧਤਾ ਵਾਲਾ ਸੋਨਾ 25-25 ਰੁਪਏ ਵਧ ਕੇ ਕ੍ਰਮਵਾਰ 30,825 ਰੁਪਏ ਅਤੇ 30,675 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪੁੱਜ ਗਿਆ। ਪਿਛਲੇ ਦੋ ਦਿਨਾਂ 'ਚ ਸੋਨਾ 350 ਰੁਪਏ ਡਿੱਗਿਆ ਹੈ। ਸੀਮਤ ਸੌਦਿਆਂ ਵਿਚਕਾਰ 8 ਗ੍ਰਾਮ ਵਾਲੀ ਗਿੰਨੀ 24,700 ਰੁਪਏ 'ਤੇ ਸਥਿਰ ਰਹੀ।


Related News