ਨਫਰਤ ਦਾ ਬੋਝ

7/19/2018 10:07:27 AM

ਬਹੁਤ ਪੁਰਾਣੀ ਗੱਲ ਹੈ। ਇਕ ਵਾਰ ਇਕ ਗੁਰੂ ਨੇ ਆਪਣੇ ਸਾਰੇ ਚੇਲਿਆਂ ਨੂੰ ਅਪੀਲ ਕੀਤੀ ਕਿ ਉਹ ਕੱਲ ਪ੍ਰਵਚਨ ਵਿਚ ਆਉਣ ਵੇਲੇ ਆਪਣੇ ਨਾਲ ਥੈਲੀ ਵਿਚ ਵੱਡੇ-ਵੱਡੇ ਆਲੂ ਲਿਆਉਣ। ਉਨ੍ਹਾਂ ਆਲੂਆਂ 'ਤੇ ਉਸ ਵਿਅਕਤੀ ਦਾ ਨਾਂ ਲਿਖਿਆ ਹੋਣਾ ਚਾਹੀਦਾ ਹੈ, ਜਿਸ ਤੋਂ ਉਹ ਨਫਰਤ ਕਰਦੇ ਹਨ। ਜਿਹੜਾ ਚੇਲਾ ਜਿੰਨੇ ਵਿਅਕਤੀਆਂ ਨਾਲ ਨਫਰਤ ਕਰਦਾ ਹੈ, ਉਹ ਓਨੇ ਆਲੂ ਲੈ ਕੇ ਆਵੇ।
ਅਗਲੇ ਦਿਨ ਸਾਰੇ ਚੇਲੇ ਆਲੂ ਲੈ ਕੇ ਆਏ। ਕਿਸੇ ਕੋਲ 4 ਆਲੂ ਸਨ ਤਾਂ ਕਿਸੇ ਕੋਲ 6। ਗੁਰੂ ਜੀ ਨੇ ਕਿਹਾ, ''ਅਗਲੇ 7 ਦਿਨਾਂ ਤਕ ਇਹ ਆਲੂ ਤੁਸੀਂ ਆਪਣੇ ਕੋਲ ਰੱਖਣਾ। ਜਿਥੇ ਵੀ ਜਾਓ, ਖਾਂਦੇ-ਪੀਂਦੇ, ਸੌਂਦੇ-ਜਾਗਦੇ, ਇਹ ਆਲੂ ਹਮੇਸ਼ਾ ਤੁਹਾਡੇ ਨਾਲ ਰਹਿਣੇ ਚਾਹੀਦੇ ਹਨ।''
ਚੇਲਿਆਂ ਨੂੰ ਕੁਝ ਸਮਝ ਨਹੀਂ ਆਈ ਪਰ ਉਹ ਕੀ ਕਰਦੇ, ਗੁਰੂ ਦਾ ਹੁਕਮ ਸੀ। 2-4 ਦਿਨਾਂ ਬਾਅਦ ਹੀ ਚੇਲੇ ਆਲੂਆਂ ਦੀ ਬਦਬੂ ਤੋਂ ਪ੍ਰੇਸ਼ਾਨ ਹੋ ਗਏ।
ਜਿਵੇਂ-ਤਿਵੇਂ ਉਨ੍ਹਾਂ 7 ਦਿਨ ਬਿਤਾਏ ਅਤੇ ਗੁਰੂ ਕੋਲ ਪਹੁੰਚੇ। ਸਾਰਿਆਂ ਨੇ ਦੱਸਿਆ ਕਿ ਉਹ ਉਨ੍ਹਾਂ ਸੜੇ ਆਲੂਆਂ ਤੋਂ ਪ੍ਰੇਸ਼ਾਨ ਹੋ ਗਏ ਹਨ। ਗੁਰੂ ਜੀ ਨੇ ਕਿਹਾ, ''ਇਹ ਸਭ ਮੈਂ ਤੁਹਾਨੂੰ ਸਿੱਖਿਆ ਦੇਣ ਲਈ ਕੀਤਾ ਸੀ। ਜਦੋਂ 7 ਦਿਨਾਂ ਵਿਚ ਤੁਹਾਨੂੰ ਇਹ ਆਲੂ ਬੋਝ ਲੱਗਣ ਲੱਗੇ, ਫਿਰ ਸੋਚੋ ਕਿ ਤੁਸੀਂ ਜਿਨ੍ਹਾਂ ਵਿਅਕਤੀਆਂ ਨਾਲ ਨਫਰਤ ਕਰਦੇ ਹੋ, ਉਨ੍ਹਾਂ ਦਾ ਕਿੰਨਾ ਬੋਝ ਤੁਹਾਡੇ ਮਨ 'ਤੇ ਰਹਿੰਦਾ ਹੋਵੇਗਾ। ਇਹ ਨਫਰਤ ਤੁਹਾਡੇ ਮਨ 'ਤੇ ਗੈਰ-ਜ਼ਰੂਰੀ ਬੋਝ ਪਾਉਂਦੀ ਹੈ, ਜਿਸ ਕਾਰਨ ਤੁਹਾਡੇ ਮਨ ਵਿਚ ਬਦਬੂ ਭਰ ਜਾਂਦੀ ਹੈ, ਠੀਕ ਇਨ੍ਹਾਂ ਆਲੂਆਂ ਵਾਂਗ। ਇਸ ਲਈ ਆਪਣੇ ਮਨ ਵਿਚੋਂ ਗਲਤ ਭਾਵਨਾਵਾਂ ਕੱਢ ਦਿਓ, ਜੇ ਕਿਸੇ ਨਾਲ ਪਿਆਰ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਨਫਰਤ ਤਾਂ ਨਾ ਕਰੋ। ਇਸ ਨਾਲ ਤੁਹਾਡਾ ਮਨ ਸਾਫ ਤੇ ਹਲਕਾ ਰਹੇਗਾ।''
ਸਾਰੇ ਚੇਲਿਆਂ ਨੇ ਇਸੇ ਤਰ੍ਹਾਂ ਕੀਤਾ।