ਲੀਚੀ ਦੀ ਤੁੜਾਈ ਉਪਰੰਤ ਸਾਂਭ-ਸੰਭਾਲ ਅਤੇ ਮੰਡੀਕਰਨ

07/02/2018 4:31:23 AM

ਲੀਚੀ ਦੇ ਫਲ ਦੀ ਚੀਨ, ਭਾਰਤ, ਥਾਈਲੈਂਡ, ਮੇਦਾਸਕਾਰ, ਆਸਟ੍ਰੇਲੀਆ, ਦੱਖਣੀ ਅਫਰੀਕਾ, ਮੋਰਾਸ਼ੀਅਸ, ਤਾਈਵਾਨ, ਇਜ਼ਰਾਈਲ ਅਤੇ ਅਮਰੀਕਾ ਵਿਚ ਵਪਾਰਕ ਤੌਰ 'ਤੇ ਪੈਦਾਵਾਰ ਕੀਤੀ ਜਾਂਦੀ ਹੈ। ਭਾਰਤ ਵਿਚ ਬਿਹਾਰ, ਤ੍ਰਿਪੁਰਾ, ਪੱਛਮੀ ਬੰਗਾਲ, ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਰਾਜਾਂ ਵਿਚ ਕਾਸ਼ਤ ਕੀਤੀ ਜਾ ਰਹੀ ਹੈ। ਪੰਜਾਬ ਵਿਚ ਲੀਚੀ ਦੀ ਪਠਾਨਕੋਟ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਵਿਚ ਤਕਰੀਬਨ 2708 ਹੈਕਟੇਅਰ ਖੇਤਰ ਰਕਬੇ 'ਚ ਖੇਤੀ ਕੀਤੀ ਜਾ ਰਹੀ ਹੈ, ਜਿਸ ਤੋਂ 43,958 ਮੀਟ੍ਰਿਕ ਟਨ ਦਾ ਉਤਪਾਦਨ ਅਤੇ ਪੈਦਾਵਾਰ 16.2 ਮੀਟ੍ਰਿਕ ਟਨ ਪ੍ਰਤੀ ਹੈਕਟੇਅਰ ਹੈ। ਪੰਜਾਬ ਵਿਚ ਮੁੱਖ ਤੌਰ 'ਤੇ ਦੇਹਰਾਦੂਨ, ਕਲਕੱਤਾ ਅਤੇ ਸੀਡਲੈੱਸ ਲੇਟ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ।
ਲੀਚੀ ਪੌਸ਼ਟਿਕ ਫਲ ਹੈ, ਜਿਸ ਵਿਚ ਵਿਟਾਮਿਨ ਸੀ, ਪ੍ਰੋਟੀਨ, ਖਣਿਜ ਦੇ ਨਾਲ-ਨਾਲ ਇਸ ਵਿਚ ਭਰਪੂਰ ਮਾਤਰਾ ਵਿਚ ਪੌਸ਼ਟਿਕ ਰੇਸ਼ੇ, ਐਂਟੀਆਕਸੀਡੈਂਟ ਹੁੰਦੇ ਹਨ, ਜਿਹੜੇ ਸਾਡੇ ਇਮਿਊਨ ਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਲਾਭਦਾਇਕ ਹਨ। ਲੀਚੀ ਨੂੰ ਪੰਜਾਬ ਵਿਚ ਇਕ ਮਹੱਤਵਪੂਰਨ ਫਲ ਵਜੋਂ ਜਾਣਿਆ ਜਾਂਦਾ ਹੈ ਅਤੇ ਹਾਲ ਹੀ ਵਿਚ ਪੰਜਾਬ ਸਰਕਾਰ ਨੇ ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲਿਆਂ ਵਿਚ ਲੀਚੀ ਅਸਟੇਟ ਦੀ ਸਥਾਪਨਾ ਕੀਤੀ ਹੈ, ਜੋ ਕਿ ਲੀਚੀ ਅਧੀਨ ਬਾਗਾਂ ਦਾ ਰਕਬਾ, ਉਤਪਾਦਨ ਅਤੇ ਦੂਰ ਦੁਰਾਡੇ ਦੀਆਂ ਮੰਡੀਆਂ ਦੇ ਲਈ ਮੰਡੀਕਰਨ ਲਈ ਉਤਸ਼ਾਹਿਤ ਕਦਮ ਹੈ।
ਤੁੜਾਈ : ਲੀਚੀ ਬੂਟੇ ਉੱਤੇ ਹੀ ਪੱਕਣ ਵਾਲਾ ਫਲ ਹੈ ਅਤੇ ਤੁੜਾਈ ਆਮ ਤੌਰ 'ਤੇ ਲਾਲ ਰੰਗ, ਫਲ ਦੇ ਆਕਾਰ ਅਤੇ ਮਿਠਾਸ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਪੰਜਾਬ ਵਿਚ ਲੀਚੀ ਦੀਆਂ ਕਿਸਮਾਂ ਜਿਵੇਂ ਦੇਹਰਾਦੂਨ ਦਾ ਪੱਕਣ ਦਾ ਸਮਾਂ ਜੂਨ ਦਾ ਦੂਜਾ ਹਫਤਾ ਹੈ, ਜਦਕਿ ਕੱਲਕਤੀਆ ਅਤੇ ਸੀਡਲੈੱਸ ਜੂਨ ਦੇ ਤੀਜੇ ਹਫਤੇ। ਇਹ ਕਿਸਮਾਂ ਆਮ ਤੌਰ 'ਤੇ ਫੁੱਲ ਨਿਕਲਣ ਤੋਂ 55-75 ਦਿਨਾਂ ਬਾਅਦ ਪੱਕ ਜਾਂਦੀਆਂ ਹਨ। ਲੀਚੀ ਦੀ ਤੁੜਾਈ ਗੁੱਛੇ ਸਮੇਤ ਟਾਹਣੀਆਂ ਅਤੇ ਕੁਝ ਪੱਤੇ ਰੱਖ ਕੇ ਕੀਤੀ ਜਾਂਦੀ ਹੈ। ਤੋੜਨ ਉਪਰੰਤ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾ ਰੰਗ ਪੂਰਾ ਬਣ ਜਾਵੇ ਅਤੇ ਬਾਹਰਲੀ ਛਿੱਲ ਵਿਕਸਿਤ ਹੋਵੇ। ਦੂਰ ਦੁਰਾਡੇ ਮੰਡੀਆਂ ਲਈ ਇਸ ਦੀ ਤੁੜਾਈ ਉਸ ਵੇਲੇ ਕਰਨੀ ਚਾਹੀਦੀ ਹੈ, ਜਦੋਂ ਇਸ ਦੀ ਮਿਠਾਸ 17-18 ਫੀਸਦੀ ਅਤੇ ਖਟਾਸ 0.3 ਤੋਂ 0.4 ਫੀਸਦੀ ਹੋਵੇ। ਤੁੜਾਈ ਉਪਰੰਤ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਦਾ ਫਲ ਜ਼ਮੀਨ ਅਤੇ ਧੁੱਪ ਵਿਚ ਨਾ ਰੱਖਿਆ ਜਾਵੇ।
ਦਰਜਾਬੰਦੀ : ਲੀਚੀ ਫਲ ਦੀ ਦਰਜਾਬੰਦੀ ਫਲ ਦੇ ਆਕਾਰ ਜਾਂ ਵਜ਼ਨ ਦੇ ਆਧਾਰ 'ਤੇ ਅਤੇ ਮੰਡੀਕਰਨ ਕੀਤਾ ਜਾਂਦਾ ਹੈ, ਜਿਸ ਵਿਚ 25-30 ਗ੍ਰਾਮ ਦੇ ਲੀਚੀ ਫਲ ਨੂੰ ਉੱਚ ਦਰਜਾ ਮੰਨਿਆ ਜਾਂਦਾ ਹੈ।
ਡੱਬਾਬੰਦੀ : ਲੀਚੀ ਬਹੁਤ ਹੀ ਨਾਜ਼ੁਕ ਫਲ ਹੈ ਅਤੇ ਇਸ ਦੀ ਬਾਹਰਲੀ ਛਿੱਲ ਤੋੜਨ ਉਪਰੰਤ ਜਲਦੀ ਹੀ ਭੂਰੀ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਦਾ ਮੁੱਖ ਕਾਰਨ ਪੋਲੀਫਿਨੋਲ ਔਕਸੀਡੇਸ (PPO) ਪ੍ਰਕਿਰਿਆ ਕਰਕੇ ਹੈ ਅਤੇ ਇਸ ਦੇ ਰੰਗ ਵਿਚ ਗਿਰਾਵਟ ਹੋਣੀ ਸ਼ੁਰੂ ਹੋ ਜਾਂਦੀ ਹੈ। ਲੀਚੀ ਦਾ ਫਲ ਆਮ ਤੌਰ 'ਤੇ ਜੂਟ ਦੀਆਂ ਪੱਲੀਆਂ ਵਿਚ ਮੰਡੀ ਵਿਚ ਲਿਜਾਇਆ ਜਾਂਦਾ ਹੈ, ਜਿਸ ਨਾਲ ਉਸ ਦੀ ਮੰਡੀਕਰਨ ਦੀ ਕੀਮਤ ਅਤੇ ਉਮਰ ਵਿਚ ਗਿਰਾਵਟ ਹੁੰਦੀ ਹੈ। ਪੰਜਾਬ ਹਾਰਟੀਕਲਚਰਲ ਪੋਸਟਹਾਰਵੈਸਟ ਟੈਕਨੋਲੋਜੀ ਸੈਂਟਰ (P8P“3) ਦੁਆਰਾ ਤਿਆਰ ਕੀਤੀਆਂ 2, 4 ਅਤੇ 10 ਕਿਲੋਗ੍ਰਾਮ ਦੀਆਂ ਕੋਗੂਰੇਟੇਡ ਫਾਈਬਰ ਬੋਰਡ ਬਕਸਿਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਲੀਚੀ ਨੂੰ ਡੱਬਾਬੰਦੀ ਮਾਰਕੀਟ ਕਰਨ ਲਈ ਮਨਜ਼ੂਰੀ ਦਿੱਤੀ ਹੈ।
ਭੰਡਾਰਨ : ਫਲਾਂ ਦੀ ਤੁੜਾਈ ਤੋਂ ਬਾਅਦ ਢੁਕਵੇਂ ਤਾਪਮਾਨ 2-3 ਡਿਗਰੀ ਤਾਪਮਾਨ ਅਤੇ 90-95 ਫੀਸਦੀ ਨਮੀ 'ਤੇ ਸਟੋਰ ਕੀਤਾ ਜਾਣਾ ਚਾਹੀਦਾ ਹੈ, ਜਦਕਿ ਕਮਰੇ ਦੇ ਤਾਪਮਾਨ ਤੇ ਲੀਚੀ ਦੇ ਭੰਡਾਰਨ ਦਾ ਸਮਾਂ ਸਿਰਫ 2-3 ਦਿਨ ਤੋਂ ਵੀ ਘੱਟ ਹੈ। ਇਸ ਵਿਧੀ ਨਾਲ ਸਟੋਰ ਕੀਤੇ ਫਲ ਦੀ ਕੀਮਤ ਮੰਡੀ ਵਿਚ ਵਧ ਜਾਂਦੀ ਹੈ ਅਤੇ ਇਸ ਨੂੰ 7-12 ਦਿਨਾਂ ਲਈ ਸਟੋਰ ਕੀਤਾ ਜਾ ਸਕਦਾ ਹੈ।
ਮੰਡੀਕਰਨ : ਲੀਚੀ ਨੂੰ ਤੋੜਨ ਦਾ ਸਮਾਂ ਤਕਰੀਬਨ ਦੋ ਮਹੀਨੇ ਹੈ, ਜਿਸ ਕਾਰਨ ਮੰਡੀਆਂ ਵਿਚ ਜ਼ਿਆਦਾ ਫਲ ਆਉਣ ਨਾਲ ਇਸ ਦੇ ਮੰਡੀਕਰਨ ਵਿਚ ਸਮੱਸਿਆਵਾਂ ਆਉਂਦੀਆਂ ਹਨ। ਭਾਰਤੀ ਮੰਡੀਆਂ ਵਿਚ ਆਮ ਤੌਰ 'ਤੇ ਫਲ ਗੁੱਛਿਆਂ ਵਿਚ ਵੇਚਿਆ ਜਾਂਦਾ ਹੈ। ਬਾਗਵਾਨ ਤੁੜਾਈ ਤੋਂ ਪਹਿਲਾਂ ਸਾਰਾ ਬਾਗ ਠੇਕੇ 'ਤੇ ਦੇ ਦਿੰਦੇ ਹਨ। ਇਸ ਤੋਂ ਬਾਅਦ ਸਾਰਾ ਕੰਮਕਾਜ ਜਿਵੇਂ ਕਿ ਤੁੜਾਈ, ਡੱਬਾਬੰਦੀ, ਢੋਆ-ਢੁਆਈ ਆਦਿ ਦਾ ਕੰਮ ਆੜ੍ਹਤੀਆਂ ਦੀ ਸਹਾਇਤਾ ਨਾਲ ਸੰਪੂਰਨ ਕਰਦੇ ਹਨ। ਇਹ ਵੀ ਦੇਖਿਆ ਗਿਆ ਹੈ ਕਿ 80-90 ਫੀਸਦੀ ਤੋਂ ਵੱਧ ਉਤਪਾਦਕ ਤੁੜਾਈ ਸਮੇਂ ਠੇਕੇਦਾਰਾਂ ਨੂੰ ਵੇਚਣ ਨੂੰ ਤਰਜੀਹ ਦਿੰਦੇ ਹਨ। ਕਾਸ਼ਤਕਾਰਾਂ ਨੂੰ ਪ੍ਰਾਪਤ ਹੋਣ ਵਾਲੀ ਆਮਦਨ ਅਤੇ ਉਪਭੋਗਤਾਵਾਂ ਦੁਆਰਾ ਭੁਗਤਾਨ ਵਿਚਕਾਰ ਮੁਨਾਫੇ ਦਾ ਕਾਫੀ ਅੰਤਰ ਹੈ। ਠੇਕੇਦਾਰ ਜਾਂ ਕਮੀਸ਼ਨ ਦੇ ਏਜੰਟ ਲੀਚੀ ਦੀ ਮੰਡੀਕਰਨ ਵਿਚ ਵੱਧ ਤੋਂ ਵੱਧ ਮੁਨਾਫਾ ਕਮਾਉਂਦੇ ਹਨ। ਜ਼ਿਆਦਾ ਮੁਨਾਫਾ ਕਮਾਉਣ ਲਈ ਆਪ ਜ਼ਿਮੀਦਾਰਾਂ ਨੂੰ ਖੁਦ ਮੰਡੀਕਰਨ ਕਰਨਾ ਸਭ ਤੋਂ ਵਧੀਆ ਬਦਲ ਹੈ।
ਬੀ. ਵੀ. ਸੀ. ਮਹਾਜਨ, ਨਵਪ੍ਰੇਮ ਸਿੰਘ ਅਤੇ ਸਰਵਪ੍ਰਿਆ ਸਿੰਘ
ਪੰਜਾਬ ਹਾਰਟੀਕਲਚਰਲ ਪੋਸਟਹਾਰਵੈਸਟ ਟੈਕਨੋਲੋਜੀ ਸੈਂਟਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ


Related News