ਕਿਸਾਨਾਂ ਦਾ ਵਫਦ ਏ. ਡੀ. ਸੀ. ਨੂੰ ਮਿਲਿਆ

06/19/2018 5:27:24 PM

ਕਪੂਰਥਲਾ (ਗੁਰਵਿੰਦਰ ਕੌਰ)— ਸਮੂਹ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦਾ ਇਕ ਵਫਦ ਜ਼ਿਲਾ ਪ੍ਰਧਾਨ ਜਸਵੀਰ ਸਿੰਘ ਲਿਟਾਂ ਅਤੇ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ ਮੀਤ ਦੀ ਪ੍ਰਧਾਨਗੀ ਹੇਠ ਏ. ਡੀ. ਸੀ. (ਜ) ਰਾਹੁਲ ਚਾਬਾ ਨੂੰ ਮਿਲਿਆ। ਉਨ੍ਹਾਂ ਨੂੰ ਆਪਣੀਆਂ ਮੰਗਾਂ ਸਬੰਧੀ ਇਕ ਮੰਗ ਪੱਤਰ ਕੇਂਦਰ ਅਤੇ ਪੰਜਾਬ ਸਰਕਾਰ ਦੇ ਨਾਮ ਦਿੱਤਾ। ਸਮੂਹ ਕਿਸਾਨਾਂ ਨੇ ਏ. ਡੀ. ਸੀ. ਚਾਬਾ ਨੂੰ ਬਿਜਲੀ ਸਬੰਧੀ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਅਤੇ ਇਨ੍ਹਾਂ ਮੰਗਾਂ ਨੂੰ ਤੁਰੰਤ ਹੱਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਜਿਹੜੇ ਪਾਵਰਕਾਮ ਦੇ ਕੁਝ ਭ੍ਰਿਸ਼ਟ ਅਧਿਕਾਰੀ ਕਿਸਾਨਾਂ ਤੋਂ ਮੋਟੀਆਂ ਰਿਸ਼ਵਤਾਂ ਲੈ ਕੇ ਸਰਕਾਰੀ ਕੰਮ ਕਰਦੇ ਹਨ, ਅਜਿਹੇ ਭ੍ਰਿਸ਼ਟ ਮੁਲਾਜ਼ਮਾਂ ਨੂੰ ਤੁਰੰਤ ਸਖਤੀ ਨਾਲ ਰੋਕਿਆ ਜਾਵੇ। 
ਉਨ੍ਹਾਂ ਨੇ ਦੱਸਿਆ ਕਿ ਬਿਜਲੀ ਵਿਭਾਗ ਦੇ ਕਈ ਜੇ. ਈ. ਫਰਾਂਸਫਾਰਮਰ ਸੜ ਜਾਣ 'ਤੇ ਬਦਲਣ ਲਈ ਪੰਜ-ਪੰਜ ਹਜ਼ਾਰ ਰੁਪਏ ਤਕ ਦੀ ਮੰਗ ਕਰਦੇ ਨੂੰ ਨੱਥ ਪਾਈ ਜਾਵੇ। 
ਇਹ ਹਨ ਮੰਗਾਂ
ਪੰਜਾਬ 'ਚ 20 ਜੂਨ ਤੋਂ ਸ਼ੁਰੂ ਹੋ ਰਹੇ ਪੈਡੀ ਸੀਜ਼ਨ 'ਚ ਟਿਊਬਵੈੱਲਾਂ ਲਈ ਦਿਨ ਵੇਲੇ ਨਿਰਵਿਘਨ 12 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇ ਤਾਂ ਕਿ ਕਿਸਾਨਾਂ ਨੂੰ ਝੋਨੇ ਦੀ ਫਸਲ ਪਾਲਣ 'ਚ ਕੋਈ ਮੁਸ਼ਕਿਲ ਨਾ ਆਵੇ।
ਜਿਨ੍ਹਾਂ ਲਾਈਨਾਂ ਦੀ ਮੁਰੰਮਤ ਹੋਣ ਵਾਲੀ ਹੈ, ਪਾਵਰਕਾਮ ਉਨ੍ਹਾਂ ਦੀ ਮੁਰੰਮਤ ਤੁਰੰਤ ਕਰਵਾਏ ਤਾਂ ਜੋ ਰੋਜ਼ਾਨਾ ਪੈ ਰਹੇ ਫਾਲਟਾਂ ਤੋਂ ਨਿਜਾਤ ਮਿਲ ਸਕੇ। 
ਪਾਵਰਕਾਮ ਕਿਸਾਨਾਂ ਨੂੰ 3 ਮਹੀਨੇ ਦਾ ਸਮਾਂ ਦੇਵੇ ਤਾਂ ਕਿ ਕਿਸਾਨ ਜ਼ਿਆਦਾ ਪਾਵਰ ਦੀਆਂ ਹੋ ਚੁੱਕੀਆਂ ਮੋਟਰਾਂ ਦਾ ਲੋਡ ਵਧਾ ਸਕਣ।
ਇਸ ਮੌਕੇ ਕਰਮ ਸਿੰਘ ਢਿੱਲਵਾਂ ਮੀਤ ਪ੍ਰਧਾਨ, ਪ੍ਰੇਮ ਸਿੰਘ ਕਮਰਾਏ ਸਲਾਹਕਾਰ ਕਮੇਟੀ ਪੰਜਾਬ, ਜਸਵਿੰਦਰ ਸਿੰਘ ਬਲਾਕ ਪ੍ਰਧਾਨ ਨਡਾਲਾ, ਅਮਰ ਸਿੰਘ ਸੰਧਰ ਜਗੀਰ, ਦੀਦਾਰ ਸਿੰਘ ਢਿੱਲਵਾਂ, ਕੁਲਦੀਪ ਸਿੰਘ, ਮੰਗਲ ਸਿੰਘ, ਜੋਗਿੰਦਰ ਸਿੰਘ,ਕੁਲਬੀਰ ਸਿੰਘ ਬਹੂਈ, ਬਖਸ਼ੀਸ਼ ਸਿੰਘ ਮਜਾਦਪੁਰ ਆਦਿ ਹਾਜ਼ਰ ਸਨ।


Related News