''ਰੈਫਰੈਂਡਮ 2020'' ਦਾ ਸਮਰਥਨ ਕਰ ਕੇ ਖਹਿਰਾ ਦੇਸ਼ ਖਿਲਾਫ ਜਾ ਰਹੇ : ਮਿਸ਼ਰਾ

06/19/2018 4:55:49 PM

ਜਲੰਧਰ, (ਜ. ਬ.)—ਭਾਰਤੀ ਲੋਕਤੰਤਰ ਵਿਚ ਚੋਣ ਜਿੱਤ ਕੇ ਆਉਣ ਵਾਲੇ ਵਿਧਾਇਕ ਨੂੰ ਰਾਸ਼ਟਰ ਹਿੱਤ ਲਈ ਕੰਮ ਕਰਨ ਦੀ ਸਹੁੰ ਚੁਕਾਈ ਜਾਂਦੀ ਹੈ ਪਰ ਇਹ ਮੰਦਭਾਗਾ ਹੈ ਕਿ ਸੁਖਪਾਲ ਖਹਿਰਾ ਦੇਸ਼ ਦਾ ਹਿੱਤ ਸੋਚਣਾ ਤਾਂ ਦੂਰ 'ਰੈਫਰੈਂਡਮ 2020' ਦਾ ਸਮਰਥਨ ਕਰ ਕੇ ਦੇਸ਼ ਦੇ ਖਿਲਾਫ ਜਾ ਰਹੇ ਹਨ। 
ਉਕਤ ਗੱਲਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਰਵਿੰਦਰ ਮਿਸ਼ਰਾ ਨੇ ਕਰਦਿਆਂ ਕਿਹਾ ਕਿ ਸੁਖਪਾਲ ਖਹਿਰਾ ਖਾਲਿਸਤਾਨ ਦੇ ਨਾਂ 'ਤੇ ਫੰਡਿੰਗ ਦਾ ਮੁੱਲ ਮੋੜ ਰਹੇ ਹਨ। ਸੁਖਪਾਲ ਖਹਿਰਾ 'ਤੇ 80 ਦੇ ਦਹਾਕੇ ਵਾਲੇ ਅੱਤਵਾਦ ਨੂੰ ਹਵਾ ਦੇ ਕੇ ਪੰਜਾਬ ਦਾ ਮਾਹੌਲ ਦੁਬਾਰਾ ਖਰਾਬ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਖਹਿਰਾ ਦੀਆਂ ਹਰਕਤਾਂ ਨੂੰ ਜਾਣ ਚੁੱਕੀ ਹੈ। 
ਖਹਿਰਾ ਵਲੋਂ 'ਰੈਫਰੈਂਡਮ 2020' ਦਾ ਸਮਰਥਨ ਕਰਨ 'ਤੇ ਉਨ੍ਹਾਂ ਦੀ ਆਪਣੀ ਪਾਰਟੀ ਦੇ ਆਗੂਆਂ ਵਲੋਂ ਵਿਰੋਧ ਕੀਤਾ ਜਾਣਾ ਖਹਿਰਾ ਦੀਆਂ ਹਰਕਤਾਂ ਨੂੰ ਉਜਾਗਰ ਕਰਦਾ ਹੈ। ਮਿਸ਼ਰਾ ਨੇ ਕਿਹਾ ਕਿ ਪੰਜਾਬ ਪੁਲਸ ਨੂੰ ਤੁਰੰਤ ਖਹਿਰਾ ਨੂੰ ਗ੍ਰਿਫਤਾਰ ਕਰ ਕੇ ਇਨ੍ਹਾਂ ਦੀ ਫੰਡਿੰਗ ਤੇ ਅੱਤਵਾਦੀਆਂ ਨਾਲ ਰਿਸ਼ਤੇ ਦੀ ਜਾਂਚ ਕਰਨੀ ਚਾਹੀਦੀ ਹੈ। ਹੋ ਸਕਦਾ ਹੈ ਕਿ ਇਨ੍ਹਾਂ ਦੇ ਤਾਰ ਪਾਕਿਸਤਾਨ ਦੇ ਦਾਊਦ ਨਾਲ ਜੁੜੇ ਹੋਣ। ਖਹਿਰਾ 'ਤੇ ਵਿਦੇਸ਼ ਜਾ ਕੇ ਖਾਲਿਸਤਾਨ ਦੇ ਨਾਂ 'ਤੇ ਫੰਡਿੰਗ ਕਰਨ ਦਾ ਦੋਸ਼ ਲਾਉਂਦਿਆਂ ਮਿਸ਼ਰਾ ਨੇ ਕਿਹਾ ਕਿ ਜਾਂਚ ਕਰਨ ਨਾਲ ਕਈ ਤੱਥ ਸਾਹਮਣੇ ਆਉਣਗੇ।
ਮਿਸ਼ਰਾ ਨੇ ਕਿਹਾ ਕਿ ਵਿਧਾਨ ਸਭਾ ਸਪੀਕਰ ਨੂੰ ਚਾਹੀਦਾ ਹੈ ਕਿ ਉਹ ਖਹਿਰਾ ਨੂੰ ਦੇਸ਼ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਹੋਣ ਕਾਰਨ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ। ਮਿਸ਼ਰਾ ਨੇ ਕਿਹਾ ਕਿ ਐੱਨ. ਆਈ. ਏ., ਰਾਅ, ਆਈ. ਬੀ., ਈ. ਡੀ., ਏ. ਟੀ. ਐੈੱਸ. ਨੂੰ ਖਹਿਰਾ ਦੀ ਫੰਡਿੰਗ ਤੇ ਅੱਤਵਾਦੀਆਂ ਨਾਲ ਰਿਸ਼ਤੇ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਉਹ ਰਾਸ਼ਟਰਪਤੀ ਤੇ ਰਾਜਪਾਲ ਕੋਲ ਸ਼ਿਕਾਇਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਰਾਜਨੀਤੀ ਨਹੀਂ ਹੋਣੀ ਚਾਹੀਦੀ ਸਗੋਂ ਇਸ ਘਟਨਾ ਨੂੰ ਦੇਸ਼ ਦੇ ਹਿੱਤ ਦੀ ਨਜ਼ਰ ਨਾਲ ਦੇਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਈ. ਡੀ. ਨੂੰ ਵੀ ਕਈ ਵਾਰ ਸ਼ਿਕਾਇਤ ਕੀਤੀ ਗਈ ਹੈ ਪਰ ਰਾਜਨੀਤੀ ਕਾਰਨ ਉਨ੍ਹਾਂ ਦੀਆਂ ਗੱਲਾਂ ਨੂੰ ਗੰੰਭੀਰਤਾ ਨਾਲ ਨਹੀਂ ਲਿਆ ਗਿਆ।


Related News