ਸਿੱਧੂ ਤੋਂ ਬਾਅਦ ਹੁਣ ਓ. ਪੀ. ਸੋਨੀ ਵੀ ਐਕਸ਼ਨ ਦੇ ਮੂਡ ''ਚ

06/19/2018 6:47:06 PM

ਜਲੰਧਰ (ਜਤਿੰਦਰ)— ਪੰਜਾਬ ਕੈਬਨਿਟ ਮੰਤਰੀ ਓ. ਪੀ. ਸੋਨੀ ਨੇ ਅੱਜ ਜਲੰਧਰ 'ਚ ਉਦਯੋਗਪਤੀਆਂ ਨਾਲ ਮੁਲਾਕਾਤ ਕਰਦੇ ਹੋਏ ਕਿਹਾ ਕਿ 2 ਮਹੀਨਿਆਂ ਦੇ ਅਦਰ-ਅੰਦਰ ਸਾਰੀਆਂ ਉਦਯੋਗਿਕ ਇਕਾਈਆਂ ਟ੍ਰੀਟਮੈਂਟ ਪਲਾਂਟ ਲਗਾ ਲੈਣ। ਦੋ ਮਹੀਨਿਆਂ ਦੇ ਬਾਅਦ ਉਨ੍ਹਾਂ ਵੱਲੋਂ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਾਤਾਵਰਣ ਨਾਲ ਖਿਲਵਾੜ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਨਦੀ ਜਾਂ ਨਹਿਰਾਂ 'ਚ ਪਾਣੀ ਪਾਉਣ ਦੀ ਉਦੋਂ ਹੀ ਇਜਾਜ਼ਤ ਦਿੱਤੀ ਜਾਵੇਗੀ ਜਦੋਂ ਪਾਣੀ ਟ੍ਰੀਟ ਹੋ ਕੇ ਆਵੇਗਾ। ਨਹਿਰਾਂ ਸਮੇਤ ਨਦੀਆਂ 'ਚ ਬਿਨਾਂ ਟ੍ਰੀਟਮੈਂਟ ਦੇ ਫੈਕਟਰੀਆਂ ਦਾ ਪਾਣੀ ਪਾਇਆ ਗਿਆ ਤਾਂ ਵੱਡੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਬਿਆਸ ਦਰਿਆ 'ਚ ਸ਼ੂਗਰ ਮਿਲ ਦਾ ਸੀਰਾ ਜਾਣ ਦੇ ਕਾਰਨ ਲੱਖਾਂ ਮੱਛੀਆਂ ਮਰ ਗਈਆਂ ਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਸ਼ੂਗਰ ਮਿਲ ਸੀਲ ਕਰਨ ਦੇ ਬਾਅਦ ਮਿਲ 'ਤੇ 5 ਕਰੋੜ ਦਾ ਜ਼ੁਰਮਾਨਾ ਲੱਗਾ ਸੀ। 
ਰੋਜ਼ਾਨਾ 2 ਕਰੋੜ ਲੀਟਰ ਸੀਵਰੇਜ ਦਾ ਕੈਂਸਰ ਯੁਕਤ ਪਾਣੀ ਵਹਾਇਆ ਜਾ ਰਿਹਾ ਹੈ ਕਾਲਾ ਸੰਘਿਆਂ ਡ੍ਰੇਨ 'ਚ 
ਦੱਸਣਯੋਗ ਹੈ ਕਿ ਜਲੰਧਰ ਵਿੱਚੋਂ ਨਿਕਲਦੀ ਕਾਲਾ ਸੰਘਿਆਂ ਡ੍ਰੇਨ ਦੀ ਗੱਲ ਕਰੀਏ ਤਾਂ ਦਹਾਕਿਆਂ ਪਹਿਲਾਂ ਇਹ ਨਾਲਾ ਬਰਸਾਤੀ ਪਾਣੀ ਨੂੰ ਵੇਈਂ ਤੱਕ ਪਹੁੰਚਾਇਆ ਕਰਦਾ ਸੀ। ਹੌਲੀ-ਹੌਲੀ ਸ਼ਹਿਰ ਵੱਡਾ ਹੁੰਦਾ ਗਿਆ ਅਤੇ ਸ਼ਹਿਰ ਦਾ ਸਾਰਾ ਸੀਵਰ ਇਸ ਨਾਲੇ 'ਚ ਪਾਇਆ ਜਾਣ ਲੱਗਾ। ਭਾਵੇਂ ਸ਼ਹਿਰ 'ਚੋਂ ਨਿਕਲਦੇ ਸੀਵਰੇਜ ਨੂੰ ਟ੍ਰੀਟ ਕਰਨ ਦੇ ਲਈ ਜਲੰਧਰ 'ਚ ਫੋਲੜੀਵਾਲ, ਬਸਤੀ ਪੀਰਦਾਦ, ਜੈਤੋਵਾਲੀ ਅਤੇ ਬਮਿਆਂਵਾਲ 'ਚ ਟ੍ਰੀਟਮੈਂਟ ਪਲਾਂਟ ਲੱਗੇ ਹੋਏ ਹਨ ਪਰ ਵੱਧਦੀ ਗਿਣਤੀ ਮੱਦੇਨਜ਼ਰ ਇਹ ਪਲਾਂਟ ਨਾਕਾਫੀ ਸਿੱਧ ਹੋ ਰਹੇ ਹਨ। ਇਸ ਕਾਰਨ ਰੋਜ਼ਾਨਾ 2 ਕਰੋੜ ਲੀਟਰ ਤੋਂ ਵੱਧ ਸੀਵਰੇਜ ਦਾ ਗੰਦਾ ਪਾਣੀ ਬਗੈਰ ਟ੍ਰੀਟ ਕੀਤੇ ਕਾਲਾ ਸੰਘਿਆਂ ਡ੍ਰੇਨ 'ਚ ਪਾਇਆ ਜਾ ਰਿਹਾ ਹੈ ਅਤੇ ਇਹ ਕੰਮ ਪ੍ਰਾਈਵੇਟ ਰੂਪ ਨਾਲ ਲੋਕ ਜਾਂ ਇੰਡਸਟਰੀ ਵਾਲੇ ਨਹੀਂ ਕਰ ਰਹੇ ਸਗੋਂ ਜਲੰਧਰ ਨਗਰ-ਨਿਗਮ ਵਰਗੀ ਸਰਕਾਰੀ ਸੰਸਥਾ ਹੀ ਅਜਿਹਾ ਕੰਮ ਕਰਨ 'ਚ ਲੱਗੀ ਹੋਈ ਹੈ।
ਉੱਤਰੀ ਵਿਧਾਨ ਸਭਾ ਖੇਤਰ ਦਾ ਪਾਣੀ ਹੋ ਰਿਹੈ ਟ੍ਰੀਟ 
ਫੋਲੜੀਵਾਲ ਟ੍ਰੀਟਮੈਂਟ ਪਲਾਂਟ, ਜੈਤੋਵਾਲੀ ਅਤੇ ਬਮਿਆਂਵਾਲ ਪਲਾਂਟ ਜਲੰਧਰ ਛਾਉਣੀ ਅਤੇ ਸੈਂਟਰਲ ਵਿਧਾਨ ਸਭਾ ਖੇਤਰਾਂ 'ਚ ਆਉਂਦੇ ਹਨ ਜਦਕਿ ਬਸਤੀ ਪੀਰਦਾਦ ਸਥਿਤ ਸੀਵਰੇਜ ਟ੍ਰੀਟਮੈਂਟ ਪਲਾਂਟ ਜਲੰਧਰ ਵੈਸਟ ਖੇਤਰ 'ਚ ਆਉਂਦਾ ਹੈ। ਸ਼ਹਿਰ ਦੇ ਸਭ ਤੋਂ ਵੱਡੇ ਉੱਤਰੀ ਵਿਧਾਨ ਸਭਾ ਖੇਤਰ 'ਚ ਇਕ ਵੀ ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀਂ ਹੈ ਅਤੇ ਖੇਤਰ ਦਾ ਸਾਰਾ ਸੀਵਰ ਜੋ 20 ਐੱਮ. ਐੱਲ. ਡੀ. ਯਾਨੀ 2 ਕਰੋੜ ਲੀਟਰ ਰੋਜ਼ਾਨਾ ਬਣਦਾ ਹੈ, ਉਹ ਸਾਰਾ ਕਾਲਾ ਸੰਘਿਆਂ ਡ੍ਰੇਨ 'ਚ ਸੁੱਟਿਆ ਜਾ ਰਿਹਾ ਹੈ। ਇਸ ਦੇ ਲਈ ਗੁਰੂ ਅਮਰਦਾਸ ਕਾਲੋਨੀ ਨੇੜੇ, ਸ਼ਹੀਦ ਭਗਤ ਸਿੰਘ ਕਾਲੋਨੀ ਨੇੜੇ ਅਤੇ ਮਕਸੂਦਾਂ ਸਬਜ਼ੀ ਮੰਡੀ ਨੇੜੇ ਬਣੇ ਸੀਵਰੇਜ ਡਿਸਪੋਜ਼ਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਇਥੋਂ ਸੀਵਰੇਜ ਦਾ ਸਾਰਾ ਪਾਣੀ ਡ੍ਰੇਨ 'ਚ ਸੁੱਟ ਦਿੱਤਾ ਜਾਂਦਾ ਹੈ। ਇਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਉੱਤਰੀ ਵਿਧਾਨ ਸਭਾ ਖੇਤਰ 'ਚ ਫੋਕਲ ਪੁਆਇੰਟ, ਇੰਡਸਟ੍ਰੀਅਲ ਅਸਟੇਟ, ਅਸਟੇਟ ਐਕਸਟੈਨਸ਼ਨ, ਇੰਡਸਟ੍ਰੀਅਲ ਏਰੀਆ ਅਤੇ ਕਈ ਇੰਡਸਟ੍ਰੀਅਲ ਜ਼ੋਨ ਪੈਂਦੇ ਹਨ ਅਤੇ ਜ਼ਿਆਦਾਤਰ ਇੰਡਸਟਰੀ ਦਾ ਪਾਣੀ ਕਾਲਾ ਸੰਘਿਆਂ ਡ੍ਰੇਨ 'ਚ ਜਾ ਰਿਹਾ ਹੈ।


Related News