ਵਿਆਹੁਤਾ ਲੋਕਾਂ ਨੂੰ ਘੱਟ ਹੁੰਦੈ ਦਿਲ ਦੀ ਬੀਮਾਰੀ ਦਾ ਖਤਰਾ: ਅਧਿਐਨ

06/19/2018 4:24:59 PM

ਲੰਡਨ— ਇਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਵਿਆਹ ਨਾਲ ਲੋਕਾਂ ਨੂੰ ਦਿਲ ਦੀਆਂ ਬੀਮਾਰੀਆਂ ਅਤੇ ਸਟਰੋਕ ਤੋਂ ਬਚਣ ਵਿਚ ਮਦਦ ਮਿਲ ਸਕਦੀ ਹੈ। 'ਹਾਰਟ' ਨਾਂ ਦੀ ਪੱਤਰਿਕਾ ਵਿਚ ਇਹ ਅਧਿਐਨ ਪ੍ਰਕਾਸ਼ਿਤ ਹੋਇਆ ਹੈ। ਵਿਆਹੁਤਾ ਜ਼ਿੰਦਗੀ ਦੇ ਪ੍ਰਭਾਵ 'ਤੇ ਪਿਛਲੀਆਂ ਖੋਜਾਂ ਵਿਚ ਮਿਲੇ-ਜੁਲੇ ਨਤੀਜੇ ਸਾਹਮਣੇ ਆਏ ਸਨ। ਇਨ੍ਹਾਂ ਮੁੱਦਿਆਂ 'ਤੇ ਸਪਸ਼ਟਤਾ ਲਿਆਉਣ ਲਈ ਵਿਗਿਆਨਕਾਂ ਨੇ ਸਬੰਧਤ ਪ੍ਰਕਾਸ਼ਿਤ ਅਧਿਐਨਾਂ ਲਈ ਖੋਜ ਡੇਟਾਬੇਸ ਨੂੰ ਖੰਗਾਲਿਆ। ਕਰੀਬ 80 ਫੀਸਦੀ ਦਿਲ ਦੀਆਂ ਬੀਮਾਰੀਆਂ ਦੇ ਪਿੱਛੇ ਉਮਰ, ਲਿੰਗ, ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੇਸਟਰੋਲ, ਸਿਗਰਟਨੋਸ਼ੀ ਅਤੇ ਸ਼ੂਗਰ ਵਰਗੇ ਕਾਰਕ ਜ਼ਿੰਮੇਦਾਰ ਹੁੰਦੇ ਹਨ ਪਰ ਇਹ ਸਾਫ ਨਹੀਂ ਹੈ ਕਿ ਬਾਕੀ 20 ਫੀਸਦੀ ਮਾਮਲੇ ਕਿਉਂ ਸਾਹਮਣੇ ਆਉਂਦੇ ਹਨ।
ਬ੍ਰਿਟੇਨ ਦੀ ਕੀਲੇ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਪਿਛਲੀ ਖੋਜ ਦਾ ਵੀ ਸਹਾਰਾ ਲਿਆ, ਜਿਸ ਵਿਚ ਯੂਰਪ, ਸਕੈਂਡਿਨੇਵੀਆ, ਉੱਤਰੀ ਅਮਰੀਕਾ, ਪੱਛਮੀ ਏਸ਼ੀਆ ਅਤੇ ਏਸ਼ੀਆ ਦੇ 42 ਤੋਂ 77 ਸਾਲ ਦੀ ਉਮਰ ਦੇ ਕਰੀਬ 20 ਲੱਖ ਲੋਕ ਸ਼ਾਮਲ ਸਨ। ਅੰਕੜਿਆਂ ਨਾਲ ਖੁਲਾਸਾ ਹੋਇਆ ਕਿ ਜਿਨ੍ਹਾਂ ਨੇ ਜੀਵਨਸਾਥੀ ਨੂੰ ਹਮੇਸ਼ਾ ਲਈ ਗੁਆ ਦਿੱਤਾ ਸੀ, ਤਲਾਕਸ਼ੁਦਾ ਸਨ ਜਾਂ ਕਦੇ ਵਿਆਹ ਨਹੀਂ ਕੀਤਾ ਸੀ, ਉਨ੍ਹਾਂ ਵਿਚ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਜ਼ਿਆਦਾ ਸੀ। ਵਿਆਹੁਤਾ ਨਾ ਹੋਣ ਨਾਲ ਦਿਲ ਦਾ ਦੌਰਾ ਪੈਣ ਦਾ ਵੀ ਖਤਰਾ ਜ਼ਿਆਦਾ ਰਹਿੰਦਾ ਹੈ। ਇਸ ਖੋਜ ਵਿਚ ਸਿੱਟਾ ਨਿਕਲਿਆ ਕਿ ਵਿਆਹੁਤਾ ਲੋਕਾਂ ਵਿਚ ਦਿਲ ਦੀ ਬੀਮਾਰੀ ਦਾ ਖਤਰਾ ਘੱਟ ਰਹਿੰਦਾ ਹੈ।


Related News