ਪੰਜਾਬ ਦੇ ਕੈਦੀਆਂ ਨੂੰ ਪੜ੍ਹਾਉਣ ਲਈ ਮੁੱਖ ਮੰਤਰੀ ਅਤੇ ਜੇਲ ਮੰਤਰੀ ਨੂੰ ਭੇਜਿਆ ਸਾਖਰਤਾ ਪ੍ਰਾਜੈਕਟ

06/19/2018 4:24:24 PM

ਪਟਿਆਲਾ (ਲਖਵਿੰਦਰ)-ਲੇਖਕ ਅਤੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ ਨੇ ਪੰਜਾਬ ਭਰ ਦੀਆਂ ਜੇਲਾਂ ਵਿਚਲੇ ਅਨਪੜ੍ਹ ਕੈਦੀਆਂ ਨੂੰ ਪੜ੍ਹਾਉਣ ਲਈ 'ਭਾਸ਼ਾ ਗਿਆਨ ਰਾਹੀਂ ਆਤਮ-ਸਨਮਾਨ' ਪ੍ਰਾਜੈਕਟ ਬਣਾ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਭੇਜਿਆ ਹੈ। ਪਟਿਆਲੇ ਸ਼ਹਿਰ ਦੇ ਐੈੱਸ. ਡੀ. ਐੈੱਸ. ਈ. ਸੀਨੀਅਰ ਸੈਕੰਡਰੀ ਸਕੂਲ ਵਿਚ ਬਤੌਰ ਐੈੱਸ. ਐੈੱਸ. ਮਾਸਟਰ ਆਪਣੀਆਂ ਸੇਵਾਵਾਂ ਦੇ ਰਹੇ ਅਨਿਲ ਭਾਰਤੀ ਨੇ ਇਕ 'ਤ੍ਰੈਭਾਸ਼ਾ ਤੁਲਨਾਤਮਕ ਗਿਆਨ ਵਿਕਾਸ ਪੱਧਤੀ' ਦੀ ਖੋਜ ਕੀਤੀ ਹੈ। ਇਸ ਰਾਹੀਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਮੁਢਲਾ ਗਿਆਨ (ਕਿਸੇ ਵੀ ਨਿਰੱਖਰ ਨੂੰ ਸਾਖਰ ਬਣਾਉਣ ਲਈ) ਬਹੁਤ ਆਸਾਨੀ ਨਾਲ ਪ੍ਰਦਾਨ ਕੀਤਾ ਜਾ ਸਕਦਾ ਹੈ। ਪੰਜਾਬ ਦੀਆਂ ਜੇਲਾਂ ਵਿਚ ਹਜ਼ਾਰਾਂ ਹੀ ਕੈਦੀ ਅਜਿਹੇ ਹਨ, ਜਿਨ੍ਹਾਂ ਨੂੰ ਬਿਲਕੁਲ ਪੜ੍ਹਨਾ ਜਾਂ ਲਿਖਣਾ ਨਹੀਂ ਆਉਂਦਾ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ਕੈਦੀ ਅਜਿਹੇ ਹਨ, ਜਿਨ੍ਹਾਂ ਨੂੰ ਹਿੰਦੀ, ਪੰਜਾਬੀ ਅਤੇ ਅੰਗਰੇਜ਼ੀ ਵਿਚੋਂ ਕੋਈ ਇਕ ਜਾਂ ਦੋ ਭਾਸ਼ਾਵਾਂ ਆਉਂਦੀਆਂ ਹਨ। 
ਇਸ ਪ੍ਰਾਜੈਕਟ ਬਾਰੇ ਦਸਦਿਆਂ ਲੇਖਕ ਅਨਿਲ ਕੁਮਾਰ ਭਾਰਤੀ ਨੇ ਇਹ ਵੀ ਕਿਹਾ ਕਿ ਜੇਲਾਂ ਵਿਚ ਸਜ਼ਾਵਾਂ ਕੱਟ ਰਹੇ ਕੈਦੀਆਂ ਕੋਲ ਸਮਾਂ ਤਾਂ ਬਹੁਤ ਹੁੰਦਾ ਹੈ ਪਰ ਇਨ੍ਹਾਂ ਕੋਲ ਸਾਧਨ ਨਹੀਂ ਹੁੰਦੇ। ਜੇਕਰ ਇਹ ਲੋਕੀਂ ਪੜ੍ਹਨਾ ਚਾਹੁਣ ਵੀ, ਤਾਂ ਵੀ ਪੜ੍ਹਨਾ-ਲਿਖਣਾ ਸਿੱਖ ਨਹੀਂ ਸਕਦੇ। ਜੇਕਰ 'ਭਾਸ਼ਾ ਗਿਆਨ ਰਾਹੀਂ ਆਤਮ-ਸਨਮਾਨ' ਪ੍ਰਾਜੈਕਟ ਪੰਜਾਬ ਵਿਚ ਲਾਗੂ ਕਰ ਦਿੱਤਾ ਜਾਵੇ ਤਾਂ ਫਿਰ ਸਾਰੀਆਂ ਜੇਲਾਂ ਦੇ ਨਿਰੱਖਰ ਕੈਦੀਆਂ ਨੂੰ ਉਪਰੋਕਤ ਤਿੰਨੇ ਭਾਸ਼ਾਵਾਂ (ਬਿਨਾਂ ਕੋਈ ਫਾਲਤੂ ਖਰਚ ਕੀਤੇ) ਬਹੁਤ ਆਸਾਨੀ ਨਾਲ ਸਿਖਾਈਆਂ ਜਾ ਸਕਦੀਆਂ ਹਨ। ਇਸ ਪ੍ਰਾਜੈਕਟ ਅਨੁਸਾਰ ਸਭ ਤੋਂ ਪਹਿਲਾਂ ਤਾਂ ਜੇਲ ਵਿਚ ਰਹਿ ਰਹੇ ਕੈਦੀਆਂ ਵਿਚੋਂ ਉਨ੍ਹਾਂ ਕੈਦੀਆਂ ਦੀ ਇਕ ਲਿਸਟ ਤਿਆਰ ਕੀਤੀ ਜਾਵੇਗੀ, ਜੋ ਬਿਲਕੁਲ ਪੜ੍ਹਨਾ-ਲਿਖਣਾ ਨਹੀਂ ਜਾਣਦੇ ਪਰ ਸਿੱਖਣਾ ਚਾਹੁੰਦੇ ਹਨ। 
ਇਸ ਤੋਂ ਬਾਅਦ ਜੇਲ ਵਿਚ ਰਹਿ ਰਹੇ ਪੜ੍ਹੇ-ਲਿਖੇ ਕੈਦੀਆਂ ਵਿਚੋਂ ਉਨ੍ਹਾਂ ਕੈਦੀਆਂ ਦੇ ਨਾਂ ਲਿਖ ਲਏ ਜਾਣ ਜੋ ਸਵੈ-ਇੱਛਾ ਨਾਲ ਅਨਪੜ੍ਹ ਕੈਦੀਆਂ ਨੂੰ ਪੜ੍ਹਨਾ-ਲਿਖਣਾ ਸਿਖਾਉਣ ਲਈ ਆਪਣੀਆਂ ਸੇਵਾਵਾਂ ਦੇਣ ਲਈ ਤਿਆਰ ਹੋ ਜਾਣ। ਪੜ੍ਹਾਉਣ ਲਈ ਜ਼ਿੰਮੇਵਾਰੀ ਚੁੱਕਣ ਅਤੇ ਨਿਭਾਉਣ ਵਾਲੇ ਵਾਲੰਟੀਅਰ ਕੈਦੀਆਂ ਨੂੰ ਇਸ ਸੇਵਾ ਦੇ (6 ਮਹੀਨਿਆਂ) ਤੋਂ ਬਾਅਦ ਚੰਗੇ ਕੰਮ ਕਰਨ ਬਾਰੇ ਜੇਲ ਪ੍ਰਸ਼ਾਸਨ ਵੱਲੋਂ ਉਤਸ਼ਾਹਤ ਵੀ ਕੀਤਾ ਜਾਵੇ। ਇਸ ਪੁੰਨ-ਕਾਰਜ ਨੂੰ ਉਨ੍ਹਾਂ ਦੀ ਚਾਲ-ਚੱਲਣ ਸਬੰਧੀ ਰਿਪੋਰਟ ਵਿਚ ਸ਼ਾਮਿਲ ਕਰਨ ਦੀ ਸਿਫਾਰਸ਼ ਵੀ ਇਸ ਪ੍ਰਾਜੈਕਟ ਵਿਚ ਕੀਤੀ ਗਈ ਹੈ। ਜੇਲ ਵਿਚ ਹੀ ਵਾਲੰਟੀਅਰਾਂ ਨੂੰ ਸੇਵਾ ਦਾ ਪ੍ਰਮਾਣ-ਪੱਤਰ ਦੇ ਕੇ ਜੇਲ ਪ੍ਰਸ਼ਾਸਨ ਵੱਲੋਂ ਸਨਮਾਨਤ ਵੀ ਕੀਤਾ ਜਾ ਸਕਦਾ ਹੈ। 20 ਕੈਦੀਆਂ ਨੂੰ ਪੜ੍ਹਾਉਣ ਲਈ ਇਕ ਵਾਲੰਟੀਅਰ ਕੈਦੀ ਤੈਅ ਕੀਤਾ ਜਾਣਾ ਚਾਹੀਦਾ ਹੈ। 
ਜ਼ਿਕਰਯੋਗ ਹੈ ਕਿ ਇਸ ਕੰਮ ਲਈ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧੀ ਪ੍ਰਾਪਤ ਲੇਖਕ ਅਨਿਲ ਕੁਮਾਰ ਭਾਰਤੀ ਦੀ ਖੋਜ 'ਤ੍ਰੈਭਾਸ਼ਾ ਤੁਲਨਾਤਮਕ ਗਿਆਨ ਵਿਕਾਸ ਪੱਧਤੀ' 'ਤੇ ਆਧਾਰਿਤ ਕਿਤਾਬ 'ਥ੍ਰੀ ਇਨ ਵਨ ਮੈਜਿਕ' ਦੀ ਵਰਤੋਂ ਵੀ ਬਹੁਤ ਲਾਭਦਾਇਕ ਰਹਿ ਸਕਦੀ ਹੈ। ਇਸ ਕਿਤਾਬ ਦੀ ਮਦਦ ਨਾਲ ਇਹ ਪੜ੍ਹਨ ਅਤੇ ਪੜ੍ਹਾਉਣ ਦਾ ਕੰਮ ਬਹੁਤ ਹੀ ਆਸਾਨੀ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ।


Related News