ਟਰੰਪ ਦੀ ਇਸ ਨੀਤੀ ਕਾਰਨ ਰੋਂਦੇ ਬੱਚੇ ਦੀ ਆਡੀਓ ਨੇ ਝੰਜੋੜਿਆ ਸਭ ਦਾ ਦਿਲ

06/19/2018 3:49:10 PM

ਬ੍ਰਾਉਂਸਵਿਲੇ— ਪ੍ਰਵਾਸੀਆਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਵੱਖ ਕਰਨ ਦੀ ਨੀਤੀ 'ਤੇ ਡੋਨਾਲਡ ਟਰੰਪ ਪ੍ਰਸ਼ਾਸਨ ਦੀ ਆਲੋਚਨਾਵਾਂ ਦਰਮਿਆਨ ਮਾਪਿਆਂ ਤੋਂ ਦੂਰ ਹਿਰਾਸਤ ਕੇਂਦਰ ਵਿਚ ਬੰਦ ਇਕ ਛੋਟੇ ਬੱਚੇ ਦੇ ਰੋਣ ਦਾ ਆਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਇਸ ਮੁੱਦੇ 'ਤੇ ਵਿਵਾਦ ਹੋਰ ਡੂੰਘਾ ਕਰ ਦਿੱਤਾ ਹੈ। ਆਡੀਓ ਵਿਚ ਸੁਣਿਆ ਜਾ ਸਕਦਾ ਹੈ ਕਿ ਇਕ ਬੱਚਾ ਸਪੈਨਿਸ਼ ਭਾਸ਼ਾ 'ਚ 'ਪਾਪਾ, ਪਾਪਾ'' ਚੀਕ ਰਿਹਾ ਹੈ। ਇਹ ਆਡੀਓ ਸਭ ਤੋਂ ਪਹਿਲਾਂ ਗੈਰ-ਲਾਭਕਾਰੀ ਸੰਗਠਨ ਪ੍ਰੋ-ਪਬਲਿਕਾ ਕੋਲ ਆਇਆ ਸੀ। ਉਨ੍ਹਾਂ ਨੇ ਇਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਰਿਕਾਰਡਿੰਗ ਕਿੱਥੋਂ ਦੀ ਹੈ। ਅੰਦਰੂਨੀ ਸੁਰੱਖਿਆ ਸਕੱਤਰ ਦਾ ਕਹਿਣਾ ਹੈ ਕਿ ਸਰਕਾਰ ਹਿਰਾਸਤ ਵਿਚ ਲਏ ਗਏ ਬੱਚਿਆਂ ਨਾਲ ਅਣਮਨੁੱਖੀ ਵਤੀਰਾ ਕਰ ਰਹੀ ਹੈ।
ਬੱਚੇ ਦਾ ਇਹ ਰੋਂਦਾ ਹੋਇਆ ਆਡੀਓ ਕਲਿੱਪ ਅਜਿਹੇ ਸਮੇਂ ਸਾਹਮਣੇ ਆਇਆ ਹੈ, ਜਦੋਂ ਨੇਤਾ ਅਤੇ ਵਕੀਲ ਵੱਡੀ ਗਿਣਤੀ ਵਿਚ ਅਮਰੀਕਾ-ਮੈਕਸੀਕੋ ਸਰਹੱਦ 'ਤੇ ਸਥਿਤ ਅਮਰੀਕੀ ਹਿਰਾਸਤ ਕੇਂਦਰਾਂ ਦਾ ਦੌਰਾ ਕਰ ਕੇ ਡੋਨਾਲਡ ਟਰੰਪ 'ਤੇ ਦਬਾਅ ਬਣਾ ਰਹੇ ਹਨ। ਟਰੰਪ ਪ੍ਰਸ਼ਾਸਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਆਲੋਚਨਾਵਾਂ ਦਾ ਦਾਇਰਾ ਵੱਡਾ ਹੋ ਗਿਆ ਹੈ। ਮੋਰਮਨ ਚਰਚ ਦਾ ਕਹਿਣਾ ਹੈ ਕਿ ਸਰਹੱਦ 'ਤੇ ਪਰਿਵਾਰਾਂ ਦੇ ਵਿਛੜਨ ਨਾਲ ਉਹ ਬਹੁਤ ਦੁਖੀ ਹਨ। ਉਸ ਨੇ ਰਾਸ਼ਟਰੀ ਨੇਤਾਵਾਂ ਨੂੰ ਇਸ ਸਮੱਸਿਆ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ। ਸਰਹੱਦ 'ਤੇ ਕਰੀਬ 80 ਲੋਕਾਂ ਨੇ ਇਮੀਗ੍ਰੇਸ਼ਨ ਸੰਬੰਧੀ ਦੋਸ਼ਾਂ 'ਤੇ ਆਪਣੀ ਗਲਤੀ ਮੰਨੀ। ਉਨ੍ਹਾਂ 'ਚੋਂ ਕੁਝ ਨੇ  ''ਮੇਰੀ ਧੀ ਅਤੇ ਮੇਰੇ ਪੁੱਤ ਦਾ ਕੀ ਹੋਵੇਗਾ?'' ਵਰਗੇ ਸਵਾਲ ਕੀਤੇ। ਜ਼ਿਕਰਯੋਗ ਹੈ ਕਿ ਅਮਰੀਕੀ ਸਰਹੱਦ 'ਤੇ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ। ਬੱਚਿਆਂ ਨੂੰ ਮਾਤਾ-ਪਿਤਾ ਨਾਲ ਜੇਲ ਵਿਚ ਨਹੀਂ ਭੇਜਿਆ ਜਾ ਸਕਦਾ, ਇਸ ਲਈ ਉਨ੍ਹਾਂ ਨੂੰ ਵੱਖ ਕਰ ਦਿੱਤਾ ਜਾਂਦਾ ਹੈ ਅਤੇ ਹਿਰਾਸਤ ਕੇਂਦਰ 'ਚ ਉਹ ਰਹਿਣ ਲਈ ਮਜ਼ਬੂਰ ਹਨ।


Related News