ਯੂ. ਐੱਨ. ਦੇ ਜਨਰਲ ਸਕੱਤਰ ਨੇ ਕਿਹਾ- 'ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਨਹੀਂ ਕਰਨਾ ਚਾਹੀਦਾ'

06/19/2018 5:59:49 PM

ਸੰਯੁਕਤ ਰਾਸ਼ਟਰ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਮੀਗ੍ਰੇਸ਼ਨ ਨੀਤੀ ਦੀ ਵਧਦੀ ਆਲੋਚਨਾ ਦਰਮਿਆਨ ਸੰਯੁਕਤ ਰਾਸ਼ਟਰ (ਯੂ. ਐੱਨ.) ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਨੇ ਕਿਹਾ ਕਿ ਮਾਪਿਆਂ ਤੋਂ ਬੱਚਿਆਂ ਨੂੰ ਵੱਖ ਨਹੀਂ ਕਰਨਾ ਚਾਹੀਦਾ। ਟਰੰਪ ਦੀ ਇਸ ਨੀਤੀ ਕਾਰਨ ਸੈਂਕੜੇ ਪ੍ਰਵਾਸੀ ਪਰਿਵਾਰਾਂ ਦੇ ਬੱਚੇ ਆਪਣੇ ਮਾਤਾ-ਪਿਤਾ ਤੋਂ ਵੱਖ ਹੋ ਗਏ ਹਨ। ਟਰੰਪ ਦੀ ਕੁਝ ਵੀ ਬਰਦਾਸ਼ਤ ਨਾ ਕਰਨ ਦੀਆਂ ਨੀਤੀਆਂ ਵਿਚ ਵਿਵਸਥਾ ਹੈ ਕਿ ਗੈਰ-ਕਾਨੂੰਨੀ ਰੂਪ ਨਾਲ ਸਰੱਹਦ ਪਾਰ ਕਰਨ ਵਾਲੇ ਲੋਕਾਂ 'ਤੇ ਮੁਕੱਦਮਾ ਚਲਾਇਆ ਜਾਵੇਗਾ। ਮਈ ਮਹੀਨੇ ਦੀ ਸ਼ੁਰੂਆਤ ਤੋਂ ਬੱਚਿਆਂ ਦੇ ਮਾਤਾ-ਪਿਤਾ ਦੇ ਵੱਖ ਹੋਣ ਦੀ ਗਿਣਤੀ 'ਚ ਵਾਧਾ ਹੋਇਆ ਹੈ। ਉਸ ਸਮੇਂ ਅਟਾਰਨੀ ਜਨਰਲ ਜੈਫ ਸੈਸ਼ੰਸ ਨੇ ਐਲਾਨ ਕੀਤਾ ਸੀ ਕਿ ਮੈਕਸੀਕੋ ਨਾਲ ਲੱਗਦੀ ਅਮਰੀਕੀ ਸਰਹੱਦ ਨੂੰ ਗੈਰ-ਕਾਨੂੰਨੀ ਰੂਪ ਨਾਲ ਪਾਰ ਕਰਨ ਵਾਲੇ ਸਾਰੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਭਾਵੇਂ ਹੀ ਉਹ ਸ਼ਰਨ ਕਿਉਂ ਨਾ ਮੰਗ ਰਹੇ ਹੋਣ। ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਨਾਲ ਜੇਲਾਂ 'ਚ ਨਹੀਂ ਲਿਜਾਇਆ ਜਾ ਸਕਦਾ, ਇਸ ਲਈ ਉਨ੍ਹਾਂ ਨੂੰ ਵੱਖ ਕਰ ਦਿੱਤਾ ਜਾ ਰਿਹਾ ਹੈ।
ਗੁਤਾਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਇਕ ਬਿਆਨ ਵਿਚ ਕਿਹਾ, ''ਜਨਰਲ ਸਕੱਤਰ ਦਾ ਮੰਨਣਾ ਹੈ ਕਿ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਨਾਲ ਆਦਰ ਅਤੇ ਮੌਜੂਦਾ ਕੌਮਾਂਤਰੀ ਕਾਨੂੰਨਾਂ ਮੁਤਾਬਕ ਵਤੀਰਾ ਕਰਨਾ ਚਾਹੀਦਾ ਹੈ। ਬਿਆਨ ਮੁਤਾਬਕ, ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੱਖ ਕਰ ਕੇ ਉਨ੍ਹਾਂ ਨੂੰ ਤਸ਼ੱਦਦ ਦੇਣਾ ਸਹੀ ਨਹੀਂ ਹੈ। ਪਰਿਵਾਰ ਦੀ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ। ਜਨਰਲ ਸਕੱਤਰ ਨੇ ਪ੍ਰਵਾਸੀ ਅਤੇ ਸ਼ਰਨਾਰਥੀ ਬੱਚਿਆਂ ਦੇ ਅਧਿਕਾਰਾਂ ਦਾ ਬਚਾਅ ਕੀਤਾ ਪਰ ਅਮਰੀਕਾ ਦਾ ਜ਼ਿਕਰ ਨਹੀਂ ਕੀਤਾ। ਦੱਸਣਯੋਗ ਹੈ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰੀ ਮੁਖੀ ਜੈਦ ਰਾਦ ਅਲ ਹੁਸੈਨ ਨੇ ਵੀ ਟਰੰਪ ਦੀ ਸਰਹੱਦ ਸੁਰੱਖਿਆ ਨੀਤੀਆਂ 'ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਹੈ। 


Related News