ਅਮਰਨਾਥ ਯਾਤਰਾ ਦੇ ਡਿਊਟੀ ਮੁਲਾਜ਼ਮਾਂ ਨੂੰ ਨਹੀਂ ਮਿਲਿਆ ਭੱਤਾ, ਪਰ ਮੁੜ ਮਿਲੇ ਡਿਊਟੀ ਨਿਰਦੇਸ਼

06/19/2018 3:40:35 PM

ਗੁਰਦਾਸਪੁਰ (ਵਿਨੋਦ) : ਸ੍ਰੀ ਅਮਰਨਾਥ ਦੀ ਯਾਤਰਾ ਨੂੰ ਸਫਲ ਬਣਾਉਣ ਦੇ ਲਈ ਅਤੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਸਿਹਤ ਸਹੂਲਤਾਂ ਆਦਿ ਦੇਣ ਦੇ ਲਈ ਪੰਜਾਬ ਤੋਂ ਲਗਭਗ 400 ਕਰਮਚਾਰੀਆਂ ਨੂੰ ਬੀਤੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਡਿਊਟੀ ਤੇ ਤਾਇਨਾਤ ਕੀਤਾ ਜਾਵੇਗਾ, ਕਿਉਂਕਿ ਬੀਤੇ ਸਾਲ ਵੀ ਲਗਭਗ 400 ਕਰਮਚਾਰੀਆਂ ਨੂੰ ਸ੍ਰੀ ਅਮਰਨਾਥ ਦੀ ਯਾਤਰਾਂ 'ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਸੇਵਾ ਦੇ ਲਈ ਭੇਜਿਆ ਗਿਆ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਨੇ ਜੋ ਕਰਮਚਾਰੀਆਂ ਨੂੰ ਵਾਧੂ ਭੱਤਾ ਦੇਣ ਦਾ ਵਾਅਦਾ ਕੀਤਾ ਸੀ ਉਹ ਪੰਜਾਬ ਦੇ ਕਰਮਚਾਰੀਆਂ ਨੂੰ ਅੱਜ ਤੱਕ ਨਹੀਂ ਮਿਲਿਆ। 
ਜਾਣਕਾਰੀ ਮੁਤਾਬਕ ਬੀਤੇ ਸਾਲ ਵੀ ਪੰਜਾਬ ਸਮੇਤ ਹੋਰ ਸੂਬਿਆਂ ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਤੇ ਰਾਜਸਥਾਨ ਤੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸ੍ਰੀ ਅਮਰਨਾਥ ਯਾਤਰਾਂ 'ਚ ਲੋਕਾਂ ਨੂੰ ਮੈਡੀਕਲ ਸਹੂਲਤ ਮੁਹੱਈਆ ਕਰਵਾਉਣ ਦੇ ਲਈ ਭੇਜਿਆ ਗਿਆ ਸੀ। ਹਰ ਕਰਮਚਾਰੀ ਨੇ ਉਥੇ 15 ਦਿਨ ਡਿਊਟੀ ਦੇਣੀ ਸੀ। ਇਸ ਡਿਊਟੀ ਦੇ ਬਦਲੇ 'ਚ ਪੰਜਾਬ ਦੇ ਕਰਮਚਾਰੀਆਂ ਨੂੰ ਛੱਡ ਹੋਰ ਸੂਬਿਆਂ ਦੇ ਕਰਮਚਾਰੀਆਂ ਨੂੰ 15 ਤੋਂ 25 ਹਜ਼ਾਰ ਰੁਪਏ ਤੱਕ ਦਾ ਵਾਧੂ ਭੱਤਾ ਦਿੱਤਾ ਗਿਆ ਸੀ। ਪੰਜਾਬ ਦੇ ਕਰਮਚਾਰੀਆਂ ਨਾਲ ਵੀ ਵਿਸ਼ੇਸ਼ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਅੱਜ ਤੱਕ ਇਕ ਪੈਸਾ ਵੀ ਇਨ੍ਹਾਂ ਕਰਮਚਾਰੀਆਂ ਨੂੰ ਨਹੀਂ ਦਿੱਤਾ ਗਿਆ। 
ਕੀ ਕਹਿੰਦੇ ਹਨ ਇਹ ਕਰਮਚਾਰੀ ਬੀਤੇ ਸਾਲ ਸ੍ਰੀ ਅਮਰਨਾਥ ਯਾਤਰਾ ਦੌਰਾਨ ਪੰਜਾਬ ਦੇ ਜਿੰਨਾਂ ਕਰਮਚਾਰੀਆਂ ਨੇ ਡਿਊਟੀ ਨਿਭਾਈ ਸੀ ਨੇ ਆਪਣਾ ਨਾਂ ਗੁਪਤ ਰੱਖਣ ਦੇ ਭਰੋਸੇ 'ਤੇ ਦੱਸਿਆ ਕਿ ਬੀਤੇ ਸਾਲ ਜਦ ਡਿਊਟੀ ਜੰਮੂ ਕਸ਼ਮੀਰ ਰਾਜ 'ਚ ਸ੍ਰੀ ਅਮਰਨਾਥ ਯਾਤਰਾ ਸੰਬੰਧੀ ਲਗਾਈ ਗਈ ਸੀ ਤਾਂ ਸਾਨੂੰ ਕਿਹਾ ਗਿਆ ਸੀ ਕਿ 15 ਦਿਨ ਡਿਊਟੀ ਦੇਣ ਤੇ 15 ਹਜ਼ਾਰ ਰੁਪਏ ਵਾਧੂ ਭੱਤਾ ਸਮੇਤ ਆਉਣ ਜਾਣ ਦਾ ਸਾਰਾ ਖਰਚ ਤੇ ਖਾਣ ਪੀਣ ਤੇ ਰਹਿਣ ਦਾ ਸਾਰਾ ਪ੍ਰਬੰਧ ਹੋ ਜਾਵੇਗਾ। ਪਰ ਅੱਜ ਤੱਕ ਇਕ ਪੈਸਾ ਵੀ ਨਹੀਂ ਦਿੱਤਾ ਗਿਆ ਹੈ। ਹੁਣ ਫਿਰ ਤੋਂ ਆਦੇਸ਼ ਮਿਲਣ 'ਤੇ ਕਰਮਚਾਰੀਆਂ 'ਚ ਰੋਸ ਪਾਇਆ ਜਾ ਰਿਹਾ ਹੈ ਅਤੇ ਕਰਮਚਾਰੀ ਸ੍ਰੀ ਅਮਰਨਾਥ ਯਾਤਰਾ ਤੇ ਡਿਊਟੀਆ ਕਟਵਾਉਣ ਦੇ ਲਈ ਸਰਗਰਮ ਹੋ ਗਏ ਹਨ।


Related News