ਗੋਆ ''ਚ ਬਸਤੀਵਾਦ ਸ਼ਾਸਨ ਵਿਰੁੱਧ ਸੰਘਰਸ਼ ਅਜੇ ਖਤਮ ਨਹੀਂ : ਪਾਰਿਕਰ

06/19/2018 3:33:24 PM

ਪਣਜੀ— ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰਿਕਰ ਨੇ ਅੱਜ ਕਿਹਾ ਕਿ ਸੂਬੇ 'ਚ ਬਸਤੀਵਾਦ ਸ਼ਾਸਨ ਵਿਰੁੱਧ ਲੜਾਈ ਅਜੇ ਵੀ ਖਤਮ ਨਹੀਂ ਹੋਈ। ਉਨ੍ਹਾਂ ਨੇ ਗੋਆ ਮੁਕਤੀ ਦਿਵਸ 'ਤੇ ਆਯੋਜਿਤ ਪ੍ਰੋਗਰਾਮ 'ਚ ਸ਼ਮੂਲੀਅਤ ਕੀਤੀ ਤੇ ਇਸ ਦੌਰਾਨ ਸੂਬੇ ਨੂੰ ਪਲਾਸਟਿਕ ਤੋਂ ਮੁਕਤ ਕਰਵਾਉਣ ਦੇ ਸਰਕਾਰ ਦੇ ਸੰਕਲਪ ਨੂੰ ਵੀ ਦੁਹਰਾਇਆ। ਮੁੱਖ ਮੰਤਰੀ ਨੇ ਆਜ਼ਾਦ ਮੈਦਾਨ 'ਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ''72 ਸਾਲ ਪਹਿਲਾਂ (1946) 'ਚ ਸ਼ੁਰੂ ਹੋਏ ਸੰਘਰਸ਼ ਨੇ 1961 'ਚ ਗੋਆ ਨੂੰ ਆਜ਼ਾਦੀ ਦਿਵਾਈ ਸੀ ਪਰ ਮੇਰਾ ਮੰਨਣਾ ਹੈ ਕਿ ਸੰਘਰਸ਼ ਅਜੇ ਬਾਕੀ ਹੈ।'' ਉਨ੍ਹਾਂ ਦੇ ਕਹਿਣ ਦਾ ਭਾਵ ਸੂਬੇ ਦੇ ਮਾਯੇਮ ਪਿੰਡ 'ਚ ਸ਼ਰਨਾਰਥੀ ਜਾਇਦਾਦਾਂ 'ਚ ਰਹਿਣ ਵਾਲੇ ਲੋਕਾਂ ਦੀਆਂ ਸਮੱਸਿਆਵਾਂ ਤੋਂ ਸੀ। ਉਨ੍ਹਾਂ ਕਿਹਾ ਕਿ ਮਾਯੇਮ ਦਾ ਮਸਲਾ (ਸ਼ਰਨਾਰਥੀ ਜਾਇਦਾਦ) ਵੀ ਇਸ ਸੰਘਰਸ਼ (ਬਸਤੀਵਾਦ ਸ਼ਾਸਨ)  ਦਾ ਹੀ ਹਿੱਸਾ ਹੈ ਤੇ ਇਸ ਨਾਲ ਜਲਦੀ ਨਜਿੱਠਣ ਲਈ ਨਿੱਜੀ ਤੌਰ 'ਤੇ ਕੰਮ ਕਰ ਰਿਹਾ ਹੈ। ਵਰਨਣਯੋਗ ਹੈ ਕਿ 30 ਹਜ਼ਾਰ ਦੀ ਆਬਾਦੀ ਵਾਲਾ ਮਾਯੇਮ ਪਿੰਡ ਸ਼ਰਨਾਰਥੀ ਜਾਇਦਾਦ ਐਲਾਨਿਆ ਹੈ ਜੋ ਕਿ ਪੁਰਤਗਾਲ ਨਾਗਰਿਕਾਂ ਦੀ ਹੈ। 1961 'ਚ ਗੋਆ ਦੀ ਆਜ਼ਾਦੀ ਮਗਰੋਂ ਉਹ ਪੁਰਤਗਾਲ 'ਚ ਵਸ ਗਏ ਸਨ। ਗੋਆ ਦੇ ਲੋਕ ਇਨ੍ਹਾਂ 'ਚ ਰਿਆਇਤ ਦੇ ਤੌਰ 'ਤੇ ਰਹਿੰਦੇ ਹਨ ਤੇ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ।


Related News