ਕੜਾਹੀਆਂ 'ਚ ਡਰੱਗਜ਼ ਲੁਕੋ ਕੇ ਵੇਚਣ ਵਾਲੇ ਗਿਰੋਹ ਦੇ 4 ਮੁਲਜ਼ਮ ਰਿਮਾਂਡ 'ਤੇ (ਵੀਡੀਓ)

06/19/2018 6:51:42 PM

 ਜਲੰਧਰ (ਵਰੁਣ, ਜਤਿੰਦਰ, ਭਾਰਦਵਾਜ)— ਲੰਗਰ ਤਿਆਰ ਕਰਨ ਲਈ ਕੈਨੇਡਾ 'ਚ ਭੇਜੀਆਂ ਜਾਣ ਵਾਲੀਆਂ ਕੜਾਹੀਆਂ 'ਚ ਡਰੱਗਜ਼ ਲੁਕੋ ਕੇ ਭੇਜਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਕਾਊਂਟਰ ਇੰਟੈਲੀਜੈਂਸ ਨੇ 4 ਦਿਨਾਂ ਦੇ ਰਿਮਾਂਡ 'ਤੇ ਲਿਆ ਹੈ। ਕਾਊਂਟਰ ਇੰਟੈਲੀਜੈਂਸ ਦੀ ਟੀਮ ਚਾਰਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਪੁਲਸ ਦੇ ਹੱਥ ਕੁਝ ਮੋਬਾਇਲ ਨੰਬਰ ਵੀ ਲੱਗੇ ਹਨ, ਜਿਨ੍ਹਾਂ ਦੀ ਉਹ ਜਾਂਚ ਕਰ ਰਹੀ ਹੈ। 
ਕਾਊਂਟਰ ਇੰਟੈਲੀਜੈਂਸ ਦੀ ਟੀਮ ਇਸ ਗਿਰੋਹ ਨਾਲ ਜੁੜੇ ਹੋਰ ਮੈਂਬਰਾਂ ਦੀ ਭਾਲ 'ਚ ਜੁਟੀ ਹੈ। ਪੁਲਸ ਦੇ ਹੱਥ ਜੋ ਮੋਬਾਇਲ ਨੰਬਰ ਲੱਗੇ ਹਨ ਦੱਸਿਆ ਜਾ ਰਿਹਾ ਹੈ ਕਿ ਉਹ ਵੀ ਗਿਰੋਹ ਦੇ ਮੈਂਬਰਾਂ ਦੇ ਹੀ ਨਿਕਲੇ ਹਨ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ। ਇਸ ਗਿਰੋਹ ਨਾਲ ਵੱਡੀ ਗਿਣਤੀ 'ਚ ਮੈਂਬਰ ਜੁੜੇ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। 4 ਦਿਨਾਂ ਦੀ ਪੁੱਛਗਿੱਛ ਵਿਚ ਕਾਊਂਟਰ ਇੰਟੈਲੀਜੈਂਸ ਵੱਡਾ ਖੁਲਾਸਾ ਕਰ ਸਕਦੀ ਹੈ। ਭਾਵੇਂ ਅਜੇ ਤੱਕ ਮੁਲਜ਼ਮ ਕੈਨੇਡਾ ਵਿਚ ਕੋਰੀਅਰ ਦੇ ਜ਼ਰੀਏ ਅਫੀਮ ਸਪਲਾਈ ਕਰਨ ਦੀ ਗੱਲ ਕਬੂਲ ਕਰ ਰਹੇ ਹਨ। ਗਿਰੋਹ ਦੇ ਕਿੰਗਪਿਨ ਕਮਲਜੀਤ ਸਿੰਘ (ਮੂਲ ਵਾਸੀ ਫਿਲੌਰ) ਹਾਲ ਵਾਸੀ ਟੋਰਾਂਟੋ (ਕੈਨੇਡਾ) ਨੂੰ ਵੀ ਕਾਊਂਟਰ ਇੰਟੈਲੀਜੈਂਸ ਦੀ ਟੀਮ ਕਿਸੇ ਤਰ੍ਹਾਂ ਭਾਰਤ ਲਿਆਉਣ ਦੀ ਤਿਆਰੀ ਵਿਚ ਹੈ। 
ਦੱਸਣਯੋਗ ਹੈ ਕਿ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਜੰਡੂਸਿੰਘਾ ਵਿਚ 2 ਲਗਜ਼ਰੀ ਕਾਰਾਂ ਵਿਚ ਸਵਾਰ ਦਵਿੰਦਰ ਨਿਰਵਾਲਾ, ਦੇਵ ਅਜੀਤ ਸਿੰਘ ਵਾਸੀ ਜੈਤੇਵਾਲੀ, ਤਿਰਲੋਕ ਸਿੰਘ, ਗੁਰਬਖਸ਼ ਸਿੰਘ ਵਾਸੀ ਕਾਠੇ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਸੀ। ਮੁਲਜ਼ਮ ਫਰਜ਼ੀ ਆਈ. ਡੀ. 'ਤੇ ਲੰਗਰ ਤਿਆਰ ਕਰਨ ਵਾਲੀਆਂ ਕੜਾਹੀਆਂ ਵਿਚ 4.75 ਕੈਟਾਮਾਈਨ ਅਤੇ 6 ਕਿਲੋ ਅਫੀਮ ਕੈਨੇਡਾ ਭੇਜਣ ਦੀ ਤਾਕ ਵਿਚ ਸਨ।  ਮੁਲਜ਼ਮਾਂ ਨੇ ਮੱਧ ਪ੍ਰਦੇਸ਼ ਤੋਂ ਅਫੀਮ ਅਤੇ ਯੂ. ਪੀ. ਤੋਂ ਕੈਟਾਮਾਈਨ ਖਰੀਦੀ ਸੀ।


Related News