ਸੈਂਟਰਲ ਜੇਲ ਦੇ ਮੇਨ ਗੇਟ ''ਤੇ ਬਣੀ ਚੈੱਕ ਪੋਸਟ ਗਾਇਬ

06/19/2018 3:21:39 PM

ਲੁਧਿਆਣਾ (ਸਿਆਲ) : ਲੁਧਿਆਣਾ ਸੈਂਟਰਲ ਜੇਲ ਬਣਨ ਤੋਂ ਬਾਅਦ ਤੋਂ ਮੇਨ ਗੇਟ 'ਤੇ ਸਥਾਪਤ ਚੈੱਕ ਪੋਸਟ ਗਾਇਬ ਹੋ ਗਈ ਹੈ। ਪਿਛਲੇ ਲੰਬੇ ਸਮੇਂ ਤੋਂ ਖਸਤਾਹਾਲ ਚੈੱਕ ਪੋਸਟ ਦੀ ਮੁਰੰਮਤ ਕਰਵਾਉਣ ਦੀ ਬਜਾਏ ਕਰੀਬ 20-25 ਦਿਨ ਪਹਿਲਾਂ ਇਸ ਨੂੰ ਇੱਥੋਂ ਹਟਵਾ ਦਿੱਤਾ ਗਿਆ ਹੈ। ਸੁਰੱਖਿਆ ਪੱਖੋਂ ਚੈੱਕ ਪੋਸਟ ਦਾ ਨਾ ਹੋਣਾ ਖਤਰੇ ਤੋਂ ਖਾਲੀ ਨਹੀਂ ਹੈ। ਦੱਸ ਦੇਈਏ ਕਿ 'ਜਗ ਬਾਣੀ' ਦੇ 12 ਮਾਰਚ 2018 ਨੂੰ ਪ੍ਰਕਾਸ਼ਿਤ ਅੰਕ 'ਚ 'ਸੁਧਾਰ ਨੂੰ ਤਰਸ ਰਹੀਂ ਜੇਲ ਦੇ ਮੇਨ ਗੇਟ 'ਤੇ ਬਣੀ ਚੈੱਕ ਪੋਸਟ' ਨਾਮੀ ਸਿਰਲੇਖ ਹੇਠ ਉਕਤ ਮੁੱਦਾ ਚੁੱਕਿਆ ਸੀ। ਉਸ ਸਮੇਂ ਚੈੱਕ ਪੋਸਟ ਦੀ ਹਾਲਤ ਕਾਫੀ ਜ਼ਰਜ਼ਰ ਸੀ, ਜਿੱਥੇ ਕੰਧਾਂ ਨੂੰ ਤਰੇੜਾਂ ਆਈਆਂ ਹੋਈਆਂ ਸਨ, ਉੱਥੇ ਕੋਈ ਵੱਡਾ ਵਾਹਨ ਨਾਲ ਲੱਗਦੀ ਰੋਡ ਤੋਂ ਗੁਜ਼ਰਨ 'ਤੇ ਹਿੱਲਦੀ ਸੀ। ਡਿਊਟੀ ਦੇਣ ਵਾਲੇ ਮੁਲਾਜ਼ਮ ਚੈੱਕ ਪੋਸਟ ਦੇ ਅੰਦਰ ਬੈਠਣ ਤੋਂ ਕਤਰਾਉਂਦੇ ਹੋਏ ਬਾਹਰ ਧੁੱਪ 'ਚ ਡਿਊਟੀ ਦਿੰਦੇ ਸਨ। ਇਸ ਸਬੰਧ 'ਚ ਜੇਲ ਦੇ ਤਤਕਾਲੀ ਡਿਪਟੀ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਗੱਲ ਕਰਨ 'ਤੇ ਦੱਸਿਆ ਸੀ ਕਿ ਜਲਦ ਹੀ ਚੈੱਕ ਪੋਸਟ ਨੂੰ ਠੀਕ ਕਰਵਾਇਆ ਜਾਵੇਗਾ। ਬਾਵਜੂਦ ਇਸ ਦੇ ਚੈੱਕ ਪੋਸਟ ਨੂੰ ਹੀ ਹਟਾ ਦਿੱਤਾ ਗਿਆ।
ਇਹ ਸੀ ਫਾਇਦਾ
ਦੱਸਦੇ ਜਾਈਏ ਕਿ ਜੇਲ 'ਚ ਕਿਸੇ ਵੀ ਤਰ੍ਹਾਂ ਦਾ ਹਥਿਆਰ ਲੈ ਕੇ ਜਾਣਾ ਪਾਬੰਦੀਸ਼ੁਦਾ ਹੈ, ਜਦੋਂ ਵੀ ਕਿਸੇ ਵੱਡੀ ਸ਼ਖਸੀਅਤ ਦੇ ਨਾਲ ਕੋਈ ਸਕਿਓਰਿਟੀ ਜਾਂ ਗੰਨਮੈਨ ਆਉਂਦਾ ਸੀ ਤਾਂ ਹਥਿਆਰ ਬੰਦੂਕ ਤੇ ਰਿਵਾਲਵਰ ਇੱਥੇ ਜਮ੍ਹਾ ਕਰਵਾ ਕੇ ਅੰਦਰ ਜਾਂਦਾ ਸੀ। ਸਭ ਤੋਂ ਵੱਡੀ ਗੱਲ ਜੇਲ 'ਚ ਆਉਣ ਵਾਲੇ ਹਰ ਵਿਅਕਤੀ ਦੀ ਚੈਕਿੰਗ ਤੋਂ ਬਾਅਦ ਚੈੱਕ ਪੋਸਟ 'ਚ ਤਾਇਨਾਤ ਮੁਲਾਜ਼ਮ ਪਹਿਲਾਂ ਜੇਲ ਡਿਓਢੀ 'ਚ ਸੂਚਿਤ ਕਰਦਾ ਸੀ, ਜਿਸ ਤੋਂ ਬਾਅਦ ਹੀ ਉਸ ਨੂੰ ਅੰਦਰ ਜਾਣ ਦਿੱਤਾ ਜਾਂਦਾ ਸੀ। ਚੈੱਕ ਪੋਸਟ 'ਚ ਇਕ ਗੁਪਤ ਬੈੱਲ ਲੱਗੀ ਹੋਈ ਸੀ, ਜਦੋਂ ਵੀ ਕੋਈ ਵੀ. ਆਈ. ਪੀ. ਆਉਂਦਾ ਤਾਂ ਮੁਲਾਜ਼ਮ ਉਸ ਨੂੰ ਵਜਾਉਂਦਾ, ਜਿਸ ਨਾਲ ਜੇਲ 'ਚ ਅਧਿਕਾਰੀਆਂ ਨੂੰ ਆਸਾਨੀ ਨਾਲ ਪਤਾ ਲੱਗ ਜਾਂਦਾ ਸੀ ਕਿ ਬਾਹਰ ਕੋਈ ਉੱਚ ਅਧਿਕਾਰੀ ਜੇਲ 'ਚ ਆਇਆ ਹੈ।
ਕੀ ਕਹਿੰਦੇ ਹਨ ਸੁਪਰਡੈਂਟ
ਜਦੋਂ ਇਸ ਬਾਬਤ ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਲਦ ਹੀ ਇੱਥੇ ਨਵੀਂ ਚੈੱਕ ਪੋਸਟ ਸਥਾਪਤ ਕੀਤੀ ਜਾਵੇਗੀ। ਪੁੱਛਣ 'ਤੇ ਉਨ੍ਹਾਂ ਦੱਸਿਆ ਕਿ ਬੰਦੀਆਂ ਨੂੰ ਲੈ ਕੇ ਆਈ ਗੱਡੀ ਦੀ ਬੈਕ ਲੱਗਣ ਨਾਲ ਚੈੱਕ ਪੋਸਟ ਟੇਢੀ ਹੋ ਗਈ ਸੀ ਤੇ ਕੰਧਾਂ 'ਚ ਤਰੇੜਾਂ ਆ ਰਹੀਆਂ ਸਨ। ਖਤਰਾ ਭਾਂਪ ਕੇ ਜੇਲ ਪ੍ਰਸ਼ਾਸਨ ਨੇ ਇਸ ਨੂੰ ਤੁੜਵਾ ਦਿੱਤਾ ਹੈ।


Related News