ਐਕਟਿਵਾ ਸਵਾਰ ਜੋੜੇ ਨੂੰ ਟਿੱਪਰ ਨੇ ਮਾਰੀ ਟੱਕਰ, ਪਤਨੀ ਦੀ ਮੌਤ

06/19/2018 3:04:16 PM

ਮਜੀਠਾ (ਪ੍ਰਿਥੀਪਾਲ ਹਰੀਆਂ) : ਪੁਰਾਣੇ ਬੱਸ ਅੱਡਾ ਮਜੀਠਾ ਮੇਨ ਰੋਡ ਇਕ ਟਿੱਪਰ ਵੱਲੋਂ ਐਕਟਿਵਾ ਸਵਾਰ ਔਰਤ ਨੂੰ ਦਰੜ ਦਿੱਤਾ। ਇਸ ਸਬੰਧੀ ਸ਼ਿਵਦੇਵ ਸਿੰਘ ਪੁੱਤਰ ਲੱਖਾ ਸਿੰਘ ਵਾਸੀ ਪਿੰਡ ਉਦੋਵਾਲੀ ਖੁਰਦ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਰਿੰਦਰ ਕੌਰ ਨਾਲ ਐਕਟਿਵਾ 'ਤੇ ਸਵਾਰ ਹੋ ਕੇ ਮਜੀਠਾ ਵਿਖੇ ਘਰੇਲੂ ਕੰਮ ਲਈ ਆਏ ਸਨ ਕਿ ਪੁਰਾਣੇ ਬੱਸ ਅੱਡੇ 'ਤੇ ਸੜਕ ਦੇ ਕਿਨਾਰੇ ਐਕਟਿਵਾ 'ਤੇ ਜਾ ਰਹੇ ਸਨ ਕਿ ਪਿੱਛੋਂ ਇਕ ਤੇਜ਼ ਰਫਤਾਰ ਟਿੱਪਰ ਆਰਜੀ ਨੰਬਰ ਪੀ. ਬੀ. 08 6735 ਨੇ ਐਕਟਿਵਾ ਨੂੰ ਪਿਛੋਂ ਟੱਕਰ ਮਾਰੀ ਜਿਸ ਨਾਲ ਉਸ ਦੀ ਪਤਨੀ ਨਰਿੰਦਰ ਕੌਰ ਪਿੱਛੇ ਬੈਠੀ ਸੀ ਉਹ ਦੋਵੇਂ ਸੜਕ 'ਤੇ ਡਿੱਗ ਪਏ ਅਤੇ ਟਿੱਪਰ ਉਸ ਦੀ ਪਤਨੀ ਦੇ ਉਪਰੋਂ ਲੰਘ ਗਿਆ। 
ਇਸ ਨਾਲ ਉਸ ਦੀ ਪਤਨੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਹ ਗੰਭੀਰ ਜ਼ਖਮੀ ਹੋ ਗਿਆ। ਹਾਦਸੇ ਤੋਂ ਬਾਅਦ ਟਿੱਪਰ ਦਾ ਡਰਾਈਵਰ ਟਿੱਪਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਦੀ ਇਤਲਾਹ ਮਿਲਣ 'ਤੇ ਥਾਣਾ ਮਜੀਠਾ ਤੋਂ ਸਬ ਇੰਸਪੈਕਟਰ ਮੇਹਰ ਸਿੰਘ ਸਮੇਤ ਪੁਲਸ ਪਾਰਟੀ ਪੁੱਜੇ ਜਿਨ੍ਹਾ ਨੇ ਲਾਸ਼ ਅਤੇ ਟਿੱਪਰ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ।


Related News