ਇਸ ਸਾਲ ਮੈਗੀ ਬ੍ਰਾਂਡ ਦੇ ਕਈ ਉਤਪਾਦ ਪੇਸ਼ ਕਰੇਗੀ ਨੈਸਲੇ

06/19/2018 2:42:19 PM

ਨਵੀਂ ਦਿੱਲੀ — ਮਲਟੀਨੈਸ਼ਨਲ ਕੰਪਨੀ ਨੈਸਲੇ ਇਸ ਸਾਲ ਮੈਗੀ ਦੇ ਕਈ ਉਤਪਾਦਾਂ ਨੂੰ ਭਾਰਤੀ ਬਾਜ਼ਾਰ ਵਿਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਨੈਸਲੇ ਨੇ ਪਹਿਲੀ ਵਾਰ 1983 'ਚ ਆਪਣੇ ਮੈਗੀ ਬ੍ਰਾਂਡ ਨੂੰ ਇਥੇ ਪੇਸ਼ ਕੀਤਾ ਸੀ। ਹੁਣ ਕੰਪਨੀ ਨੇ ਉੱਤਰ ਪ੍ਰਦੇਸ਼, ਉਤਰਾਖੰਡ, ਬਿਹਾਰ, ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਸੂਬਿਆਂ ਦੇ ਪੇਂਡੂ ਖੇਤਰਾਂ ਵਿਚ ਆਪਣੀ ਪਹੁੰਚ ਵਧਾਉਣ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਮੈਗੀ ਦਾ ਭਾਰਤ ਵਿਚ ਵਧੀਆ ਤਰੀਕੇ ਨਾਲ ਵਿਸਥਾਰ ਹੋ ਸਕੇ ਇਸ ਲਈ ਸਵਿਸ ਮਲਟੀਨੈਸ਼ਨਲ ਕੰਪਨੀ ਨੈਸਲੇ ਨੇ ਨਿਊਜ਼ੀਲੈਂਡ,ਆਸਟ੍ਰੇਲੀਆ,ਇੰਡੋਨੇਸ਼ੀਆ, ਪੱਛਮੀ ਮੱਧ ਅਫਰੀਕਾ ਆਦਿ ਦੇਸ਼ਾਂ 'ਚ ਕਰੀਬ 20 ਸਾਲ ਕੰਮ ਕਰ ਚੁੱਕੇ ਮਾਰਟਿਨ ਗੇਰੇਟਸ ਨੂੰ ਆਪਣੇ ਭਾਰਤੀ ਹੈੱਡਕੁਆਟਰ ਗੁਰੂਗਰਾਮ ਵਿਚ ਤਾਇਨਾਤ ਕੀਤਾ ਹੈ।
ਗੇਰੇਟਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਕੰਪਨੀ ਨੇ ਭਾਰਤੀ ਬਾਜ਼ਾਰ ਦਾ ਤਾਜ਼ਾ ਮੁਲਾਂਕਣ ਸ਼ੁਰੂ ਕਰ ਦਿੱਤਾ ਹੈ। ਇਥੇ ਸ਼ਹਿਰੀ ਉਪਭੋਗਤਾ ਨੂੰ ਕੁਝ ਵੱਖਰੇ ਉਤਪਾਦ ਚਾਹੀਦੇ ਹਨ ਅਤੇ ਪੇਂਡੂ ਇਲਾਕਾ ਕੁਝ ਵੱਖਰੀ ਮੰਗ ਰੱਖਦਾ ਹੈ। ਇਸੇ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਮਾਰਕੀਟਿੰਗ ਦੀ ਨੀਤੀ ਤਿਆਰ ਕਰ ਰਹੇ ਹਾਂ।
ਉਨ੍ਹਾਂ ਨੇ ਦੱਸਿਆ ਕਿ 'ਅਸੀਂ ਇਸ ਸਾਲ ਤਿਓਹਾਰ ਦਾ ਮੌਸਮ ਸ਼ੁਰੂ ਹੁੰਦੇ ਹੀ ਕੁਝ ਹੋਰ ਉਤਪਾਦਾਂ ਨੂੰ ਭਾਰਤੀ ਬਾਜ਼ਾਰ ਵਿਚ ਉਤਾਰਨ ਦੀ ਤਿਆਰੀ ਕਰ ਰਹੇ ਹਾਂ। ਇਸ ਤੋਂ ਬਾਅਦ ਦਸੰਬਰ ਵਿਚ ਕੁਝ ਹੋਰ ਉਤਪਾਦ ਉਤਾਰੇ ਜਾਣਗੇ। ਕੰਪਨੀ ਪੇਂਡੂ ਖੇਤਰਾਂ ਵਿਚ ਪਹੁੰਚ ਬਣਾਉਣ ਲਈ ਨਵੇਂ ਡੀਲਰ ਵੀ ਨਿਯੁਕਤ ਕਰੇਗੀ।
ਉਨ੍ਹਾਂ ਨੇ ਦੱਸਿਆ ਕਿ ਮੈਗੀ ਨੂਡਲਜ਼ ਦੇ ਸਾਰੇ ਪਲਾਂਟ ਸ਼ੁਰੂ ਹੋ ਚੁੱਕੇ ਹਨ। ਹਰ ਰੋਜ਼ ਮੈਗੀ ਮਸਾਲਾ ਨੂਡਲਜ਼ ਦੇ ਕਰੀਬ 64 ਲੱਖ ਪੈਕੇਟ(70 ਗ੍ਰਾਮ ਵਾਲੇ) ਵੇਚੇ ਜਾ ਰਹੇ ਹਨ ਜਦੋਂਕਿ ਮੈਗੀ ਦੇ ਮਸਾਲਾ ਮੈਜਿਕ ਦੇ 31 ਲੱਖ ਪੈਕੇਟ ਵਿਕ ਰਹੇ ਹਨ। ਗਾਹਕਾਂ ਨੇ ਫਿਰ ਤੋਂ ਸਾਡੇ ਉੱਪਰ ਵਿਸ਼ਵਾਸ ਕੀਤਾ ਹੈ ਅਤੇ ਅਸੀਂ ਉਨ੍ਹਾਂ ਦੇ ਵਿਸ਼ਵਾਸ ਨੂੰ ਤੋੜਾਂਗੇ ਨਹੀਂ।


Related News